ਲੰਡਨ (28 ਅਕਤੂਬਰ, 2015): ਬਰਤਾਨੀਆਂ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਪਹਿਲੀ ਨਵੰਬਰ ਨੂੰ ਬੁਲਾਏ ਗਏ ਵਿਸ਼ਵ ਸਿੱਖ ਸੰਮੇਲਨ ਵਿੱਚ ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਸਥਾਪਤ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪੁੱਜ ਰਹੇ ਹਨ ।
ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ ਤਿੰਨ ਵਜੇ ਤੋਂ ਸੱਤ ਵਜੇ ਤੱਕ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਪੁੱਜੇ ਨੁਮਾਇੰਦਿਆਂ ਦਾ ਡੈਲੀਗੇਟਸ ਅਜਲਾਸ ਹੋਵੇਗਾ ,ਜਿਸ ਵਿੱਚ ਪੰਥ ਦੋਖੀਆਂ ਵਲੋਂ ਪਿਛਲੇ ਕੁੱਝ ਅਰਸੇ ਤੋਂ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਕੀਤੀ ਜਾ ਰਹੀਤੇ ਬੇਅਦਬੀ ਦਾ ਸਥਾਈ ਹੱਲ ਲੱਭਣ ,ਸਿੱਖ ਹੱਕਾਂ ਹਿੱਤਾਂ ਦੀ ਪੂਰਤੀ ਅਤੇ ਕੌਮੀ ਅਜਾਦੀ ਲਈ ਚੱਲ ਰਹੇ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਦੀ ਪ੍ਰਚੰਡਤਾ ,ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਲੋਂ ਇਸ ਵਿੱਚ ਯੋਗਦਾਨ ਪਾਉਣ ,ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਭਾਰਤੀ ਨਿਜ਼ਾਮ ਵਲੋਂ ਢਾਅ ਲਗਾਉਣ ਦੇ ਯਤਨਾਂ ਨੂੰ ਠੱਲ੍ਹ ਪਾਉਣ ਅਤੇ ਜਥੇਦਾਰਾਂ ਦੇ ਨਿਯੁਕਤੀ ਸਮੇਤ ਦਰਪੇਸ਼ ਪੰਥਕ ਮੁੱਦੇ ਵਿਚਾਰੇ ਜਾਣਗੇ ।
ਪਹਿਲੀ ਨਵੰਬਰ ਐਤਵਾਰ ਨੂੰ ਵਿਸ਼ਾਲ ਸਿੱਖ ਸੰਮੇਲਨ ਹੋਵੇਗਾ । ਫੈਡੇਰਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ । ਅੱਜ ਸਮੇਂ ਦੀ ਲੋੜ ਹੈ ਕਿ ਛੋਟੇ ਮੋਟੇ ਆਪਸੀ ਮੱਤਭੇਦ, ਵਿਚਾਰਾਂ ਦੇ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਪੂਰਨ ਏਕਤਾ ਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਕਿ ਸਿੱਖ ਦੁਸ਼ਮਣਾਂ ਦੀ ਕੁਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ ।