Site icon Sikh Siyasat News

ਸਿੱਖਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਕਰਨ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ: ਕਸ਼ਮੀਰੀ ਆਗੂ ਯਾਸੀਨ ਮਲਿਕ

Yasinਜੰਮੂ-ਕਸ਼ਮੀਰ (21 ਸਤੰਬਰ, 2014): ਕਸ਼ਮੀਰ ਦੀ ਅਜ਼ਾਦੀ ਲਈ ਹਥਿਆਰਬੰਦ ਲੜਾਈ ਲੜਨ ਤੋਂ ਬਾਅਦ ਕਸ਼ਮੀਰੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਯਾਸੀਨ ਮਲਿਕ ਨੇ ਅੱਜ ਸ਼ਹੀਦ ਬੁੰਗਾ ਦਰਜਲਾ ਬਾਗਾਤ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਕੈਂਪ ਦਾ ਦੌਰਾ ਕੀਤਾ।

ਉਨ੍ਹਾਂ ਨੇ ਸਿੱਖ ਕੌਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਬਿਪਤਾ ਦੀ ਘੜੀ ‘ਚ ਪੀੜਤਾਂ ਦੀ ਸਹਾਇਤਾ ਕੀਤੀ ਹੈ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਜੰਮੂ-ਕਸ਼ਮੀਰ ‘ਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਸਿੱਖਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਏ ਲੰਗਰਾਂ ਅਤੇ ਬਿਨਾਂ ਵਿਤਕਰੇ ਦਿੱਤੀ ਰਾਹਤ ਸਮੱਗਰੀ ਤੋਂ ਸਾਹਮਣੇ ਆਈ ਹੈ।

ਯਾਸੀਨ ਮਲਿਕ ਨੇ ਲਿਖਤੀ ਤੌਰ ‘ਤੇ ਸ਼੍ਰੋਮਣੀ ਕਮੇਟੀ ਤੋਂ ਉਨ੍ਹਾਂ ਵੱਲੋਂ ਮੁਸਲਿਮ ਭਰਾਵਾਂ ਲਈ ਚਲਾਏ ਜਾ ਰਹੇ 21 ਰਾਹਤ ਕੈਂਪਾਂ ਲਈ ਰਾਹਤ ਸਮੱਗਰੀ ਦੀ ਮੰਗ ਕੀਤੀ, ਜਿਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੇ ਭਰੋਸਾ ਦਿੱਤਾ ਕਿ ਉਹ ਕਸ਼ਮੀਰੀ ਮੁਸਲਿਮ ਭਰਾਵਾਂ ਲਈ ਦਾਲ-ਚੌਲ ਤੋਂ ਇਲਾਵਾ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣਗੇ। ਇਸ ਸਮੇਂ ਉਨ੍ਹਾਂ ਮੁਸਲਿਮ ਭਰਾਵਾਂ ਲਈ ਗਰਮ ਕੰਬਲ ਅਤੇ ਬਿਸਕੁਟਾਂ ਦੇ ਪੈਕਟ ਵੀ ਭੇਜੇ।

ਯਾਸੀਨ ਮਲਿਕ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਇਸ ਮਦਦ ਲਈ ਸਿੱਖਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਮੁਸੀਬਤ ਦੀ ਇਸ ਘੜੀ ‘ਚ ਭਾਈਚਾਰਕ ਸਾਂਝ ਹੀ ਸਭ ਤੋਂ ਵੱਡਾ ਗੁਣ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version