ਖਾਸ ਖਬਰਾਂ

ਪੰਜਾਬ ਪੁਲਿਸ ਨੇ ਅਵਤਾਰ ਸਿੰਘ ਨੂੰ ਘਰੋਂ ਚੁੱਕ ਕੇ ‘ਖਾੜਕੂ’ ਬਣਾਇਆ: ਨਰਿੰਦਰ ਕੌਰ

April 27, 2010 | By

ਜਰਮਨੀ, 26 ਅਪ੍ਰੈਲ, 2010 : ਪੰਜਾਬ ਪੁਲਿਸ ਵਲੋਂ 18 ਅਪ੍ਰੈਲ ਨੂੰ ਖ਼ਤਰਨਾਕ ਅਤਿਵਾਦੀ ਦਸ ਕੇ ਗ੍ਰਿਫ਼ਤਾਰ ਕੀਤੇ ਅਵਤਾਰ ਸਿੰਘ ਮਟੇੜੀ ਸ਼ੇਖਾਂ ਕੀ, ਸੱਚ ਵਿਚ ਇਕ ਖ਼ਤਰਨਾਕ ਅਤਿਵਾਦੀ ਸੀ ਜਾਂ ਪੰਜਾਬ ਪੁਲਿਸ ਦੀ ਘੜੀ ਘੜਾਈ ਝੂਠੀ ਕਹਾਣੀ ਹੈ। ਸ. ਅਵਤਾਰ ਸਿੰਘ ਦੀ ਭਰਜਾਈ ਬੀਬੀ ਨਰਿੰਦਰ ਕੌਰ ਜੋ ਕਿ ਜਰਮਨੀ ਵਿਚ ਰਹਿ ਰਹੇ ਹੈ, ਨੇ ‘ਸਪੋਕਸਮੈਨ’ ਨਾਲ ਗੱਲ ਕਰਦਿਆਂ ਦਸਿਆ ਕਿ ਪੰਜਾਬ ਪੁਲਿਸ ਨੇ, ਜੋ ਅਵਤਾਰ ਸਿੰਘ ਨੂੰ ਇਕ ਖ਼ਤਰਨਾਕ ਅਤਿਵਾਦੀ ਦਸ ਕਿ ਗ੍ਰਿਫ਼ਤਾਰ ਕੀਤਾ ਹੈ ਅਸਲ ਵਿਚ ਪਿੰਡ ਮਟੇੜੀ ਸ਼ੇਖਾਂ ਥਾਣਾ ਨੰਗਲ ਜ਼ਿਲ੍ਹਾ ਅੰਬਾਲਾ ਹਰਿਆਣਾ ਦਾ ਸਧਾਰਨ ਨੌਜਵਾਨ ਹੈ ਜਿਸ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ ਪਰ ਫਿਰ ਵੀ ਪਤਾ ਨਹੀਂ ਪੰਜਾਬ ਪੁਲਿਸ ਅਵਤਾਰ ਸਿੰਘ ਨੂੰ ਕਿਉਂ ਚੁੱਕ ਕੇ ਲੈ ਗਈ ਹੈ। ਸਾਡੇ ਪਰਵਾਰ ’ਤੇ ਤਾਂ ਪੰਦਰਾਂ ਸਾਲ ਪਹਿਲਾਂ ਵੀ ਟੁਟੇ ਪੁਲਿਸ ਦੇ ਕਹਿਰ ਨੇ ਹੱਸਦੇ ਵਸਦੇ ਪਰਵਾਰ ਨੂੰ ਉਜਾੜ ਦਿਤਾ ਸੀ। ਹੁਣ ਅਵਤਾਰ ਸਿੰਘ ਦਾ ਹੀ ਮੇਰੀ ਬਿਰਧ ਬਿਮਾਰ ਸੱਸ ਤੇ ਬਾਕੀ ਪਰਵਾਰ ਨੂੰ ਸਹਾਰਾ ਸੀ ਜੋ ਪੁਲਿਸ ਤਂੋ ਬਰਦਾਸ਼ਤ ਨਾ ਹੋਇਆ ਅਤੇ ਉਸ ’ਤੇ ਝੂਠੇ ਕੇਸ ਪਾ ਕਿ ਜੇਲ੍ਹ ’ਚ ਬੰਦ ਕਰ ਦਿਤਾ ਹੈ ਤੇ ਪਿੱਛੇ ਪਰਵਾਰ ਨੂੰ ਰੁਲਣ ਲਈ ਛੱਡ ਦਿਤਾ। ਬੀਬੀ ਨਰਿੰਦਰ ਕੌਰ ਨੇ ਅਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆ ਅੱਗੇ ਦਸਿਆ ਕਿ 1995 ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਹੋਈ, ਉਸ ਤੋਂ ਬਾਅਦ ਪੁਲਿਸ ਨੇ ਸਾਡੇ ਪਰਵਾਰ ਨੂੰ ਅਪਣੇ ਤਸ਼ੱਦਦ ਦਾ ਸ਼ਿਕਾਰ ਬਣਾਉਦਿਆਂ ਸਾਡੇ ਸਾਰੇ ਪਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ’ਚ ਮੈਨੂੰ, ਮੇਰੇ ਸੋਹਰੇ ਸ. ਮਲਕ ਸਿੰਘ, ਮੇਰੀ ਮਾਸੀ ਸੱਸ ਕੈਲਾਸ਼ ਕੌਰ ਮੇਰੀ ਨਣਦ ਮਹਿੰਦਰ ਕੌਰ ਉਸ ਦੇ ਪਤੀ ਗਿਆਨੀ ਸ਼ੇਰ ਸਿੰਘ ਤੇ ਸਾਡੇ ਨਾਲ ਹੀ ਪਿੰਡ ਖਾਸਪੁਰ ਅੰਬਾਲੇ ਦੇ ਤਿੰਨ ਭਰਾਵਾਂ ਹਾਕਮ ਸਿੰਘ, ਗੁਰਜੀਤ ਸਿੰਘ ਤੇ ਕੁਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸਾਡੇ ਸਾਰਿਆਂ ’ਤੇ ਪੁਲਿਸ ਨੇ ਅੰਨ੍ਹਾਂ ਤਸ਼ੱਦਦ ਕੀਤਾ। ਕਈ ਵੱਖ-ਵੱਖ ਥਾਣਿਆਂ ’ਚ ਰੱਖ ਕਿ ਤਸੀਹੇ ਦਿਤੇ ਤੇ ਸਾਡੇ ਕੋਲੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਉਸ ਦੇ ਸਾਥੀਆਂ ਬਾਰੇ ਪੁੱਛਦੇ ਪਰ ਸਾਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਰ ਸਾਨੂੰ ਸਾਰਿਆਂ ਨੂੰ ਵੱਖ-ਵੱਖ ਕੇਸ ਪਾ ਕੇ ਜੇਲ ਭੇਜ ਦਿਤਾ। ਮੇਰੇ ਤੇ ਦੋ ਪਿਸਤੌਲਾਂ ਪਾ ਕੇ ਮੈਨੂੰ, ਮੇਰੇ ਪਤੀ ਪ੍ਰਸ਼ੋਤਮ ਸਿੰਘ ਦੇ ਘਰੋਂ ਨਾ ਮਿਲਣ ਕਾਰਨ ਚੁੱਕ ਕੇ ਲੈ ਗਏ ਸਨ। ਜੱਜ ਨੇ ਮੈਨੂੰ ਤਿੰਨ ਸਾਲ ਦੀ ਸਜ਼ਾ ਸੁਣਾ ਦਿਤੀ। ਇਸੇ ਤਰ੍ਹਾਂ ਮੇਰੀ ਮਾਸੀ ਸੱਸ ਨੂੰ ਵੀ ਸਾਢੇ ਤਿੰਨ ਸਾਲ ਦੀ ਸਜ਼ਾ ਕਰ ਦਿਤੀ। ਮੇਰੇ ਸੋਹਰੇ ਸ. ਮਲਕ ਸਿੰਘ ਤੇ ਹਾਕਮ ਸਿੰਘ, ਗੁਰਜੀਤ ਸਿੰਘ ਤੇ ਕੁਲਜੀਤ ਸਿੰਘ ਨੂੰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਇਕ ਕੇਸ ’ਚ ਦਸ ਦਸ ਸਾਲ ਸਜ਼ਾ ਕਰ ਦਿਤੀ । 22 ਫ਼ਰਵਰੀ 2010 ਨੂੰ ਮਲਕ ਸਿੰਘ ਤੇ ਦੂਜੇ ਤਿੰਨੇ ਭਰਾਵਾਂ ਦੀ ਜੱਜ ਨੇ ਜਮਾਨਤ ਮਨਜ਼ੂਰ ਕਰ ਕਿ 29 ਫ਼ਰਵਰੀ ਨੂੰ ਹੀ ਰਿਹਾਅ ਕੀਤਾ ਸੀ ਤੇ 16 ਅਪ੍ਰੈਲ ਨੂੰ ਹੀ ਪੰਜਾਬ ਪੁਲਿਸ ਸਾਡੇ ਪਰਵਾਰ ’ਤੇ ਫਿਰ ਕਹਿਰ ਢਾਉਣ ਆ ਧਮਕੀ ਬੀਬੀ ਨਰਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ 16 ਅਪ੍ਰੈਲ ਨੂੰ ਚੰਡੀਗੜ੍ਹ ਤਂੋ ਪੰਜਾਬ ਪੁਲਿਸ ਸਾਡੇ ਘਰ ਆਈ ਤੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਜਾਣਾ ਚਾਹੁੰਦੀ ਸੀ ਪਰ ਸਾਡੇ ਪਿੰਡ ਦੀ ਪੰਚਾਇਤ ਨੇ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਤੇ ਹਰਿਆਣਾ ਪੁਲਿਸ ਦੀ ਟੀਮ ਥਾਣਾ ਨੰਗਲ ਜ਼ਿਲ੍ਹਾ ਅੰਬਾਲਾ ਤੋਂ ਪਹੁੰਚੀ। ਉਨ੍ਹਾਂ ਪੰਜਾਬ ਪੁਲਿਸ ਨੂੰ ਅਵਤਾਰ ਸਿੰਘ ਦੇ ਠੀਕ ਚਾਲ ਚੱਲਣ ਦੀ ਰਿਪੋਰਟ ਦਿਤੀ ਤੇ ਜੇਕਰ ਕੁਝ ਪੁੱਛਣਾ ਹੈ ਤਾਂ ਨੰਗਲ ਥਾਣੇ ’ਚ ਪੁਛਗਿਛ ਕੀਤੀ ਜਾ ਸਕਦੀ ਹੈ, ਇਸ ਤਰ੍ਹਾਂ 16 ਤੇ 17 ਅਪ੍ਰੈਲ ਦੋ ਦਿਨ ਪਿੰਡ ਦੀ ਪੰਚਾਇਤ ਅਵਤਾਰ ਸਿੰਘ ਨੂੰ ਥਾਣਾ ਨੰਗਲ ਲੈ ਕੇ ਜਾਂਦੀ ਰਹੀ ਤੇ 17 ਅਪ੍ਰੈਲ ਸ਼ਾਮੀ ਪੰਜਾਬ ਪੁਲਿਸ ਦੇ ਅਧਿਕਾਰੀ ਇਹ ਕਹਿਣ ਲੱਗੇ ਕਿ ਅਵਤਾਰ ਸਿੰਘ ਨੂੰ ਲੈ ਕੇ ਜਾਣਾ ਪੈਣਾਂ ਹੈ ਇਕ ਦੋ ਦਿਨਾਂ ਤਕ ਵਾਪਸ ਪਿੰਡ ਭੇਜ ਦਿਤਾ ਜਾਵੇਗਾ, ਫਿਰ ਪਿੰਡ ਦੀ ਪੰਚਾਇਤ ਨੇ ਥਾਣਾ ਨੰਗਲ ਤੇ ਪੰਜਾਬ ਪੁਲਿਸ ਨਾਲ ਲਿਖਤੀ ਕੀਤਾ ਕਿ ਅਵਤਾਰ ਸਿੰਘ ਆਪ ਪੁਲਿਸ ਕੋਲ ਥਾਣਾ ਨੰਗਲ ਵਿਖੇ ਆਇਆ ਹੈ ਉਸ ਨੂੰ ਕਿਸੇ ਹੋਰ ਜਗ੍ਹਾਂ ਤੋਂ ਗ੍ਰਿਫ਼ਤਾਰ ਨਹੀ ਕੀਤਾ। ਇਹ ਸਭ ਹੋਣ ਦੇ ਬਾਵਜੂਦ ਪੁਲਿਸ ਨੇ ਅਵਤਾਰ ਸਿੰਘ ਨੂੰ ਖ਼ਤਰਨਾਕ ਅਤਿਵਾਦੀ ਦੱਸ ਕਿ ਉਸ ’ਤੇ ਕਈ ਝੂਠੇ ਕੇਸ ਪਾ ਕਿ ਉਸ ਦੀ ਗ੍ਰਿਫ਼ਤਾਰੀ ਪਾ ਦਿਤੀ। ਨਰਿੰਦਰ ਕੌਰ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਸਾਡੇ ਪਰਵਾਰ ਨੂੰ ਅੰਮ੍ਰਿਤਧਾਰੀ ਅਤੇ ਗੁਰਸਿੱਖ ਪਰਵਾਰ ਹੋਣ ਦੀ ਸਜ਼ਾ ਦੇ ਰਹੀ ਹੈ। ਉਸ ਨੇ ਦੱਸਿਆ ਕਿ 1995 ਤੋਂ ਉਸ ਦਾ ਪਤੀ ਪੁਲਿਸ ਤੋਂ ਡਰਦਾ ਘਰੋਂ ਬੇਘਰ ਹੋਇਆ ਅਪਣੀ ਜਾਨ ਬਚਾਉਂਦਾ ਫਿਰ ਰਿਹਾ ਹੈ। ਉਸ ਨੇ ਕਿਹਾ ਅਸੀਂ ਅਪਣੀ ਜਾਨ ਬਚਾਉਦਂੇ ਵਿਦੇਸ਼ਾਂ ’ਚ ਧੱਕੇ ਖਾ ਰਹੇ ਹਾਂ ਪਰ ਪੰਜਾਬ ਪੁਲਿਸ ਫਿਰ ਵੀ ਸਾਡੇ ਪਰਵਾਰਾਂ ’ਤੇ ਤਸ਼ੱਦਦ ਕਰ ਰਹੀ ਹੈ ਉਸ ਨੇ ਸਮੂਹ ਪੰਥ ਦਰਦੀਆਂ ਅਤੇ ਪੰਜਾਬੀ ਮੀਡੀਏ ਨੂੰ ਅਪੀਲ ਕੀਤੀ ਕਿ, ਉਹ ਸਚਾਈ ਲੋਕਾਂ ਸਾਹਮਣੇ ਲੈ ਕਿ ਆਵੇ ਤਾਂ ਜੋ ਸਾਡੀ ਤਰ੍ਹਾਂ ਹੋਰ ਲੋਕ ਪੁਲਿਸ ਦੇ ਜੁਲਮ ਦਾ ਸ਼ਿਕਾਰ ਹੋਣੇ ਬਚ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: