ਨਵੀਂ ਦਿੱਲੀ (11 ਅਗਸਤ, 2015 ): ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੂੰ ਉਨ੍ਹਾਂ ਦੇ ਸਵਰਾਜ ਅਭਿਆਨ ਦੇ 85 ਵਲੰਟੀਅਰਾਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ, ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਮਾਮਲੇ ‘ਚ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਉਪਰੰਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ ਕਰਨ ਦੀ ਯੋਜਨਾ ਬਣਾ ਰਹੇ ਸਨ।
ਕਰੀਬ 14 ਘੰਟੇ ਪੁਲਿਸ ਹਿਰਾਸਤ ‘ਚ ਰੱਖਣ ਪਿੱਛੋਂ ਰਿਹਾਅ ਹੋਣ ‘ਤੇ ਯੋਗੇਂਦਰ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਹਿਰਾਸਤ ਦੌਰਾਨ ਐਸ. ਐਚ. ਓ. ਨੇ ਉਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਮਾਮਲੇ ‘ਚ ਪੁਲਿਸ ਕੋਲੋਂ ਰਿਪੋਰਟ ਤਲਬ ਕਰਨ ।
ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਸਨ ਕਿ ਪੁਲਿਸ ਵੱਲੋਂ ਯਾਦਵ ਤੇ ਵਲੰਟੀਅਰਾਂ ਨਾਲ ਹੱਥੋਪਾਈ ਕੀਤੀ ਗਈ ਹੈ, ਜਿਸ ਦਾ ਖੰਡਨ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਾਵਧਾਨੀ ਵਜੋਂ ਹਿਰਾਸਤ ‘ਚ ਲਿਆ ਗਿਆ ਹੈ ਕਿਉਂਕਿ ਉਹ ਸਖ਼ਤ ਸੁਰੱਖਿਆ ਵਾਲੇ ਖੇਤਰ ‘ਚ ਬਿਨਾ ਆਗਿਆ ਤੋਂ ਰੈਲੀ ਕਰਨ ਦੀ ਯੋਜਨਾ ਬਣਾ ਰਹੇ ਸਨ ।
ਯੋਗੇਂਦਰ ਯਾਦਵ ਤੇ ਹੋਰਾਂ ਨੂੰ ਅੱਜ ਸਵੇਰੇ ਤੜਕੇ 1.30 ਵਜੇ ਗਿ੍ਫਤਾਰ ਕੀਤਾ ਗਿਆ ਸੀ । ਦਿੱਲੀ ‘ਚ ਉਨ੍ਹਾਂ ਨੂੰ 2 ਦਿਨ ਤੱਕ ਪ੍ਰਦਰਸ਼ਨ ਕਰਨ ਦੀ ਆਗਿਆ ਮਿਲੀ ਸੀ । ਪ੍ਰਦਰਸ਼ਨਕਾਰੀ ਦਿੱਲੀ ਦੇ ਰੇਸ ਕੋਰਸ ‘ਤੇ ਵੀ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਸਨ ।