ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ

ਖਾਸ ਖਬਰਾਂ

ਬੰਗਾ ਗ੍ਰਿਫਤਾਰੀਆਂ: 2 ਨਾਬਾਲਗਾਂ ਨੂੰ ਮਿਲੀ ਜਮਾਨਤ; 4 ਦੇ ਪੁਲਿਸ ਰਿਮਾਂਡ ਵਿੱਚ 2 ਦਿਨਾਂ ਦਾ ਵਾਧਾ

By ਸਿੱਖ ਸਿਆਸਤ ਬਿਊਰੋ

April 08, 2018

ਨਵਾਂਸ਼ਹਿਰ: ਬੰਗਾ ਪੁਲਿਸ ਵਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ 6 ਨੌਜਵਾਨਾਂ ਵਿਚੋਂ 2 ਨਬਾਲਗ ਨੌਜਵਾਨਾਂ ਨੂੰ ਬੀਤੇ ਕਲ੍ਹ ਜ਼ਮਾਨਤ ਦੇ ਦਿੱਤੀ ਗਈ ਜਦਕਿ ਬਾਕੀ 4 ਨੌਜਵਾਨਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਨੌਜਵਾਨਾਂ ਵਲੋਂ ਅਦਾਲਤ ਵਿਚ ਪੇਸ਼ ਹੋਏ ਵਕੀਲ ਬੀ.ਐਸ. ਰਿਆੜ ਨੇ ਕਿਹਾ ਕਿ ਪੁਲਿਸ ਵੱਡੇ ਦਾਅਵੇ ਕਰਕੇ ਨੌਜਵਾਨਾਂ ਨੂੰ ਕੇਸ ਵਿਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਘੜੀ ਕਹਾਣੀ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਜਦੋਂ 2 ਅਪ੍ਰੈਲ ਨੂੰ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਕੋਲ ਇਹਨਾਂ ਨੌਜਵਾਨਾਂ ਖਿਲਾਫ ਕੁਝ ਨਹੀਂ ਸੀ ਅਤੇ ਹੁਣ ਚਾਰ ਦਿਨਾਂ ਦੇ ਰਿਮਾਂਡ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਬਰਾਮਦਗੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹਨਾਂ ਹਾਲਾਤਾਂ ਵਿਚ ਰਿਮਾਂਡ ਵਧਾਉਣ ਦਾ ਕੋਈ ਤਰਕ ਨਹੀਂ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਗੱਲ ਨੂੰ ਦਰਕਿਨਾਰ ਕਰਦਿਆਂ ਹੋਰ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ।

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦਾ ਸਬੰਧ ਆਈ.ਐਸ.ਆਈ ਨਾਲ ਹੈ, ਜੋ ਮਲੇਸ਼ੀਆ ਤੋਂ ਕੋਈ ਦੀਪ ਕੌਰ ਨਾਮੀ ਔਰਤ ਦੀਆਂ ਹਦਾਇਤਾਂ ‘ਤੇ ਕੰਮ ਕਰ ਰਹੇ ਸਨ।

ਪੁਲਿਸ ਅਨੁਸਾਰ ਇਹਨਾਂ ਨੌਜਵਾਨਾਂ ਨੂੰ 2 ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਗਸ਼ਤ ਕਰ ਰਹੀ ਪੁਲਿਸ ਪਾਰਟੀ ਵਲੋਂ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਇਹਨਾਂ ਕੋਲ ਮਿੱਟੀ ਦਾ ਤੇਲ ਅਤੇ ਤੀਲਾਂ ਦੀ ਡੱਬੀ ਸੀ। ਇਸ ਅਧਾਰ ‘ਤੇ ਹੀ ਪੁਲਿਸ ਵਲੋਂ ਭਾਰਤੀ ਪੈਨਲ ਕੋਡ ਦੀ ਧਾਰਾ 436 ਅਤੇ 511 ਅਧੀਨ ਐਫ.ਆਈ.ਆਰ ਨੰਬਰ 26/2018 ਦਰਜ ਕੀਤੀ ਗਈ।

ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਨੌਜਵਾਨ ਇਲਾਕੇ ਵਿਚ ਰੈਫਰੈਂਡਮ 2020 ਅਤੇ ਖਾਲਿਸਤਾਨ ਦੇ ਛਾਪੇ ਦੀਵਾਰਾਂ ‘ਤੇ ਲਾਉਂਦੇ ਸਨ।

ਪੁਲਿਸ ਨੇ ਖਾਲਿਸਤਾਨ ਦੇ ਨਾ ‘ਤੇ ਡਰ ਪੈਦਾ ਕਰਨ ਲਈ ਨੌਜਵਾਨ ਗ੍ਰਿਫਤਾਰ ਕੀਤੇ: ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੇ ਨਾ ‘ਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਪੁਲਿਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੇ ਨਾਂ ‘ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੀ ਹੈ ਤੇ ਪੁਲਿਸ ਖਾਲਿਸਤਾਨ ਦੀ ਮੰਗ ਨੂੰ ਬਦਨਾਮ ਕਰਨਾ ਚਾਹੁੰਦੀ ਹੈ।

ਉਨ੍ਹਾਂ ਰੈਫਰੈਂਡਮ 2020 ਮੁਹਿੰਮ ਦੇ ਪ੍ਰਬੰਧਕਾਂ ਦੀ ਵੀ ਨਿਖੇਧੀ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਮੁਹਿੰਮ ਸਬੰਧੀ ਸਿੱਖਾਂ ਨੂੰ ਪ੍ਰਬੰਧਕਾਂ ਵਲੋਂ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਰੈਫਰੈਂਡਮ 2020 ਮੁਹਿੰਮ ਪ੍ਰਤੀ ਸ਼ੰਕਾ ਪ੍ਰਗਟ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: