March 10, 2018 | By ਸਿੱਖ ਸਿਆਸਤ ਬਿਊਰੋ
ਨਿਊਯਾਰਕ/ਚੰਡੀਗੜ੍ਹ: ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਬੀਤੀ 3 ਮਾਰਚ ਨੂੰ ਵਿਸ਼ਵ ਸਿੱਖ ਕਨਵੈਂਸ਼ਨ ਕਰਵਾਈ ਗਈ। ਪ੍ਰਬੰਧਕਾਂ ਵਲੋਂ ਜਾਰੀ ਲਿਖਤੀ ਬਿਆਨ ਅਨੁਸਾਰ ਇਸ ਕਨਵੈਂਸ਼ਨ ਨੂੰ ਸਿੱਖਾਂ ਦਾ ਭਰਵਾਂ ਹੁੰਗਾਰਾ ਮਿਲਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਸਿੱਖ ਪਾਰਲੀਮੈਂਟ ਵਾਸਤੇ 16 ਦੇਸ਼ਾਂ ਦੇ ਨੁਮਾਂਇੰਦਿਆਂ ਦੇ ਨਾਂ ਪਹੁੰਚੇ ਹਨ। ਜਥੇਦਾਰ ਜਗਤਾਰ ਸਿੰਘ ਹਵਾਰਾ ਇਸ ਸਾਲ ਵਿਸਾਖੀ ‘ਤੇ ਪੰਜਾਬ ਅਤੇ ਬਾਕੀ ਭਾਰਤ ਦੇ ਨੁਮਾਂਇੰਦਿਆਂ ਦੀ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ ਕਰਨਗੇ।
ਬਿਆਨ ਵਿਚ ਕਿਹਾ ਗਿਆ ਹੈ ਕਿ, “ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਸਦੀਵੀ ਅਤੇ ਢੁਕਵੇਂ ਹੱਲ ਕੱਢਣ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਦਾ ਐਲਾਨ ਅਗਸਤ 2017 ਨੂੰ ਬਰਮਿੰਘਮ ਯੂ. ਕੇ. ਵਿਖੇ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨਾ ਕਿਸੇ ਦੇਰ ਦੇ ਨੇਪਰੇ ਚੜ੍ਹਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ਵਿੱਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ , ਸਿੱਖ ਜਥੇਬੰਦੀਆਂ ਅਤੇ ਗੁਰੁ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ ਤਾਂ ਜੋ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ, ਸੇਧ-ਅਗਵਾਈ ਅਨੁਸਾਰ ਅੱਗੇ ਉਸਾਰੂ ਕਦਮ ਚੱਕੇ ਜਾ ਸਕਣ। ਸੇਵਾਦਾਰਾਂ ਦੀ ਲਗਨ ਅਤੇ ਦਿਨ ਰਾਤ ਕੀਤੀ ਮਿਹਨਤ ਸਦਕਾ ਗੁਰਸਿੱਖਾਂ ਦਾ ਆਇਆ ਹੜ ਇਤਿਹਾਸਕ ਹੋ ਨਿਬੜਿਆ।”
ਦੁਨੀਆਂ ਭਰ ਦੇ ਮੁਲਕਾਂ ਤੋਂ ਹਮ ਹਮਾ ਕੇ ਪਹੁੰਚੇ ਸਿੰਘਾਂ ਅਤੇ ਸਿੰਘਣੀਆਂ ਨੇ ਇਸ ਏਕਤਾ ਪ੍ਰਤੀਕ ਕਾਰਜ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵਧ ਚੜ੍ਹ ਕੇ ਹਾਜ਼ਰੀਆਂ ਲਗਵਾਈਆਂ। ਦੂਰ ਦੁਰੇਡੇ ਮੁਲਕਾਂ ਅਸਟ੍ਰੇਲੀਆ, ਨਿਊਜ਼ੀਲੈਂਡ, ਭਾਰਤੀ ਪੰਜਾਬ, ਜਰਮਨ, ਹਾਲੈਂਡ,ਇਟਲੀ, ਕੈਨੇਡਾ,ਅਤੇ ਅਮਰੀਕਾ ਤੋਂ ਪਹੁੰਚ ਕੇ ਫ਼ੌਜਾਂ ਨੇ ਅਪਣੇ ਅਮੁੱਲੇ ਵਿਚਾਰਾਂ ਦੀ ਸਾਂਝ ਪਾਈ। ਵਰਣਨ ਯੋਗ ਹੈ ਕਿ ਦੋਨੋ ਦਿਨ ਕਰੀਬ 6 ਘੰਟੇ ਲਗਾਤਾਰ ਅਣਮੁੱਲੇ ਵਿਚਾਰਾਂ ਦੀ ਸਾਂਝ ਚਲਦੀ ਰਹੀ। ਬੀਬੀਆਂ ਵੱਲੋਂ ਖ਼ਾਸ ਕਰ ਕੇ ਚੜ੍ਹਦੀ ਕਲਾ ਵਾਸਤੇ ਬਹੁਤ ਹੀ ਕੀਮਤੀ ਸੁਝਾ ਦਿੱਤੇ ਗਏ। ਇਸ ਵੇਲੇ ਐਲਾਨ ਕੀਤਾ ਗਿਆ ਕਿ ਪੰਜਾਬ ਦੀ 15 ਮੈਂਬਰੀ ਕਮੇਟੀ ਦਾ ਵਿਸਾਖੀ ਤੇ ਐਲਾਨ ਕੀਤਾ ਜਾਵੇਗਾ।
ਪ੍ਰੋਗਰਾਮ ਦੀ ਸ਼ੁਰੂਆਤ ਸਿਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰ ਕੇ ਕੀਤੀ ਗਈ ਜਿਸ ਮਗਰੋਂ ਵਕੀਲ ਅਮਰ ਸਿੰਘ ਚਾਹਲ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ।
ਡਾ. ਰਣਜੀਤ ਸਿੰਘ ਨੇ ਭਾਈ ਹਰਪਾਲ ਸਿੰਘ ਚੀਮਾ ਮੁਖੀ ਦਲ ਖਾਲਸਾ ਦਾ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਇਆ। ਭਾਈ ਰਾਮ ਸਿੰਘ ਦਮਦਮੀ ਟਕਸਾਲ, ਭਾਈ ਜੁਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਸਤਨਾਮ ਸਿੰਘ ਖੰਡਾ- ਪੰਜ ਸਿੰਘ, ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਸਤਿਕਾਰ ਕਮੇਟੀ ਵੈਨਕੂਵਰ, ਰਣਜੀਤ ਸਿੰਘ ਸਰਾਏ ਅਤੇ ਅਮਰੀਕ ਸਿੰਘ ਸਹੋਤਾ (ਕਾਂਊਸਲ ਆਫ਼ ਖ਼ਾਲਿਸਤਾਨ, ਯੂਕੇ), ਅਤਿੰਦਰਪਾਲ ਸਿੰਘ, ਨਵਕਿਰਨ ਸਿੰਘ ਵਕੀਲ ਚੰਡੀਗੜ੍ਹ, ਜੇ. ਐੱਸ ਆਹਲੂਵਾਲੀਆ,ਚੰਡੀਗੜ੍ਹ, ਬਲਜੀਤ ਸਿੰਘ ਖ਼ਾਲਸਾ, ਵੰਗਾਰ ਮੈਗਜ਼ੀਨ, ਜਸਦੇਵ ਸਿੰਘ ਮੈਂਬਰ ਸੁਪਰੀਮ ਕੌਂਸਲ ਫਰੀਮੋਂਟ, ਅਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਭੇਜੀਆਂ ਜੋ ਕਿ ਸੰਗਤਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ।
ਵਿਸ਼ਵ ਸਿੱਖ ਕਨਵੈਂਸ਼ਨ ਦੇ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਸਿੱਖਾਂ ਵਾਸਤੇ ਅਪਣੇ ਆਜ਼ਾਦ ਘਰ ਖ਼ਾਲਿਸਤਾਨ ਦੀ ਪਰਾਪਤੀ ਅਤਿਅੰਤ ਜ਼ਰੂਰੀ ਹੈ। ਭਾਰਤ ਵਿਚ ਮਜ਼ਦੂਰ, ਅਨੁਸੂਚਿਤ ਤੇ ਪਛੜੀਆਂ ਜਾਤਾਂ ਸਿੱਖਾਂ ਅਤੇ ਹੋਰ ਘਟ ਗਿਣਤੀ ਦੇ ਵਸਨੀਕਾਂ ਵਾਸਤੇ ਕੋਈ, ਦਲੀਲ, ਵਕੀਲ ਜਾਂ ਅਪੀਲ ਨਹੀਂ ਹੈ ਅਤੇ ਹਿੰਦੂਤਵਾ ਦੇ ਰਾਜ ਅੰਦਰ ਜੀਵਨ ਗ਼ੁਲਾਮਾਂ ਤੋਂ ਵੀ ਬਦਤਰ ਹੈ ਅਤੇ ਕੀਤੇ ਜਾ ਰਹੇ ਉਪਰਾਲੇ ਵਜੋਂ ਵਰਲਡ ਸਿੱਖ ਪਾਰਲੀਮੈਂਟ ਹੀ ਇੱਕ ਰੌਸ਼ਨੀ ਦੀ ਪ੍ਰਤੀਕ ਹੋਵੇਗੀ। ਗਹਿਮਾ ਗਹਿਮੀ ਦੇ ਮਾਹੌਲ ਵਿੱਚ ਹਰ ਇੱਕ ਬੁਲਾਰੇ ਦਾ ਫ਼ੈਸਲਾ ਇਸ ਸੰਸਥਾ ਨੂੰ ਜਲਦੀ ਤੋਂ ਜਲਦੀ ਹੋਂਦ ਵਿਚ ਲਿਆਉਣ ਦੇ ਹੱਕ ਵਿਚ ਸੀ। ਉਹ ਹਰ ਤਰ੍ਹਾਂ ਇਸ ਕੌਂਮੀ ਕਾਰਜ ਨੂੰ ਬਿਨਾ ਕਿਸੇ ਦੇਰ ਦੇ ਸਿਰੇ ਚੜ੍ਹਿਆ ਦੇਖਣਾ ਚਾਹੁੰਦੇ ਸਨ।
ਦੁਪਿੰਦਰਜੀਤ ਸਿੰਘ ਯੂ. ਕੇ. ਨੇ 13 ਮੈਂਬਰਾਂ ਦੇ ਯੂ.ਕੇ ਤੋਂ ਅਤੇ ਜਸਵਿੰਦਰ ਸਿੰਘ ਹਾਲੈਂਡ ਨੇ 14 ਮੈਂਬਰਾਂ ਦੇ ਨਾਮ ਯੂਰਪ ਤੋਂ ਗਿਣ ਕੇ ਦੱਸੇ। ਭਾਈ ਅਮਰਦੀਪ ਸਿੰਘ ਯੂ. ਐੱਸ.ਏ ਨੇ ਸਟੇਜ ਸੰਭਾਲੀ ਅਤੇ ਬੁਲਾਰਿਆਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਲਗਾਤਾਰ ਹਰ ਰੋਜ 5 ਘੰਟਿਆਂ ਤੋਂ ਵਧ ਸੇਵਾ ਬਾਖ਼ੂਬੀ ਨਿਭਾਈ। ਭਾਈ ਹਿੰਮਤ ਸਿੰਘ ਯੂ.ਐੱਸ. ਏ ਨੇ ਦੂਰੋਂ ਨੇੜਿਉਂ 300 ਤੋਂ ਵਧ ਹੁੱਮ ਹਮਾ ਕੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਦਸਿਆ ਕਿ ਕੁਲ ਮੈਂਬਰਾਂ ਦੀ ਗਿਣਤੀ ਵਧ ਕੇ 94 ਤਕ ਪਹੁੰਚ ਗਈ ਹੈ। ਸੰਗਤਾਂ ਨੇ ਜੈਕਾਰਿਆਂ ਨਾਲ ਇਸ ਦਾ ਸਵਾਗਤ ਕੀਤਾ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਥੇਦਾਰ ਹਵਾਰਾ ਜੀ ਵੱਲੋਂ ਭੇਜੇ ਸੰਦੇਸ਼ ਅਨੁਸਾਰ ਪੰਜਾਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰਨ ਲਈ ਕਮੇਟੀ ਦਾ ਐਲਾਨ ਖ਼ਾਲਸਾ ਸਿਰਜਨਾ ਦਿਵਸ ਤਕ ਕਰ ਦਿੱਤਾ ਜਾਵੇ ਗਾ ਤਾਂ ਕਿ ਇਸ ਜਥੇਬੰਦੀ ਬੰਦੀ ਨੂੰ ਬਿਨਾ ਕਿਸੇ ਦੇਰ ਦੇ ਹੋਂਦ ਵਿੱਚ ਲਿਆਇਆ ਜਾ ਸਕੇ। ਸੰਸਾਰ ਭਰ ਤੋਂ ਦੋਨਾਂ ਦਿਨ ਹਾਜ਼ਰੀ ਭਰਨ ਵਾਲੇ ਸਿੰਘ ਸਿੰਘਣੀਆਂ ਨੇ ਲਗਾਤਾਰ ਹਾਜ਼ਰੀਆਂ ਭਰ ਕੇ ਚੜ੍ਹਦੀ ਕਲਾ ਦਾ ਸਬੂਤ ਦਿਤਾ ਅਤੇ ਹਰ ਇੱਕ ਬੁਲਾਰੇ ਅਤੇ ਸਰੋਤੇ ਨੇ ਇਕੋ ਹੀ ਹੋਕਾ ਦਿਤਾ ਕਿ ਹੁਣ ਬਿਨਾ ਕਿਸੇ ਝਿਜਕ ਦੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।ਸਾਰੇ ਵੀਰਾਂ ਭੈਣਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਪਰ ਕਮ ਵਿੱਚ ਕਿਸੇ ਤਰ੍ਹਾਂ ਵੀ ਰੁਕਾਵਟ ਨਾਂ ਬਣਨ ਦਿੱਤਾ ਜਾਵੇ।
ਇਸ ਮੌਕੇ ਕਨਵੈਂਸ਼ਨ ਵਿਚ ਯੂ.ਐੱਸ.ਏ ਤੋਂ ਸਵਰਨਜੀਤ ਸਿੰਘ- ਦਲਜੀਤ ਸਿੰਘ, ਸਟੋਕਟਨ ਤੋਂ ਡਾ: ਪ੍ਰੀਤਪਾਲ ਸਿੰਘ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮੌਂਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ.ਬਲਜਿੰਦਰ ਸਿੰਘ ਸੀਐਟਲ, ਨਰਿੰਦਰ ਸਿੰਘ ਵਰਜੀਨੀਆਂ, ਜਸਜੀਤ ਸਿੰਘ ਖ਼ਾਲਸਾ, ਸੰਪੂਰਨ ਸਿੰਘ ਹੂਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆਂ ਹੋਏ ਸ਼ਾਮਲ। ਪੰਜਾਬ ਤੋਂ ਅਮਰ ਸਿੰਘ ਚੈਹਲ, ਸੁਰਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ, ਈਸ਼ਰ ਸਿੰਘ, ਸੁਖਵਿੰਦਰ ਸਿੰਘ ਨਾਗੋਕੇ, ਪ੍ਰੋ. ਹਰਪਾਲ ਸਿੰਘ, ਅਸਟਰੇਲੀਆ ਤੋਂ ਸੁਖਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਮਨਿੰਦਰ ਸਿੰਘ, ਦਲਜਿੰਦਰ ਸਿੰਘ, ਨਿਊਜ਼ੀਲੈਂਡ ਤੋਂ ਗੁਰਮੇਲ ਸਿੰਘ, ਦਲਜਿੰਦਰ ਸਿੰਘ, ਕੈਨੇਡਾ ਤੋਂ ਕੁਲਦੀਪ ਸਿੰਘ, ਸੁਖਦੇਵ ਸਿੰਘ, ਭਗਤ ਸਿੰਘ ਭੰਡਾਲ, ਕੁਲਵੀਰ ਸਿੰਘ, ਯੂਕੇ ਤੋਂ ਦੁਪਿੰਦਰਜੀਤ ਸਿੰਘ, ਜਗਜੀਤ ਸਿੰਘ, ਜਗਬੀਰ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਜਰਮਨੀ ਤੋਂ ਗੁਰਚਰਨ ਸਿੰਘ ਗੁਰਾਇਆਂ, ਨਰਿੰਦਰ ਸਿੰਘ, ਇਟਲੀ ਤੋਂ ਜਸਵੀਰ ਸਿੰਘ ਆਦਿ ਹਾਜ਼ਰ ਸਨ।
Related Topics: World Sikh Parliament