ਸਿੱਖ ਖਬਰਾਂ

ਬਾਦਲ ਦਲ ਦੇ ਕੌਸਲਰ ਦੇ ਇਸ਼ਾਰੇ ‘ਤੇ ਹੋਲਦਾਰ ‘ਤੇ ਪੁਲਿਸ ਹਿਰਾਸਤ ‘ਚ ਤਸ਼ੱਦਦ, ਦੋਸ਼ੀ ਇੰਸਪੈਕਟਰ ਅਤੇ ਕੌਸਲਰ ਗ੍ਰਿਫਤਾਰ

August 26, 2014 | By

ਅੰਮ੍ਰਿਤਸਰ (25 ਅਗਸਤ 2014): ਬਾਦਲ ਦਲ ਦੇ ਕੌਸਲਰ ਦੇ ਇਸ਼ਾਰੇ ‘ਤੇ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇੰਸਪੈਕਟਰ ਵੱਲੋਂ ਪੰਜਾਬ ਪੁਲਿਸ ਦੇ ਹੀ ਇੱਕ ਹੌਲਦਾਰ ਤੇ ਪੁਲਿਸ ਹਿਰਾਸਤ ਵਿੱਚ ਲੈ ਕੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਤਸ਼ੱਦਦ ਦੇ ਸ਼ਿਕਾਰ ਹੌਲਦਾਰ ਦਿਲਬਾਗ ਸਿੰਘ ਵਾਸੀ ਅੰਨਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਰਵਾਏ ਜਾਂਦੇ ਮੇਲੇ ਦਾ ਉਹ ਪ੍ਰਬੰਧਕ ਹੈ ਅਤੇ ਮੇਲੇ ਸਬੰਧੀ ਛਪਾਏ ਇਸ਼ਤਿਹਾਰ ‘ਚ ਅਕਾਲੀ ਕੌਂਸਲਰ ਦੀ ਫੋਟੋ ਨਾ ਲਾਏ ਜਾਣ ਕਾਰਨ ਉਕਤ ਕੌਂਸਲਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸੇ ਰੰਜਿਸ਼ ਕਾਰਨ ਉਸ ਨੂੰ ਬੀਤੀ ਰਾਤ ਥਾਣਾ ਗੇਟ ਹਕੀਮਾ ਦੀ ਪੁਲਿਸ ਨੇ ਚੁੱਕ ਲਿਆ ਤੇ ਗੈਰ ਕਾਨੂੰਨੀ ਹਿਰਾਸਤ ‘ਚ ਰੱਖ ਕੇ ਪੁਲਿਸ ਤਸ਼ਦਦ ਕੀਤਾ।

663560__d26603060
ਪੰਜਾਬੀ ਅਖਬਾਰ ਅਜੀਤ ਅਨੁਸਾਰ ਗੈਰ ਕਾਨੂੰਨੀ ਹਿਰਾਸਤ ‘ਤੇ ਤਸ਼ਦਦ ਦੇ ਉਕਤ ਮਾਮਲੇ ‘ਚ ਥਾਣਾ ਮੁਖੀ ਸਮੇਤ 2 ਪੁਲਿਸ ਮੁਲਾਜਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਸਬੰਧਤਿ ਅਕਾਲੀ ਕੌਂਸਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਵੀ ਉਕਤ ਘਟਨਾ ਦੀ ਸਖਤ ਨੋਟਿਸ ਲਿਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਜੀ.ਪੀ. ਪੰਜਾਬ ਨੇ ਅੰਮ੍ਰਿਤਸਰ ਪੁੱਜ ਕੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ ਜਦਕਿ ਅਕਾਲੀ ਕੌਂਸਲਰ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਤੇ ਅਕਾਲੀ ਕੌਂਸਲਰਾਂ ਨੇ ਵੀ ਡੀ. ਜੀ. ਪੀ. ਨੂੰ ਮਿਲ ਕੇ ਰੋਸ ਜਤਾਇਆ ਹੈ।

ਪੁਲਿਸ ਨੇ ਇਸ ਮਾਮਲੇ ‘ਚ ਥਾਣਾ ਗੇਟ ਹਕੀਮਾਂ ਦੇ ਮੁੱਖੀ ਇੰਸਪੈਕਟਰ ਉਪਕਾਰ ਸਿੰਘ, ਹੌਲਦਾਰ ਸਤਪਾਲ ਸਿੰਘ, ਹੌਲਦਾਰ ਕੁਲਵੰਤ ਸਿੰਘ, ਹੌਲਦਾਰ ਬਲਵਿੰਦਰ ਸਿੰਘ ਤੇ ਕੌਂਸਲਰ ਦਿਲਬਾਗ ਸਿੰਘ, ਜਗਤਾਰ ਸਿੰਘ, ਜੱਗਾ, ਬਾਬਾ ਬੱਬੀ, ਗੁਰਦਾਸ ਸਿੰਘ, ਸੁੱਚਾ ਸਿੰਘ ਆਦਿ ਸਮੇਤ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ਼ ਕੀਤਾ ਸੀ।

ਇਸੇ ਦੌਰਾਨ ਆਪਣੇ ਵਕੀਲ ਕੰਵਲਜੀਤ ਸਿੰਘ ਲਾਡੀ ਰਾਹੀਂ ਲਾਈ ਜਮਾਨਤੀ ਅਰਜੀ ‘ਚ ਥਾਣਾ ਮੁਖੀ ਨੇ ਕਿਹਾ ਕਿ ਉਸ ਨੂੰ ਰਾਜਨੀਤਿਕ ਕਾਰਨਾ ਕਰਕੇ ਫਸਾਇਆ ਜਾ ਰਿਹਾ ਹੈ। ਉਸ ਦੀ ਜਮਾਨਤੀ ਅਰਜੀ ‘ਤੇ ਸੁਣਵਾਈ ਭੱਲਕੇ ਹੋਵੇਗੀ।

ਸੱਤਾਧਾਰੀ ਬਾਦਲ ਧਿਰ ਦੇ ਕੌਂਸਲਰ ਦੀ ਰੰਜਿਸ਼ ਕਾਰਨ ਪੁਲਿਸ ਵੱਲੋਂ ਕੀਤੀ ਇਕ ਹੌਲਦਾਰ ਦੀ ਕੁੱਟਮਾਰ ਦੇ ਮਾਮਲੇ ‘ਚ ਐਸ. ਸੀ. ਐਸ. ਟੀ. ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ ਹੌਲਦਾਰ ਦਿਲਬਾਗ ਸਿੰਘ ਦਾ ਪਤਾ ਲੈਣ ਲਈ ਉਨ੍ਹਾਂ ਦੇ ਘਰ ਪੁੱਜੇ ਤੇ ਵਾਪਰੀ ਘਟਨਾ ਦਾ ਸਖਤ ਨੋਟਿਸ ਲਿਆ। ਉਨ੍ਹਾਂ ਤੁਰੰਤ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨਾਲ ਗੱਲਬਾਤ ਕਰਕੇ ਸਬੰਧਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਨਿਰਦੇਸ਼ ਦਿੱਤੇ।

ਦੂਜੇ ਪਾਸੇ ਕੌਮੀ ਅਨੂਸੂਚਿਤ ਜਾਤੀ ਕਮਿਸ਼ਨ ਵੱਲੋਂ ਲਈ ਮਾਮਲੇ ਦੇ ਸਖਤ ਨੋਟਿਸ ਉਪਰੰਤ ਡੀ. ਜੀ. ਪੀ. ਸੁਮੈਧ ਸਿੰਘ ਸੈਣੀ ਨੇ ਅੱਜ ਅੰਮ੍ਰਿਤਸਰ ਪੁੱਜ ਕੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਾਣਕਾਰੀ ਮੁਤਾਬਕ ਪੁਲਿਸ ਮੁੱਖੀ ਵੱਲੋਂ ਜਾਂਚ ਲਈ ਆਈ. ਜੀ. ਬਾਰਡਰ ਰੇਂਜ ਤੇ ਪੁਲਿਸ ਮੁੱਖੀ ਮਜੀਠਾ ਦੀ ਟੀਮ ਬਣਾਈ ਗਈ ਹੈ।

ਬਾਦਲ ਦਲ ਦੇ ਕੌਂਸਲਰ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਉਪਰੰਤ ਬਾਦਲ ਦਲ ਦੇ ਸ਼ਹਿਰੀ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹਾ ਪਧਾਨ ਸ: ਉਪਕਾਰ ਸਿੰਘ ਸੰਧੂ ਤੇ ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ ਦੀ ਅਗਵਾਈ ਹੇਠ ਸਮੂਹ ਕੌਂਸਲਰ ਅੱਜ ਡੀ. ਜੀ. ਪੀ. ਪੰਜਾਬ ਸੁਮੈਧ ਸਿੰਘ ਸੈਣੀ ਨੂੰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਖੇ ਮਿਲੇ ਤੇ ਸਬੰਧਿਤ ਕੌਂਸਲਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: