ਲੇਖਕ: ਡਾ. ਸਿਕੰਦਰ ਸਿੰਘ*
ਇਸੇ ਮਹੀਨੇ ਦੀ 21 ਤਾਰੀਕ ਨੂੰ ਇਕ ਨਵੀਂ ਪੰਜਾਬੀ ਫਿਲਮ `ਕਿਸਮਤ` ਆ ਰਹੀ ਐ ਜਿਸ ਦਾ ਇਕ ਗੀਤ `ਜੇ ਤੈਨੂੰ ਦਾਰੂ ਨੀ ਪਸੰਦ ਯੱਟ ਦੀ, ਯੱਟ ਨੂੰ ਪਸੰਦ ਨਹੀਂਓ ਤੂੰ ਅੱਜ-ਕੱਲ੍ਹ ਟੈਲੀਵਿਜਨ `ਤੇ ਪੂਰੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਹ ਗੱਲਬਾਤ ਇਸ ਗੀਤ ਦੇ ਪ੍ਰਸੰਗ ਵਿਚ ਹੀ ਹੈ।
ਆਮ ਕਰ ਕੇ ਹਰੇਕ ਫਿਲਮ ਦਾ ਮੂਲ ਮਨੋਰਥ ਪੈਸਾ ਜਾਂ ਨਾਮ ਕਮਾਉਣ ਨਾਲ ਜੁੜਿਆ ਹੁੰਦਾ ਹੈ। ਫਿਲਮ ਦੀ ਕਹਾਣੀ ਵਿਚ ਇਹ ਗੀਤ ਲੋੜ ਹੋ ਸਕਦਾ ਹੈ, ਜਾਂ ਫਿਲਮਕਾਰ ਦੀ ਬਿਰਤਾਂਤਕ ਲੋੜ ਹੋ ਸਕਦਾ ਹੈ ਪਰ ਫਿਲਮਾਂ ਦੀਆਂ ਗੈਰ-ਸਮਾਜਕ ਲੋੜਾਂ ਜਿਸ ਤਰ੍ਹਾਂ ਵਧ ਰਹੀਆਂ ਹਨ ਸਮਾਜ ਉਨ੍ਹਾਂ ਨੂੰ ਪੂਰੀਆਂ ਨਹੀਂ ਕਰ ਸਕਦਾ ਕਿਉਂਕਿ ਉਹ ਲੋੜਾਂ ਕਹਾਣੀ ਦੀਆਂ ਨਹੀਂ, ਮੁਨਾਫੇ ਦੀਆਂ ਹਨ। ਇਸ ਲਈ ਕਿਸੇ ਵੀ ਫਿਲਮਕਾਰ ਨੂੰ ਉਸ ਖਿੱਤੇ, ਸਮਾਜ ਅਤੇ ਮਨੁੱਖਤਾ ਦੀ ਮਰਿਆਦਾ ਨੂੰ ਉਲੰਘ ਕੇ ਧਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਇਸੇ ਨੁਕਤੇ ਤੋਂ ਗੀਤ ਨਾਲ ਕੁਝ ਇਤਰਾਜ ਹਨ।
ਇਸ ਗੀਤ ਦੇ ਮੁੱਖੜੇ ਵਿਚ ਕੁੜੀ ਨੂੰ ਦਾਰੂ (ਸ਼ਰਾਬ) ਨਾਲ ਤੋਲ ਕੇ ਰੱਦ ਕੀਤਾ ਗਿਆ ਹੈ ਭਾਵ ਕੁੜੀ ਨੂੰ ਦਾਰੂ ਤੋਂ ਵੀ ਛੁਟਿਆਇਆ ਗਿਆ ਹੈ। ਇਹਦੇ ਕਈ ਭਾਵ ਬਣਦੇ ਹਨ ਪਹਿਲਾ, ਇਹ ਗੀਤ ਦਰਸ਼ਕ ਅਤੇ ਸਰੋਤੇ ਲਈ, ਦਾਰੂ ਦੇ ਸਾਹਮਣੇ ਕੁੜੀ ਦੀ ਹੋਂਦ ਨੂੰ ਰੱਦਣਯੋਗ ਬਣਾਉਂਦਾ ਹੈ। ਦੂਜਾ, ਇਸ ਦੇ ਮੁੱਖੜੇ ਵਿਚ ਰੱਦਣ-ਪਰਵਾਨਣ ਦੇ ਸਾਰੇ ਹੱਕ ਮੁੰਡੇ ਕੋਲ ਹਨ। ਮੁੰਡਾ ਕਹਿ ਰਿਹਾ ਹੈ ਜੇ ਮੇਰੀ ਸ਼ਰਤ ਕਬੂਲ ਨਹੀਂ ਤਾਂ ਕੁੜੀ ਉਸ ਨੂੰ ਕਬੂਲ ਨਹੀਂ। ਨਿੱਜੀ ਰੂਪ ਵਿਚ ਇਨ੍ਹਾਂ ਗੱਲਾਂ ਦਾ ਕੋਈ ਵੀ ਪਰਸੰਗ ਹੋ ਸਕਦਾ ਹੈ ਪਰ ਇਥੇ ਮਸਲਾ ਨਿੱਜ ਤੱਕ ਮਹਿਦੂਦ ਨਹੀਂ, ਸਗੋਂ ਵਰਤਮਾਨ ਸਮੇਂ ਦੇ ਜੋਰਦਾਰ ਰੂਪਾਕਾਰ `ਫਿਲਮ` ਦਾ ਹੈ, ਜਿਸ ਦਾ ਅਸਰ ਸਾਰੇ ਸਮਾਜ ਤੱਕ ਪਹੁੰਚਦਾ ਹੈ। ਫਿਲਮ ਵਿਚ ਕਹਾਣੀ ਬੇਸ਼ਕ ਕਿਸੇ ਪਾਤਰ ਦੇ ਨਿੱਜ ਦੀ ਹੋਵੇ ਪਰ ਉਸ ਨੂੰ ਆਮ ਸਮਾਜ ਵਿਚ ਵਾਪਰਨ ਵਾਲੀਆਂ ਨਿੱਜੀ ਘਟਨਾਵਾਂ ਵਾਂਗ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਜਦੋਂ ਕੋਈ ਘਟਨਾ ਫਿਲਮ ਰਾਹੀਂ ਸਾਹਮਣੇ ਆਉਂਦੀ ਹੈ ਤਾਂ ਉਦੋਂ ਉਹ ਨਿੱਜੀ ਨਹੀਂ, ਸਗੋਂ ਬਹੁਤ ਸਾਰੇ ਨਿੱਜਾਂ ਦੀ ਪ੍ਰਤੀਨਿਧ ਹੁੰਦੀ ਹੈ। ਇਹ ਵਪਾਰਕ ਚਲਾਕੀ ਹੈ ਕਿ ਜਦੋਂ ਆਪਣੀ ਗੱਲ ਦਾ ਪੱਖ ਪੂਰਨਾ ਹੈ ਜਾਂ ਕਿਸੇ ਘਟਨਾ/ ਦ੍ਰਿਸ਼ ਨੂੰ ਇਤਰਾਜ ਤੋਂ ਬਚਾਉਣਾ ਹੈ ਤਾਂ ਉਸ ਨੂੰ ਵਿਅਕਤੀਗਤ ਪੱਧਰ ਤੱਕ ਘਟਾ ਲਿਆ ਜਾਂਦਾ ਹੈ, ਜਦੋਂ ਉਸ ਤੋਂ ਮੁਨਾਫਾ ਕਮਾਉਣ ਦੀ ਗੱਲ ਹੈ ਤਾਂ ਉਸ ਨੂੰ ਤਮਾਮ ਸਮਾਜ-ਸਭਿਆਚਾਰ ਤੱਕ ਵਧਾ ਲਿਆ ਜਾਂਦਾ ਹੈ। ਇਸ ਲਈ ਇਸ ਗੀਤ ਦੇ ਬੋਲਾਂ ਦੇ ਪਰਸੰਗ ਅਤੇ ਅਸਰ ਨੂੰ ਨਿੱਜੀ ਨਹੀਂ ਸਗੋਂ ਸਮਾਜ-ਸਭਿਆਚਾਰ ਦੇ ਪਰਸੰਗ ਵਿਚ ਹੀ ਵੇਖਿਆ ਜਾਣਾ ਬਣਦਾ ਹੈ।
ਗੀਤ ਦੇ ਮੁੱਖੜੇ ਦੇ ਉਪਰਲੇ ਦੋਵੇਂ ਪੱਖ ਗੈਰਵਾਜਬ ਅਤੇ ਨਾ-ਬਰਾਬਰੀ ਵਾਲੇ ਹਨ। ਨਾ ਹੀ ਕੁੜੀ/ ਔਰਤ ਨੂੰ ਕਿਸੇ ਚੀਜ ਦੇ ਬਰਾਬਰ ਰੱਖ ਕੇ ਛੁਟਿਆਇਆ ਜਾ ਸਕਦਾ ਅਤੇ ਨਾ ਹੀ ਰੱਦਣ-ਪਰਵਾਨਣ ਦੇ ਹੱਕ ਕੇਵਲ ਇਕੋ ਲਿੰਗ ਕੋਲ ਹੋ ਸਕਦੇ ਹਨ। ਇਹ ਇਕ ਤਰੀਕੇ ਨਾਲ ਮਨੁੱਖਤਾ ਦੀ ਤੌਹੀਨ ਹੈ, ਔਰਤ ਦੀ ਉਸ ਧਰਤੀ ਉੱਪਰ ਤੌਹੀਨ ਹੈ ਜਿੱਥੇ `ਧੁਰ ਕੀ ਬਾਣੀ` ਨੇ ਉਸ ਨੂੰ `ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ` ਦਾ ਰੁਤਬਾ ਦਿੱਤਾ ਹੈ। ਜਿਥੋਂ ਦੇ ਧਰਮਬਾਨੀ ਦੀ ਇਸ ਪੰਕਤੀ ਦਾ ਹਵਾਲਾ ਦੇ ਕੇ ਵਿਦਵਾਨ ਅਤੇ ਪੈਰੋਕਾਰ ਇਹ ਸਿੱਧ ਕਰਦੇ ਨੇ ਕਿ ਅਸੀਂ ਧਰਤੀ `ਤੇ ਔਰਤ ਨੂੰ ਸਭ ਤੋਂ ਵੱਧ ਮਾਣ ਦਿੱਤਾ ਹੈ; ਉਸ ਧਰਤੀ `ਤੇ ਔਰਤ ਨੂੰ ਦਾਰੂ ਤੋਂ ਨੀਵਾਂ ਵਿਖਾਉਣ ਦੇ ਅਰਥ ਬਿਲਕੁਲ ਹੋਰ ਹਨ। ਇਹ ਇੱਥੋਂ ਦੇ ਜਿਉਂਦੇ ਲੋਕਾਂ ਦੇ ਚਰਿੱਤਰ ਦੀ ਦਵੈਤ ਦਾ ਮਸਲਾ ਹੈ।
ਧਾਰਮਕ ਵਰਗ ਬੇਸ਼ਕ ਦਾਰੂ/ ਸ਼ਰਾਬ ਨੂੰ ਬੱਜਰ ਕੁਰਹਿਤ ਮੰਨ ਕੇ ਮੂਲੋਂ ਰੱਦ ਕਰਦਾ ਹੈ ਪਰ ਤਾਂ ਵੀ ਪੰਜਾਬ ਦੇ ਕਈ ਵਿਦਵਾਨ ਲੋਕ ਦਾਰੂ ਨੂੰ ਦਵਾਈ ਕਹਿ ਕੇ ਇਸ ਦੇ ਪੱਖ ਵਿਚ ਬੋਲਦੇ ਹਨ। ਕੋਈ ਇਸ ਦੀ ਪੰਜਾਬੀ ਸਭਿਆਚਾਰ ਵਿਚ ਵਰਤੋਂ ਦਾ ਹਵਾਲਾ ਦੇ ਕੇ, ਕੋਈ ਇਸ ਨੂੰ ਲੋੜ ਦੇ ਖਾਤੇ ਪਾ ਕੇ ਉਨਾ ਮਾੜਾ ਨਹੀਂ ਮੰਨਦੇ ਜਿੰਨਾ ਧਰਮ ਵਾਲੇ ਮੰਨਦੇ ਹਨ। ਮੇਰਾ ਮਨੋਰਥ ਇਥੇ ਇਹ ਨਹੀਂ ਕਿ ਸ਼ਰਾਬ ਦਾਰੂ ਸਮਝ ਕੇ ਪੀਣੀ ਵਾਜਬ ਹੈ ਕਿ ਨਹੀਂ। ਨਾ ਹੀ ਮੇਰਾ ਮਨੋਰਥ ਇਸ ਗੀਤ `ਤੇ ਇਸ ਕਰ ਕੇ ਇਤਰਾਜ ਲਾਉਣਾ ਹੈ ਕਿ ਇਹ ਗੀਤ ਸ਼ਰਾਬ ਨੂੰ ਹੁਲਾਰਾ ਦੇ ਰਿਹਾ ਹੈ। ਸ਼ਰਾਬ ਕਿਸੇ ਦੀ ਲੋੜ, ਦਵਾਈ, ਆਦਤ ਜਾਂ ਮਜਬੂਰੀ ਕੁਝ ਵੀ ਹੋ ਸਕਦੀ ਹੈ। ਇਸ ਗੀਤ ਵਿਚ ਦਾਰੂ ਨਾ ਦਵਾਈ ਹੈ, ਨਾ ਮਜਬੂਰੀ ਹੈ ਸਗੋਂ ਅੱਯਾਸ਼ ਆਦਤ ਹੈ। ਉਂਞ ਵੀ ਪੰਜਾਬ ਵਿਚ ਸ਼ਰਾਬ ਨੂੰ ਕਿਹਾ ਬੇਸ਼ਕ ਦਾਰੂ ਜਾਂਦਾ ਪਰ ਇਸ ਦੀ ਪ੍ਰਧਾਨ ਮਾਨਤਾ ਅੱਯਾਸ਼ੀ ਅਤੇ ਭੋਗ ਵਸਤ ਵਜੋਂ ਹੈ। ਜੇ ਇਹ ਦਵਾਈ ਵੀ ਹੈ, ਤਾਂ ਦਵਾਈ ਵੀ ਕਿਸੇ ਸਭਿਆਚਾਰ ਦਾ ਜਰੂਰੀ ਅੰਗ ਨਹੀਂ ਹੁੰਦੀ, ਉਸ ਦੀ ਹੋਂਦ ਕੇਵਲ ਬਿਮਾਰੀ ਹਟਣ ਜਾਂ ਬਿਮਾਰ ਮੁੱਕਣ ਤੱਕ ਹੀ ਹੁੰਦੀ ਹੈ। ਦਾਰੂ ਨੂੰ ਪੰਜਾਬ ਵਿਚ ਕਿਸੇ ਵੀ ਰੂਪ ਵਿਚ ਪਰਮਾਣਿਤ ਕਰਨ ਲਈ ਤਰਕ ਦਿੱਤੇ ਜਾ ਸਕਦੇ ਹਨ ਪਰ ਇਸ ਨੂੰ ਅੱਯਾਸ਼ੀ ਦੀ ਚੀਜ ਹੋਣ ਤੋਂ ਝੁਠਲਾਇਆ ਨਹੀਂ ਜਾ ਸਕਦਾ। ਪੰਜਾਬ ਵਿਚ ਸ਼ਰਾਬੀ ਦਾ ਕਿਰਦਾਰ ਮਦਹੋਸ਼, ਕਾਨੂੰਨ-ਮਰਿਆਦਾ ਭੰਨ ਜਾਂ ਗਾਲਾਂ-ਦੁੱਪੜਾਂ ਵਾਲਾ ਮੰਨਿਆ ਜਾਂਦਾ ਹੈ। ਨਸ਼ੇ ਦੇ ਪੱਖ ਤੋਂ ਇਹ ਸਭ ਅੱਯਾਸ਼ੀ ਦੇ ਚਿੰਨ੍ਹ ਹਨ।
ਇਹ ਗੀਤ ਮਰਦ ਦੀ ਇਕ ਅੱਯਾਸ਼ ਆਦਤ ਸਾਹਮਣੇ ਔਰਤ ਨੂੰ ਰੱਦ ਕਰਦਾ ਹੈ; ਉਸ `ਤੇ ਇਕ ਦਾਬਾ ਬਣਾਉਂਦਾ ਹੈ ਕਿ ਉਹ ਮਰਦ ਦੀ ਅੱਯਾਸ਼ ਆਦਤ ਬਾਰੇ ਨਾ ਰੋਕੇ-ਟੋਕੇ, ਜੇ ਟੋਕੇਗੀ ਤਾਂ ਮਰਦ ਨੂੰ ਉਸ ਦੀ ਲੋੜ ਨਹੀਂ। ਉਸ ਦੀ ਹੋਂਦ ਮਰਦ ਦੀ ਅੱਯਾਸ਼ ਆਦਤ ਦੇ ਤੁਲ ਨਿਗੂਣੀ ਹੈ। ਕਾਨੂੰਨਨ ਇਸ ਵਿਚ ਮਨੁੱਖੀ ਅਧਿਕਾਰਾਂ ਦੀ ਜਾਂ ਕਿਸੇ ਸਮੂਹ ਜਾਂ ਵਿਅਕਤੀ ਦੇ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੋਈ ਹੈ, ਇਸ ਲਈ ਕਾਨੂੰਨ ਦੀਆਂ ਨਜਰਾਂ ਵਿਚ ਇਹ ਕੋਈ ਜੁਰਮ ਨਹੀਂ ਪਰ ਸਮਾਜ ਲਈ ਇਹ ਮਸਲਾ ਊਈਂ ਛੱਡਣ ਵਾਲਾ ਨਹੀਂ ਕਿਉਂਕਿ ਇਸ ਵਿਚ ਮਨੁੱਖੀ ਅਧਿਕਾਰਾਂ ਤੋਂ ਵੀ ਅਗਾਂਹ ਦਾ ਜੁਰਮ ਹੈ, ਜਿਸ ਵਿਚ ਮਨੁੱਖੀ ਹੋਂਦ ਦੀ ਉਲੰਘਣਾ ਹੋਈ ਹੈ।
ਉਂਞ ਪੰਜਾਬ ਦਾ ਆਮ ਮੁੰਡਾ ਔਰਤ/ ਕੁੜੀ ਦੀ ਇੱਜਤ ਕਰਦਾ ਹੈ ਪਰ ਗੀਤਾਂ ਨੂੰ ਗਾਉਣ ਸੁਣਨ ਵਾਲਾ ਖਾਸਾ ਵੱਡਾ ਤਬਕਾ ਕੁੜੀ ਨੂੰ ਤੁਛ ਜਾਣਦਾ ਹੈ ਅਤੇ ਆਪਣੇ ਆਪ ਨੂੰ ਬਹੁਤ ਵੱਡੇ। ਉਸ ਲਈ ਕੁੜੀ ਇਕ ਚੀਜ ਹੈ, ਇਸ ਗੀਤ ਵਿਚ ਤਾਂ ਕੁੜੀ, ਅੱਯਾਸ਼ੀ ਦੀਆਂ ਚੀਜਾਂ ਦੀ ਤੁਲਨਾ ਵਿਚ ਇਕ ਚੀਜ ਤੋਂ ਵੀ ਹੇਠਾਂ ਕਰ ਦਿੱਤੀ ਹੈ। ਮਸ਼ੀਨ ਅਤੇ ਤਕਨੀਕ ਦੇ ਜਮਾਨੇ ਤੋਂ ਪਹਿਲਾਂ ਇਹੋ ਜਿਹੇ ਅੱਯਾਸ਼ ਮਨੋਰੰਜਨ ਦੇ ਗੀਤ ਕੇਵਲ ਹਾਕਮ ਵਰਗ ਜਾਂ ਉਸ ਦੇ ਨੇੜੇ-ਤੇੜੇ ਦਾ ਤਬਕਾ ਸੁਣਦਾ-ਮਾਣਦਾ ਸੀ, ਜੋ ਭੋਗਾਂ ਵਿਚ ਲਿਬੜਿਆ ਹੁੰਦਾ ਸੀ। ਆਮ ਲੋਕ ਇਸ ਤਰ੍ਹਾਂ ਦੀ ਅੱਯਾਸ਼ੀ ਤੋਂ ਖਾਸਾ ਦੂਰ ਆਪਣੀ ਕਿਰਤ-ਕਾਰ ਵਿਚ ਰਹਿੰਦੇ ਸਨ, ਉਨ੍ਹਾਂ ਦਾ ਇਸ ਤਰ੍ਹਾਂ ਦੀ ਅੱਯਾਸ਼ੀ ਨਾਲ ਕੋਈ ਖਾਸ ਸਰੋਕਾਰ ਨਹੀਂ ਸੀ। ਬੇਸ਼ਕ ਉਹ ਲੋਕ ਵੀ ਔਰਤ ਨੂੰ ਉਹ ਥਾਂ ਨਹੀਂ ਦਿੰਦੇ ਸਨ ਜਿਸ ਦੀ ਉਹ ਹੱਕਦਾਰ ਹੈ। ਹੁਣ ਨਵੇਂ ਜਮਾਨੇ ਵਿਚ ਤਾਂ ਮਨੁੱਖੀ ਹੋਂਦ ਦੀ ਮੁਕੰਮਲ ਪਛਾਣ ਦਾ ਦਾਅਵਾ ਅਤੇ ਆਸ ਸੀ ਪਰ ਉਲਟਾ ਹੁਣ ਅੱਯਾਸ਼ੀ ਅਤੇ ਧਨ-ਜੋਬਨ ਨੂੰ ਮਾਣਨ ਦੀ ਇੱਛਾ ਬਹੁਤ ਪ੍ਰਬਲ ਹੋ ਗਈ ਹੈ ਅਤੇ ਤਕਨੀਕ ਰਾਹੀਂ ਮਨੋਰੰਜਨ ਨਾਲ ਇਹ ਗੱਲ ਵੱਡੀ ਗਿਣਤੀ ਤੱਕ ਪਹੁੰਚ ਗਈ ਹੈ। ਮੰਡੀ-ਮੀਡੀਆ ਲਈ ਇਹ ਤਰਜੇ-ਜਿੰਦਗੀ ਬਹੁਤ ਲਾਹੇਵੰਦ ਹੈ। ਮੰਡੀ ਦੀ ਮੂਲ ਕੀਮਤ ਹੀ ਇਹ ਹੈ ਕਿ ਇਸ ਵਿਚ ਹਰੇਕ ਹੋਂਦ ਇਕ ਚੀਜ ਹੈ ਅਤੇ ਉਸ ਚੀਜ ਨੂੰ ਵਰਤਿਆ-ਭੋਗਿਆ ਜਾ ਸਕਦਾ ਹੈ। ਮੀਡੀਆ ਦੇ ਮੁੱਖ ਕੰਮਾਂ ਵਿਚੋਂ ਇਕ ਕੰਮ ਮੰਡੀ ਨੂੰ ਵਧਾਉਣਾ ਤੇ ਮਜਬੂਤ ਕਰਨਾ ਹੈ। ਇਸ ਚਰਚਾ ਵਾਲੇ ਗੀਤ ਜਿਹੇ ਗੀਤ/ਫਿਲਮਾਂ ਆਦਿ ਮੰਡੀ ਅਤੇ ਮੀਡੀਏ ਨੂੰ ਬਹੁ ਰਾਸ ਹਨ ਪਰ ਮਨੁੱਖਤਾ ਲਈ ਖਤਰਾ ਕਹੇ ਜਾ ਸਕਦੇ ਹਨ। ਇਹ ਫਿਲਮਾਂ ਅਤੇ ਗੀਤ ਜਿੱਥੇ ਬੰਦੇ ਨੂੰ ਮੰਡੀ ਅਤੇ ਭੋਗਾਂ ਵੱਲ ਧੱਕ ਰਹੇ ਹਨ ਉਥੇ ਇਹ ਬੰਦੇ ਦੀ ਹੋਂਦ ‘ਤੇ ਵੀ ਸਵਾਲ ਹਨ। ਇਹ ਗੱਲ ਨਹੀਂ ਕਿ ਇਹ ਗੀਤ ਕੇਵਲ ਔਰਤ ਦਾ ਵਿਰੋਧੀ ਹੈ ਮਰਦ ਦਾ ਨਹੀਂ, ਇਸ ਲਈ ਇਸ ਨੂੰ ਬੰਦੇ ਦੀ ਹੋਂਦ ‘ਤੇ ਸਵਾਲ ਕਿਵੇਂ ਕਿਹਾ ਜਾ ਸਕਦਾ ਹੈ? ਬੰਦਾ/ ਮਨੁੱਖ ਔਰਤ ਤੋਂ ਬਿਨ੍ਹਾ ਕਲਪਿਆ ਨਹੀਂ ਜਾ ਸਕਦਾ। ਔਰਤ ਦੀ ਜਿਹੜੀ ਹੋਂਦ ਪੰਜਾਬ ਨੇ `ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ` ਦੇ ਰੂਪ ਵਿਚ ਪਛਾਣੀ ਹੈ, ਉਸ ਰਾਹੀਂ ਵੇਖਿਆਂ ਮਨੁੱਖ ਔਰਤ ਤੋਂ ਬਿਨ੍ਹਾ ਨਹੀਂ ਹੋ ਸਕਦਾ। ਇਸ ਲਈ ਔਰਤ ਦੀ ਤੌਹੀਨ ਕਰ ਕੇ ਮੁਕੰਮਲ ਮਨੁੱਖਤਾ ਦੀ ਵੀ ਇੱਜਤ ਨਹੀਂ ਰਹੇਗੀ।
ਇਸ ਗੀਤ ਵਿਚ ਇਕ ਹੋਰ ਥਾਂ ਬੋਲ ਹਨ ਕਿ ‘ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ ਜਿਨ੍ਹਾਂ ਨੂੰ ਤੂੰ ਗਾਲਾਂ ਕੱਢਦੀ, ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾਂ ਪਰ ਮੈਨੂੰ ਨੀ ਸ਼ਰਾਬ ਛੱਡਦੀ’। ਪਤਨੀ, ਕੁੜੀ ਨਾਲੋਂ ਮੁੰਡਿਆਂ ਦੁਆਰਾ ਆਪਣੇ ਯਾਰਾਂ ਨੂੰ ਜਿਆਦਾ ਤਰਜੀਹ ਦੇਣ ਅਤੇ ਸਲਾਹੁਣ ਦੀ ਬਿਰਤੀ ਹੁਣ ਦੇ ਪੰਜਾਬੀ ਗੀਤਾਂ ਦੀ ਬੜੀ ਭਾਰੂ ਬਿਰਤੀ ਹੈ। ਇਹੋ ਜਿਹੇ ਗੀਤ ਇਕੋ ਲਿੰਗ (ਮਰਦ-ਮਰਦ) ਦੇ ਰਿਸ਼ਤੇ ਅੰਦਰ ਮਨੋਰੰਜਨ ਅਤੇ ਐਸ਼ਪ੍ਰਸ਼ਤੀ ਵੱਲ ਵਧਦੇ ਜਾਂਦੇ ਹਨ। ਇਕ ਤਾਂ ਇਹ ਕਿ ਇਹ ਬਿਰਤੀ ਪਿਆਰ-ਮੁਹੱਬਤ ਦੇ ਉਲਟ ਅੱਯਾਸ਼ ਮਨੋਰੰਜਨ ਦੀ ਹੈ। ਦੂਜਾ, ਕੁੜੀ ਦੀ ਹੋਂਦ ਅਤੇ ਉਸ ਨਾਲ ਸਹਿਚਾਰ ਨੂੰ ਹਿਕਾਰਤ ਦੀ ਪੱਧਰ ਤੱਕ ਰੱਦਣ ਕਰ ਕੇ ਅਤੇ ਮੁੰਡਿਆਂ-ਮੁੰਡਿਆਂ ਅੰਦਰ ਹੋਣ ਕਰ ਕੇ ਇਹ ਸਮਲਿੰਗੀ ਬਿਰਤੀ ਵਰਗਾ ਵਰਤਾਰਾ ਜਾਪਦਾ ਹੈ। ਜਦੋਂ ਇਹ ਕਿਹਾ ਜਾਂਦਾ ਕਿ ਯਾਰ ਨਹੀਂ ਛੱਡਣੇ ਪ੍ਰੇਮਿਕਾ ਹੀ ਛੱਡ ਦੇਣੀ ਹੈ ਤਾਂ ਪੰਜਾਬੀ ਗੀਤਾਂ ਵਿਚ ਯਾਰਾਂ ਦੀ ਯਾਰੀ ਦਾ ਇਹ ਵਰਤਾਰਾ ਕੁੜੀ ਦੇ ਵਿਰੋਧ ਵਜੋਂ ਆ ਰਿਹਾ ਹੈ, ਕਿਤੇ ਕਿਤੇ ਬਦਲ ਵਜੋਂ ਵੀ। ਇਹ ਮਨੁੱਖਤਾ ਦੇ ਵਿਕਾਸ ਦਾ ਰਾਹ ਨਹੀਂ ਸਗੋਂ ਭੋਗ ਮਨੋਰੰਜਨ ਦਾ ਰਾਹ ਹੈ।
ਨਵੇਂ ਸਮਾਜਾਂ ਵਿਚ ਮਨੁੱਖਤਾ ਨੇ ਬਰਾਬਰੀ ਵੱਲ ਵਧਣਾ ਸੀ ਪਰ ਜਿੰਨੇ ਦਰਕਿਨਾਰ, ਦਮਿਤ, ਸੋਸ਼ਤ ਜਾਂ ਤਾਕਤਹੀਣ ਹਨ, ਉਨ੍ਹਾਂ ਨਾਲ ਵਿਤਕਰਿਆਂ ਦੇ ਨਵੇਂ ਰੂਪ ਸਾਹਮਣੇ ਆ ਗਏ ਹਨ। ਕਈ ਵਾਰੀ ਤਾਂ ਦਮਿਤਾਂ-ਸੋਸ਼ਤਾਂ ਨੂੰ ਵਿਤਕਰੇ ਦਾ ਪਤਾ ਵੀ ਨਹੀਂ ਲਗਦਾ। ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ। ਇਸ ਤਰ੍ਹਾਂ ਦੇ ਗੀਤਾਂ-ਵਰਤਾਰਿਆਂ ਨੂੰ ਸਰਕਾਰ ਜਾਂ ਕਾਨੂੰਨ ਨਹੀਂ ਰੋਕਣਗੇ। ਇਹ ਗੀਤ ਸਾਫ ਸਪਸ਼ਟ ਰੂਪ ਵਿਚ ਔਰਤ ਦੀ ਹੋਂਦ ਤੋਂ ਇਨਕਾਰੀ ਹਨ। ਇਹ ਗੀਤ ਗਾਉਣ-ਸੁਣਨ ਵਾਲੇ ਉਹ ਲੋਕ ਨੇ ਜੋ ਦੂਜਿਆਂ ਦੀ ਹੋਂਦ ਨੂੰ ਪਰਮਾਣਿਤ ਕਰਨ ਤੋਂ ਮੁੱਕਰੇ ਹੋਏ ਹਨ ਜਾਂ ਜਿਨ੍ਹਾਂ ਨੂੰ ਦੂਜੇ ਦੀ ਹੋਂਦ ਦੀ ਮਾਨਤਾ ਦਾ ਪਤਾ ਹੀ ਨਹੀਂ। ਦੂਜੇ ਦੀ ਹੋਂਦ ਨੂੰ ਨਾ ਪਛਾਣਨਾ ਸੋਸ਼ਣ ਅਤੇ ਅਪਮਾਨ ਕਰਨਾ ਹੀ ਹੈ।
ਅਜਿਹੇ ਕਾਨੂੰਨ ਬਾਹਰੇ ਸੋਸ਼ਣ ਅਤੇ ਅਪਮਾਨ ਨੂੰ ਰੋਕਣ ਲਈ ਅਜਿਹੀਆਂ ਫਿਲਮਾਂ-ਗੀਤਾਂ ਦਾ ਡਟਵਾਂ ਵਿਰੋਧ ਕਰਨਾ ਪੰਜਾਬ ਦੀ ਵੱਡੀ ਲੋੜ ਹੈ। ਇਕੱਲਾ ਇਹ ਹੀ ਗੀਤ ਨਹੀਂ, ਹੋਰ ਵੀ ਇਸ ਤਰ੍ਹਾਂ ਦੇ ਬਥੇਰੇ ਗੀਤ ਤੇ ਫਿਲਮਾਂ ਮੰਡੀ ਵਿਚ ਹਨ। ਦਿਲਜੀਤ ਦੁਸਾਂਝ ਦਾ ਖਾਸਾ ਪ੍ਰਚਲਤ ਗੀਤ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ’ ਵਿਚ ਉਹ ਔਰਤ ਦੇ ਮਾਣ-ਸਨਮਾਨ ਨੂੰ ਡਾਕੇ ਤੋਂ ਹੇਠਾਂ ਆਂਕਦਾ ਹੈ। ਡਾਕਾ ਬੇਸ਼ਕ ਕਿੱਡਾ ਵੀ ਹੋਵੇ ਹੈ ਤਾਂ ਵੀ ਉਹ ਵਸਤਾਂ ਦੀ ਲੁੱਟ ਹੀ ਹੈ। ਬਿਨ੍ਹਾ ਮਰਜੀ ਤੋਂ ਕੁੜੀ ਦੀ ਬਾਂਹ ਫੜਨ ਨੂੰ ਉਹ ‘ਵਸਤਾਂ ਦੀ ਲੁੱਟ’ ਤੋਂ ਵੀ ਛੁਟਿਆ ਦਿੰਦਾ ਹੈ। ਅਜਿਹੇ ਗੀਤਾਂ-ਫਿਲਮਾਂ ‘ਤੇ ਰੋਕ ਲਈ ਕਾਨੂੰਨ ਅਤੇ ਸਰਕਾਰ ਤੋਂ ਆਸ ਲਾਉਣੀ ਫਜੂਲ ਹੈ ਇਸ ਲਈ ਸਮਾਜ ਨੂੰ, ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਖਾਸ ਕਰ ਕੁੜੀਆਂ ਨੂੰ ਮੋਹਰੀ ਭੂਮਿਕਾ ਨਿਭਾਉਣੀ ਪਵੇਗੀ ਜਿਨ੍ਹਾਂ ਦੀ ਹੋਂਦ ਦਾ ਸਵਾਲ ਹੈ। ਇਸ ਤਰ੍ਹਾਂ ਦੇ ਗੀਤਾਂ ਰਾਹੀਂ ਮਸ਼ਹੂਰ ਹੋਣ ਦੇ ਰੁਝਾਣ ਨੇ ਅੱਤ ਚੁੱਕੀ ਹੈ ਅਤੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਬੇਚੈਨ ਕੀਤਾ ਹੋਇਆ ਹੈ ਕਿ ਸਮਾਜ ਦਾ ਵੱਡਾ ਹਿੱਸਾ ਇਸ ਵਿਰੋਧ ਦਾ ਸਾਥ ਦੇਣ ਲਈ ਤਿਆਰ ਹੋਵੇਗਾ। ਇਸ ਲੜਾਈ ਵਿਚ ਮੁੰਡਿਆਂ ਨੂੰ ਵੀ ਕੁੜੀਆਂ ਦੇ ਨਾਲ ਖੜ੍ਹ ਕੇ ਸਾਥ ਦੇਣਾ ਪਵੇਗਾ ਜੇ ਉਹ ਪੰਜਾਬ ਦਾ ਸਾਵਾਂ ਭਵਿੱਖ ਦੇਖਣਾ ਚਾਹੁੰਦੇ ਹਨ ਅਤੇ ਵਪਾਰਕ ਦੁਰਾਚਾਰ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਇਸ ਧਰਤੀ ‘ਤੇ ਵਸਦੇ ਹਰ ਉਸ ਧਰਮ-ਸਮਾਜ ਦੇ ਲੋਕਾਂ ਨੂੰ ਸਰਗਰਮ ਹੋਣਾ ਪਵੇਗਾ ਜਿਹੜੇ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦੇ ਹਨ।
- ਲੇਖਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਫਤਹਿਗੜ੍ਹ ਸਾਹਿਬ) ਵਿਖੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ ਤੇ ਉਸ ਨਾਲ ਬਿਜਲ ਪਤੇ punjabdarbar (at) gmail (dot) com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।