ਫਤਹਿਗੜ੍ਹ ਸਾਹਿਬ (18 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਆਸਟ੍ਰੇਲੀਆ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਹਰ ਦੇਸ ਵਿੱਚ ਅਜਿਹੀਆਂ ਕਮੇਟੀਆਂ ਬਣਾ ਕੇ ਇਨ੍ਹਾਂ ਦੀ ਨੁਮਇੰਦਗੀ ਵਾਲੀ ‘ਸੰਸਾਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦਾ ਗਠਨ ਕਰ ਦੇਣਾ ਚਾਹੀਦਾ ਹੈ, ਜੋ ਵਿਸ਼ਵ ਭਰ ਵਿੱਚ ਸਿੱਖ ਹਿੱਤਾਂ ਦੀ ਤਰਜਮਾਨੀ ਕਰਨ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਰਿਵਾਇਤੀ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।ਸਿੱਖ ਕੌਮ ਨੂੰ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਸਿਧਾਂਤਕ ਤੇ ਕਕਾਰਾਂ ਦੀ ਅਜ਼ਾਦੀ ਲਈ ਦੋ-ਚਾਰ ਹੋਣਾ ਪੈ ਰਿਹਾ ਹੈ। ਆਏ ਦਿਨ ਫਿਰਕੂ ਅਨਸਰਾਂ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਸਿੱਖਾਂ ਦੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਦੇ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ। ਭਾਰਤ ਸਰਕਾਰ ਵੀ ਸਿੱਖਾਂ ਦੀ ਦਸਤਾਰ ਤੇ ਕਕਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ। ਸੰਸਦ ਭਵਨ ਵਿਚ ਅਤੇ ਘਰੇਲੂ ਹਵਾਈ ਉਡਾਨਾਂ ਸਮੇਂ ਵੀ ਸ੍ਰੀ-ਸਾਹਿਬ ਉਤਰਵਾਈ ਜਾ ਰਹੀ ਹੈ। ਪੱਗ ਬੰਨ੍ਹਣ ਤੇ ਪੰਜਾਬੀ ਬੋਲਣ ਕਾਰਨ ਬੱਚਿਆ ਨੂੰ ਸਕੂਲਾਂ ਵਿੱਚ ਜ਼ੁਰਮਾਨਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਅਮਲ ਰਾਹੀਂ ਬਕਾਇਦਾ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂ ਰਿਹਾ ਹੈ।ਪਾਕਿਸਤਾਨ ਵਿਚ ਤਾਂ ਅਨੰਦ ਮੈਰਿਜ ਐਕਟ ਕਦੋਂ ਦਾ ਹੋਂਦ ਵਿੱਚ ਆ ਚੁੱਕਾ ਹੈ ਪਰ ਭਾਰਤ ਵਿਚ ਸਿੱਖ ਕੌਮ ਅਜੇ ਵੀ ਇਸ ਵਾਸਤੇ ਸੰਘਰਸ ਕਰ ਰਹੀ ਹੈ ਇਸ ਮਸਲੇ ਵਿਚ ਵੀ ਸ਼੍ਰੋਮਣੀ ਕਮੇਟੀ ਕੋਈ ਸੰਜੀਦਾ ਯਤਨ ਕਰਨ ਵਿਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਵਿੱਚ ਵੀ ਜਿਹੜੀ ਸੰਸਥਾ ਅਪਣੇ ਦੇਸ਼ ਵਿੱਚ ਹੀ ਕੌਮ ਦੀ ਅਣਖ ਇਜ਼ਤ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾ ਨਾਕਾਮ ਰਹੀ ਹੋਵੇ ਉਸਤੋਂ ਵਿਦੇਸ਼ਾਂ ਵਿਚ ਸਿੱਖ ਹੱਕਾਂ ਦੀ ਰਾਖੀ ਕਰਨ ਦੀ ਉਮੀਦ ਕਿਸੇ ਹਾਲਤ ਵਿਚ ਨਹੀਂ ਰੱਖੀ ਜਾ ਸਕਦੀ। ਇਸ ਲਈ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਸਹੀ ਨੁਮਾਇੰਦਗੀ ਤੇ ਉਨ੍ਹਾ ਦੇ ਹੱਕਾਂ ਦੀ ਰਾਖੀ ਲਈ ਹਰ ਦੇਸ਼ ਵਿੱਚ ਇਸ ਤਰਜ਼ ’ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਥਾਪਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਪੜ੍ਹੇ-ਲਿਖੇ ਤੇ ਸੰਜੀਦਾ ਸਿੱਖ ਨੁਮਾਇੰਦਿਆਂ ਰਾਹੀਆਂ ਸਿੱਖੀ ਦਾ ਅਧੁਨਿਕ ਤੇ ਸਰਬਤ ਦੇ ਭਲੇ ਵਾਲਾ ਸੁਨੇਹਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾ ਸਕੇ।ਰਿਵਾਇਤੀ ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਦੀ ਰੱਜ ਕੇ ਬੇਕਦਰੀ ਕਰਨ ਅਤੇ ਅਪਣੇ ਲਟਰੇਚਰ ਰਾਹੀਂ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਦੇ ਦੋਸ਼ਾਂ ਵਿੱਚ ਵੀ ਘਿਰੀ ਹੋਈ ਹੈ।
ਉੁਕਤ ਆਗੂਆਂ ਨੇ ਕਿਹਾ ਕਿ ਹੁਣ ਵਿਦੇਸ਼ਾਂ ਵਿਚ ਸਥਾਪਿਤ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਇੰਦੇ ਬਿਨਾਂ ਸ਼ੱਕ ਸ਼ੰਜੀਦਾ ਸਿੱਖ ਹਨ। ਨਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਗਠਨ ਨਾਲ ਵਿਦੇਸ਼ਾ ਦੀ ਧਰਤੀ ’ਤੇ ਸਿੱਖੀ ਹੋਰ ਵੀ ਪ੍ਰਫੁਲਿਤ ਹੋਵੇਗੀ। ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਸ. ਪ੍ਰਿਤਪਾਲ ਸਿੰਘ, ਜਿਨ੍ਹਾ ਦੇ ਯਤਨਾਂ ਸਦਕਾ ਆਸਟ੍ਰੇਲੀਆਈ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਪਾਕਿਸਤਾਨ ਵਿੱਚ ਬਣਨ ਜਾ ਰਹੀ ਸਿੱਖ ਯੂਨੀਵਰਸਿਟੀ ਦੀ ਸਲਾਹਕਾਰ ਕਮੇਟੀ ਦੇ ਵੀ ਸਥਾਈ ਮੈਂਬਰ ਹਨ।ਵਿਦੇਸ਼ਾਂ ਵਿਚ ਸਿੱਖੀ ਸ਼ਾਨ ਨੂੰ ਬਰਕਾਰ ਰੱਖਣ ਲਈ ਪੜ੍ਹੇ ਲਿਖੇ ਤੇ ਸੰਜੀਦਾ ਸੋਚ ਵਾਲੇ ਆਹੁਦੇਦਾਰਾਂ ਵਾਲੀਆਂ ਇਹ ਕਮੇਟੀਆਂ ਅਹਿਮ ਰੋਲ ਨਿਭਾਉਣਗੀਆਂ ਜਿਸ ਨਾਲ ਨਵੀਂ ਸਿੱਖ ਪਨੀਰੀ ਨੂੰ ਅਪਣੇ ਧਰਮ ਦੀ ਸਹੀ ਤੇ ਵਿਗਿਆਨਕ ਜਾਣਕਾਰੀ ਮਿਲੇਗੀ ਅਤੇ ਨਵੀਂ ਪੀੜ੍ਹੀ ਅਪਣੇ ਧਰਮ ਵਿਚ ਪਰਪੱਕ ਹੋ ਕੇ ਸਿੱਖੀ ਦੇ ਬਿਹਤਰ ਭੱਵਿਖ ਲਈ ਯੋਗਦਾਨ ਪਾ ਸਕੇਗੀ। ਉਕਤ ਆਗੂਆਂ ਨੇ ਕਿਹਾ ਕਿ ਵਿਦੇਸ਼ੀ ਸਿੱਖਾਂ ਦੇ ਯਤਨਾਂ ਸਦਕਾ ਹੀ ਪਾਕਿਸਤਾਨ ਸਥਿਤ ਗੁਰਧਾਮਾਂ ਦਾ ਪ੍ਰਬੰਧ ਸੁਧਰਿਆ ਹੇ ਤੇ ਗੁਰਧਾਮਾਂ ਨੂੰ ਵਧੀਆ ਦਿੱਖ ਮਿਲ ਸਕੀ ਹੈ। ਉਕਤ ਆਗੂਆਂ ਨੇ ਕਿਹਾ ਕਿ ਕੁਲ ਮਿਲਾ ਕੇ ਸਿੱਖ ਕੌਮ ਵਾਸਤੇ ਇਸ ਸੰਸਥਾ ਦੇ ਇਕ ਘਾਟੇ ਵਾਲਾ ਸੌਦਾ ਬਣ ਕੇ ਰਹਿ ਜਾਣ ਕਾਰਨ ਹੀ ਵਿਦੇਸ਼ਾਂ ਦੀਆਂ ਧਰਤੀਆਂ ’ਤੇ ਨਵੀਆਂ ਕਮੇਟੀਆਂ ਦੀ ਲੋੜ ਸਿੱਖ ਕੌਮ ਨੂੰ ਮਹਿਸੂਸ ਹੋਈ ਹੈ।