ਇੱਥੇ ਅਸੀਂ ਫਰਾਂਸੀਸੀ ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ (ਏ.ਪੀ.) ਦੇ ਪੱਤਰ ਪ੍ਰੇਰਕ ਸ਼੍ਰੀ ਬ੍ਰਹਮ ਚੇਲਾਨੀ ਦੀ ਹਰਿਮੰਦਰ ਸਾਹਿਬ ਦੇ ਖੂਨੀ ਸਾਕੇ ਬਾਰੇ ਜਾਨ ਨੂੰ ਜੋਖਮ ਵਿਚ ਪਾ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਦਾ ਪੰਜਾਬੀ ਤਰਜ਼ਮਾ ਸਾਂਝਾ ਕਰ ਰਹੇ ਹਾਂ। ਇਹ ਰਿਪੋਰਟ ਅੱਖੀਂ ਡਿੱਠੀਆਂ ਕੰਨੀ ਸੁਣੀਆਂ ਘਟਨਾਵਾਂ ਤੇ ਅਧਾਰਤ ਹੈ ਅਤੇ ਪੱਤਰਕਾਰੀ ਦੇ ਕਿੱਤੇ ਪ੍ਰਤੀ ਵਫਾਦਾਰੀ ਦੀ ਇਕ ਉੱਤਮ ਮਿਸਾਲ ਹੈ। ਸ੍ਰੀ ਬ੍ਰਹਮ ਚੇਲਾਨੀ ਦੇਸ਼ ਵਿਦੇਸ਼ ਦੇ ਕਈ ਹੋਰ ਪੱਤਰਕਾਰਾਂ ਵਾਂਗ ਫੌਜੀ ਹਮਲਾ ਸ਼ੁਰੂ ਹੋਣ ਸਮੇਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸੀ। ਬਾਕੀ ਪੱਤਰਕਾਰਾਂ ਨੂੰ ਸ੍ਰੀ ਅੰਮ੍ਰਿਤਸਰ ਵਿੱਚੋਂ ਕੱਢ ਦਿੱਤਾ ਗਿਆ ਪਰ ਚੰਗੇ ਭਾਗੀਂ ਉਸ ਉੱਪਰ ਸਰਕਾਰੀ ਅਧਿਕਾਰੀਆਂ ਦੀ ਨਜ਼ਰ ਨਾ ਪਈ। ਸੋ ਉਹ ਚਾਰ ਜੂਨ ਤੋਂ ਬਾਰ੍ਹਾਂ ਜੂਨ ਤਕ ਸ੍ਰੀ ਅੰਮ੍ਰਿਤਸਰ ਹੀ ਰਿਹਾ ਅਤੇ ਫੇਰ ਆਪਣੀ ਰਿਪੋਰਟ ਤਿਆਰ ਕਰਕੇ ਜਾਰੀ ਕਰਨ ਲਈ ਸ਼ਿਮਲੇ ਵੱਲ ਚੱਲ ਪਿਆ।
ਸ਼ਿਮਲੇ ਦੇ ਓਬਰਾਏ ਕਲਾਰਕਸ ਹੋਟਲ ਤੋਂ ਉਸ ਨੇ ਤੇਰ੍ਹਾਂ ਜੂਨ ਨੂੰ ਟੈਲੈਕਸ ਰਾਹੀਂ ਦਿੱਲੀ ਦੇ ਐਸੋਸੀਏਟਡ ਪ੍ਰੈਸ ਦੇ ਦਿੱਲੀ ਸਥਿਤ ਦਫਤਰ ਨੂੰ ਇਹ ਰਿਪੋਰਟ ਭੇਜੀ ਪਰ ਐਸੋਸੀਏਟਿਡ ਪ੍ਰੈਸ ਨੇ ਇਹ ਰਿਪੋਰਟ ਭਾਰਤ ਵਿਚ ਜਾਰੀ ਨਾ ਕੀਤੀ। ਕਿਉਂਕਿ ਉਸ ਨੂੰ ਪਤਾ ਸੀ ਕਿ ਹਾਕਮਾਂ ਦੇ ਇਸ਼ਾਰਿਆਂ ’ਤੇ ਨੱਚ ਰਹੀ ਭਾਰਤੀ ਪ੍ਰੈਸ ਨੂੰ ਏਨਾ ਕੌੜਾ ਸੱਚ ਹਜਮ ਨਹੀਂ ਹੋਣਾ। ਇਹ ਰਿਪੋਰਟ ਅਗਲੇ ਦਿਨ ਲੰਡਨ ਦੇ ਅਖਬਾਰ ‘ਦੀ ਟਾਈਮਜ਼’ ਦੇ ਪਹਿਲੇ ਪੰਨੇ ’ਤੇ ਛਪੀ। ਸਿਰਲੇਖ ਸੀ ‘ਸਿੱਖਾਂ ਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ’।
‘ਦੀ ਟਾਈਮਜ਼’ ਵਿਚ ਬ੍ਰਹਮ ਚੇਲਾਨੀ ਦੀ ਰਿਪੋਰਟ ਛਪਣ ਦੇ ਚਾਰ ਮਹੀਨੇ ਬਾਅਦ ਪੁਲਸ ਦੀ ਇਕ ਧਾੜ ਉਸ ਦੀ ਭਾਲ ਵਿਚ ਦਿੱਲੀ ਪੁੱਜੀ ਤੇ ਉਸ ਦੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਚੇਲਾਨੀ ਲਈ ਮੁਸੀਬਤ ਭਰੇ ਦਿਨ ਸ਼ੁਰੂ ਹੋ ਗਏ। ਉਸ ਦੀ ਖੁਸ਼ਕਿਸਮਤੀ ਸੀ ਕਿ ਉਹ ਉਸ ਦਿਨ ਘਰੋਂ ਬਾਹਰ ਗਿਆ ਹੋਇਆ ਸੀ। ਉਸ ਉੱਤੇ ਸੰਗੀਨ ਜੁਰਮਾਂ (ਰਾਜ ਧ੍ਰੋਹ: ਧਾਰਾ 124 ਏ, ਧਾਰਮਿਕ ਫਿਰਕਿਆਂ ਵਿਚ ਦੁਸ਼ਮਣੀ ਪੈਦਾ ਕਰਨਾ: ਧਾਰਾ 295 ਏ), ਪੰਜਾਬ ਸਪੈਸ਼ਲ ਪਾਵਰਜ਼ (ਪ੍ਰੈਸ) ਐਕਟ 1956 ਅਤੇ ਤਾਜ਼ਾ ਤਾਜ਼ਾ ਬਣੇ ਟੈਰੋਰਿਸਟ ਅਫੈਕਟਿਡ ਏਰੀਆਜ਼ (ਸਪੈਸ਼ਲ ਕੋਰਟ) ਐਕਟ 1984, ਹੇਠ ਮੁਕੱਦਮਾ ਦਰਜ ਕਰ ਦਿੱਤਾ ਗਿਆ। ਆਜਾਦੀ ਤੋਂ ਪਿੱਛੋਂ ਪਹਿਲੀ ਵਾਰ ਕਿਸੇ ਪੱਤਰਕਾਰ ਉੱਤੇ ਰਾਜ ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ।
ਹੁਣ ਪੇਸ਼ ਹੈ ਪੱਤਰਕਾਰ ਬ੍ਰਹਮ ਚਿਲਾਨੀ ਵੱਲੋਂ ਭੇਜੀ ਗਈ ਖਬਰ ਦਾ ਪੰਜਾਬੀ ਅਨੁਵਾਦ:
ਪਿਛਲੇ ਹਫਤੇ ਸ੍ਰੀ ਅੰਮ੍ਰਿਤਸਰ ਵਿਖੇ ਮਾਰੇ ਗਏ ਇਕ ਹਜ਼ਾਰ ਤੋਂ ਵੱਧ ਸਿੱਖ ਖਾੜਕੂਆਂ ਵਿਚ ਅਨੇਕਾਂ ਅਜਿਹੇ ਸਨ ਜਿਨ੍ਹਾਂ ਦੇ ਪਹਿਲਾਂ ਹੱਥ ਪਿੱਠਾਂ ਪਿੱਛੇ ਬੰਨ੍ਹੇ ਗਏ, ਅਤੇ ਫਿਰ ਨੇੜਿਓਂ ਗੋਲੀਆਂ ਮਾਰੀਆਂ ਗਈਆਂ। ਇਹ ਗੱਲ ਮੈਨੂੰ ਕੱਲ੍ਹ ਇਕ ਡਾਕਟਰ ਅਤੇ ਇਕ ਪੁਲਿਸ ਅਫਸਰ ਨੇ ਦੱਸੀ। ਇਹ ਡਾਕਟਰ ਇਕ ਸਿੱਖ ਹੈ ਅਤੇ ਜਲੰਧਰ ਦੇ ਨੇੜੇ ਇਕ ਹਸਪਤਾਲ ਵਿਚ ਕੰਮ ਕਰਦਾ ਹੈ। ਡਾਕਟਰ ਨੇ ਕਿਹਾ, “ਜਿਨ੍ਹਾਂ ਸਿੱਖਾਂ ਦੇ ਮੈਂ ਪੋਸਟ ਮਾਰਟਮ ਕੀਤੇ ਉਨ੍ਹਾਂ ਵਿਚੋਂ ਦੋ ਦੇ ਹੱਥ ਪਿੱਠਾਂ ਪਿਛੇ ਬੰਨ੍ਹੇ ਹੋਏ ਸਨ” ਉਸ ਨੇ ਹੋਰ ਦੱਸਿਆ, “ਪੋਸਟ ਮਾਰਟਮ ਕਰਨ ਵਾਲੇ ਮੇਰੇ ਦੂਸਰੇ ਸਾਥੀ ਡਾਕਟਰਾਂ ਕੋਲ ਵੀ ਕਈ ਅਜਿਹੇ ਨੌਜਵਾਨ ਸਿੱਖਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਏਸੇ ਤਰ੍ਹਾਂ ਹੀ ਮਾਰਿਆ ਗਿਆ ਸੀ।” ਡਾਕਟਰ ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦਾ ਸੀ ਨੇ ਕਿਹਾ, “ਮਾਰੇ ਜਾਣ ਵਾਲਿਆਂ ਵਿਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।”
ਸ੍ਰੀ ਅੰਮ੍ਰਿਤਸਰ ਦੇ ਇਕ ਡਿਪਟੀ ਸੁਪਰਡੈਂਟ ਪੁਲਿਸ ਜਿਸ ਨੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ 200 ਦੇ ਕਰੀਬ ਹੋਰਨਾਂ ਖਾੜਕੂਆਂ ਦੀਆਂ ਲਾਸ਼ਾਂ ਨੂੰ ਦਰਬਾਰ ਸਾਹਿਬ ਚੋਂ ਲਿਆਉਣ ਵਿਚ ਮਦੱਦ ਕੀਤੀ ਸੀ, ਨੇ ਦੱਸਿਆ “ਸਬ ਮਸ਼ੀਨ ਗੰਨਾਂ ਨਾਲ ਲੈਸ ਫੌਜੀਆਂ ਨੇ ਘੱਟੋ ਘੱਟ 13 ਸਿੱਖਾਂ ਨੂੰ ਪਹਿਲਾਂ ਬੰਨ੍ਹ ਕੇ ਫਿਰ ਗੋਲੀਆਂ ਮਾਰੀਆਂ”। ਇਹ ਡੀ.ਐਸ.ਪੀ. ਵੀ ਆਪਣਾ ਨਾਮ ਗੁਪਤ ਰੱਖਣਾ ਚਾਹੁੰਦਾ ਸੀ।
ਜਾਣਕਾਰ ਹਲਕਿਆਂ ਨੇ ਦੱਸਿਆ ਕਿ ਖਾੜਕੂਆਂ ਦੀਆਂ ਪੱਗਾਂ ਲਾਹ ਕੇ ਹੱਥ ਬੰਨ੍ਹਾਂ ਦਿੱਤੇ ਜਾਂਦੇ ਅਤੇ ਫਿਰ ਮੱਥੇ ਵਿਚ ਇਕੋ ਗਲੀ ਮਾਰ ਕੇ ਉਹਨਾਂ ਨੂੰ ਪਾਰ ਬੁਲਾ ਦਿੱਤਾ ਜਾਂਦਾ। ਡਾਕਟਰ ਨੇ ਕਿਹਾ ਕਿ ਮੈਂ ਭਾਵੇਂ ਅੱਖਾਂ ਦਾ ਡਾਕਟਰ ਹਾਂ ਅਤੇ ਮੈਂ ਪਹਿਲਾਂ ਕਦੀ ਵੀ ਕੋਈ ਬਕਾਇਦਾ ਪੋਸਟ ਮਾਰਟ ਨਹੀਂ ਕੀਤਾ, ਫਿਰ ਵੀ ਮੈਨੂੰ ਅਤੇ ਕਈ ਹੋਰ ਡਾਕਟਰਾਂ ਨੂੰ ਘੇਰ ਕੇ ਫੌਜ ਦੇ ਪਹਿਰੇ ਹੇਠ ਸ੍ਰੀ ਅੰਮ੍ਰਿਤਸਰ ਲੈ ਗਏ।ਪਿਛਲੇ ਹਫਤੇ ਸਰਕਾਰ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ’ਤੇ ਫੌਜ ਚਾੜ੍ਹ ਦਿੱਤੀ ਸੀ ਤਾਂ ਕਿ ਵੱਧ ਖੁਦਮੁਖਤਿਆਰੀ ਹਾਸਲ ਕਰਨ ਲਈ ਚੱਲ ਰਹੀ ਜਦੋ-ਜਹਿਦ ਨੂੰ ਦਬਾ ਦਿੱਤਾ ਜਾਵੇ। ਇਸ ਦੇ ਸਿੱਟੇ ਵਜੋਂ ਸੈਂਕੜੇ ਲੋਕ ਮਾਰੇ ਗਏ। ਮੌਤਾਂ ਦੀ ਗਿਣਤੀ 1300 ਤੋਂ ਵੱਧ ਹੋਣ ਦਾ ਅਨੁਮਾਨ ਹੈ।
45 ਸਾਲਾਂ ਦੀ ਉਮਰ ਨੂੰ ਢੁੱਕੇ ਡਾਕਟਰ ਦਾ ਕਹਿਣਾ ਦੀ, “ਪੋਸਟ ਮਾਰਟਮ ਵਾਲੀ ਥਾਂ ਤੇ ਬਹੁਤ ਹੀ ਭਿਆਨਕ ਦ੍ਰਿਸ਼ ਸੀ। ਜਦੋਂ ਮੈਂ ਰਾਤ ਨੂੰ ਸੌਂਦਾ ਹਾਂ ਮੈਨੂੰ ਗਲੀਆਂ ਸੜੀਆਂ ਲਾਸ਼ਾਂ ਦੇ ਡਰਾਉਣੇ ਸੁਪਨੇ ਆਉਂਦੇ ਹਨ। ਉਹਨਾਂ ਦੇ ਚਿਹਰੇ ਫੁੱਲੇ ਹੁੰਦੇ ਹਨ ਅਤੇ ਕਈਆਂ ਦੀਆਂ ਜ਼ੁਬਾਨਾਂ ਮੂੰਹਾਂ ’ਚੋਂ ਬਾਹਰ ਨਿਕਲੀਆਂ ਹੁੰਦੀਆਂ ਹਨ।” ਉਸ ਨੇ ਦੱਸਿਆ ਕਿ ਪੋਸਟ ਮਾਰਟਮ ਵਾਲੀ ਜਗਾ ਤੇ ਥਾਂ ਦੀ ਘਾਟ ਹੋਣ ਕਾਰਨ ਲਾਸ਼ਾਂ ਨੂੰ ਇਕ ਦੂਜੇ ਉੱਪਰ ਸੁੱਟ ਕੇ ਢੇਰ ਲਾਏ ਹੋਏ ਸਨ।
ਇਕ ਹੋਰ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਪਹਿਲੇ ਦਿਨ ਆਤਮ ਸਮਰਪਨ ਕਰਨ ਵਾਲੇ ਵਿਅਕਤੀਆਂ ਵਿਚ ਸ਼ਾਮਲ ਬਜ਼ੁਰਗਾਂ ਨੂੰ ਇਕ ਗੱਡੀ ਤੇ ਲੱਦ ਕੇ ‘ਸਿਟੀ ਪੁਲਿਸ ਸਟੇਸ਼ਨ’ ਲਿਆਂਦਾ ਗਿਆ ਅਤੇ ਉਹਨਾਂ ਤੇ ਫੌਜੀਆਂ ਨੇ ਆਪ ਤਸ਼ਦੱਦ ਕੀਤਾ। ਇਹ ਪੁਲਿਸ ਅਫਸਰ ਵੀ ਆਪਣਾ ਨਾਮ ਗੁਪਤ ਰੱਖਣਾ ਚਾਹੁੰਦਾ ਸੀ। ਇਸ ਪੁਲਿਸ ਅਫਸਰ ਮੁਤਾਬਕ “ਫੌਜੀਆਂ ਨੇ ਉਹਨਾਂ ਦੀਆਂ ਪੱਗਾਂ ਲਾਹ ਦਿੱਤੀਆਂ, ਦਾਹੜੀਆਂ ਪੁੱਟੀਆਂ ਅਤੇ ਵਾਲਾਂ ਨੂੰ ਧੌਣਾਂ ਦੁਆਲੇ ਬੰਨ ਦਿੱਤਾ। ਫਿਰ ਉਹਨਾਂ ਦੇ ਚਿਹਰਿਆਂ ਤੇ ਰੇਤ ਪਾਈ। ਬਜ਼ੁਰਗ ਚੀਕਾਂ ਮਾਰ ਰਹੇ ਸਨ। ਮੈਂ ਆਪਣੇ ਦਫਤਰ ਦੀ ਖਿੜਕੀ ਵਿਚੋਂ ਇਹ ਸਭ ਕੁਝ ਦੇਖ ਰਿਹਾ ਸਾਂ ਪਰ ਕੁਝ ਕਰਨ ਤੋਂ ਅਸਮਰਥ ਸਾਂ।
(ਦਾ ਟਾਈਮਜ਼ ਲੰਡਨ 14 ਜੂਨ 1984)
-0-
ਪ੍ਰੈਸ ਦੀ ਆਜ਼ਾਦੀ ਦੇ ਅਰਥ:
ਹੋਮਜ਼ ਦਾ ਕਥਨ ਹੈ “ਸਾਡੇ ਨਾਲ ਸਹਿਮਤ ਵਿਚਾਰਾਂ ਨੂੰ ਭਾਵੇਂ ਆਜਾਦੀ ਹੋਵੇ ਜਾਂ ਨਾ ਹੋਵੇ ਪਰੰਤੂ ਉਨ੍ਹਾਂ ਵਿਚਾਰਾਂ ਨੂੰ ਨਿਸ਼ਚੇ ਹੀ ਆਜ਼ਾਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹਾਂ।”
-0-
ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …
*ਉਪਰੋਕਤ ਲਿਖਤ ਪਹਿਲਾਂ 11 ਜੂਨ 2016 ਨੂੰ ਛਾਪੀ ਗਈ ਸੀ