ਦਿੱਲੀ: ਚੀਨ ਨੇ ਸਿੱਕਮ ਸੈਕਟਰ ਵਿਚ ਭਾਰਤ ਨਾਲ ਚਲ ਰਹੇ ਝਗੜੇ ‘ਚ ਸਮਝੌਤੇ ਦੀ ਉਮੀਦ ਤੋਂ ਇਨਕਾਰ ਕਰਦਿਆਂ ‘ਗੰਭੀਰ’ ਸਥਿਤੀ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਸਿਰ ਪਾ ਦਿੱਤੀ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਲੂ ਜ਼ਾਹੂਈ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਾਰੀ ਗੱਲ ਭਾਰਤ ‘ਤੇ ਨਿਰਭਰ ਕਰਦੀ ਹੈ ਅਤੇ ਭਾਰਤ ਨੇ ਹੀ ਇਹ ਤੈਅ ਕਰਨਾ ਹੈ ਕਿ ਕਿਹੜੇ ਬਦਲਾਂ ਨੂੰ ਅਪਣਾ ਕੇ ਅੜਿੱਕੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਚੀਨੀ ਮੀਡੀਆ ਅਤੇ ਥਿੰਕ ਟੈਂਕ ਵਲੋਂ ਜੰਗ ਦੇ ਬਦਲ ਬਾਰੇ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਈ ਬਦਲਾਂ ‘ਤੇ ਗੱਲਾਂ ਹੋ ਰਹੀਆਂ ਹਨ॥ ਇਹ ਤੁਹਾਡੀ ਸਰਕਾਰ ਦੀ ਨੀਤੀ (ਫੌਜੀ ਤਾਕਤ ਦੀ ਵਰਤੋਂ ਕਰਨੀ ਹੈ ਜਾਂ ਨਹੀਂ) ‘ਤੇ ਨਿਰਭਰ ਕਰਦਾ ਹੈ।
ਰਾਜਦੂਤ ਨੇ ਕਿਹਾ ਕਿ ਚੀਨ ਸਰਕਾਰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਹ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਚਾਹੁੰਦੀ ਹੈ ਅਤੇ ਉਸ ਦੇ ਇਲਾਕੇ ਵਿੱਚੋਂ ਭਾਰਤੀ ਫੌਜੀਆਂ ਦੀ ਵਾਪਸੀ ਪਹਿਲੀ ਸ਼ਰਤ ਹੈ। ਚੀਨ ਵਲੋਂ ਸੜਕ ਬਣਾਉਣ ‘ਤੇ ਭਾਰਤ ਵਲੋਂ ਇਤਰਾਜ਼ ਕੀਤਾ ਜਾ ਰਿਹਾ ਹੈ। ਭਾਰਤ ਇਸ ਨੂੰ ਡੋਕਾ ਲਾ ਖੇਤਰ ਕਹਿੰਦਾ ਹੈ, ਭੁਟਾਨ ਇਸ ਨੂੰ ਡੋਕਾਲਮ ਖੇਤਰ ਵਜੋਂ ਮਾਨਤਾ ਦਿੰਦਾ ਹੈ ਜਦਕਿ ਚੀਨ ਇਸ ਨੂੰ ਆਪਣੇ ਡੋਕਲਾਂਗ ਇਲਾਕੇ ਦਾ ਹਿੱਸਾ ਮੰਨਦਾ ਹੈ।
ਚੀਨੀ ਰਾਜਦੂਤ ਨੇ ਕਿਹਾ ਕਿ ਸਥਿਤੀ ਗੰਭੀਰ ਹੈ, ਜਿਸ ਨੇ ਉਨ੍ਹਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਫ਼ੌਜ ਆਪਸੀ ਸਹਿਮਤੀ ਵਾਲੀ ਸਰਹੱਦ ਤੋਂ ਅੱਗੇ ਲੰਘ ਕੇ ਚੀਨ ਦੇ ਇਲਾਕੇ ਵਿਚ ਦਾਖ਼ਲ ਹੋਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਅੜਿੱਕਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 19 ਦਿਨ ਬੀਤ ਚੱਲੇ ਹਨ ਪਰ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ-ਭੁਟਾਨ ਸਰਹੱਦ ਗੱਲਬਾਤ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਅਤੇ ਨਾ ਹੀ ਉਹ ਭੁਟਾਨ ਦੀ ਤਰਫੋਂ ਖੇਤਰ ‘ਤੇ ਦਾਅਵਾ ਕਰਨ ਲਈ ਅਧਿਕਾਰ ਰੱਖਦਾ ਹੈ।
ਸਬੰਧਤ ਖ਼ਬਰ: ਚੀਨ ਨੇ ਨਕਸ਼ਾ ਜਾਰੀ ਕੀਤਾ, ਸਿੱਕਿਮ ਖੇਤਰ ’ਚ ਫ਼ੌਜ ਦੀ ਨਫ਼ਰੀ ਵਧਣ ਨਾਲ ਵਧਿਆ ਤਣਾਅ …