May 17, 2014 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ,17 ਮਈ 2014):- ਪੰਥਕ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਚੋਣਾਂ ਨਤਿਜਿਆਂ ਨੂੰ ਜੋ ਮੋਦੀ ਦੀ ਲਹਿਰ ਦਾ ਨਾਮ ਦਿੱਤਾ ਜਾ ਰਿਹਾ ਹੈ ਅਜਿਹਾ ਨਹੀਂ ਹੈ ਬਲਕਿ ਇਹ ਭਾਰਤੀ ਰਾਜਨੀਤੀ ਦਾ ਅੱਤਵਾਦੀਕਰਨ ਹੈ। ਭਾਰਤ ਦੀ ਬਹੁ ਗਿਣਤੀ ਨੇ ਸੱਤਾ ਦੀ ਵਾਗ ਉਸ ਆਦਮੀ ਦੇ ਹੱਥਾਂ ਵਿੱਚ ਦੇ ਦਿੱਤੀ ਹੈ, ਜਿਸਦਾ ਘੱਟ ਗਿਣਤੀਆਂ ਪ੍ਰਤੀ ਪਹੁੰਚ ਅਤੇ ਰਵੱਈਆ ਸ਼ੱਕ ਦੇ ਘੇਰੇ ਵਿੱਚ ਹੈ।
ਸਿੱਖ ਸੰਸਥਾ ਨੇ ਸਮੁੱਚੀਆਂ ਘੱਟ ਗਿਣਤੀਆਂ ਨੂੰ ਸੱਦਾ ਦਿੱਤਾ ਕਿ ਆਪਣੇ ਜਾਨ- ਮਾਲ ਦੀ ਰਾਖੀ ਲਈ, ਆਪਣੀਆਂ ਇਛਾਵਾਂ ਦੀ ਪੂਰਤੀ ਲਈ ਅਤੇ ਆਪਣੇ ਕੌਮੀ ਸਨਮਾਨ ਲਈ ਇੱਕ ਮੰਚ ‘ਤੇ ਇਕੱਠੇ ਹੋਣ।
ਦਲ ਖਾਲਸਾ ਦੇ ਮੁਖੀ ਹਰਚਰਨ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਤਬਦੀਲੀ ਨਾਲ ਪੰਜਾਬ ਅਤੇ ਸਿੱਖਾਂ ਦੇ ਭਲੇ ਦੀ ਕੋਈ ਆਸ ਨਹੀਂ।ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਜਗ੍ਹਾ ਭਾਜਪਾ ਆਉਣ ਨਾਲ ਨਾਂ ਤਾ ਸਿੱਖ ਸਮਸਿਆਵਾਂ ਹੱਲ ਹੋਣਗੀਆਂ ਅਤੇ ਨਾਂ ਹੀ ਸਿੱਖਾਂ ਦੈ ਭਾਜਪਾ ਦੇ ਨਾਲ ਸਬੰਧਾਂ ਵਿੱਚ ਕੋਈ ਫਰਕ ਪਵੇਗਾ।ਇੱਕੋ ਇੱਕ ਲਾਭ ਬਾਦਲ ਨੂੰ ਹੋਵੇਗਾ ਕਿਉਕਿ ਉਸਦੀ ਨੁੰਹ ਹਰਸਿਮਰਤ ਕੌਰ ਨੂੰ ਕੇਂਦਰੀ ਵਜ਼ਾਰਤ ਵਿੱਚ ਮੰਤਰੀ ਲਿਆ ਜਾਵੇਗਾ।
ਸ੍ਰ. ਧਾਮੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਪ੍ਰਤੀ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਇੱਕ ਹੈ। ਅਲੱਗ ਵਿਚਾਰਧਾਰਾ ਵਾਲਿਆਂ ਨੂੰ ਕੁਚਲਣ, ਘੱਟ ਗਿਣਤੀਆਂ ਦੇ ਕਤਲੇਆਮ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਬਾਰੇ ਦੋਵਾਂ ਪਾਰਟੀਆਂ ਦਾ ਅੱਜ ਤੱਕ ਦਾ ਇਤਿਹਾਸ ਇੱਕ ਹੈ।ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਹੀ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ‘ਤੇ ਜ਼ੁਲਮ ਕੀਤਾ ਹੈ।
ਵਰਨਣਯੋਗ ਹੈ ਕਿ ਦਲ ਖਾਲਸਾ ਇਹ ਦਲੀਲ ਦਿੰਦਿਆਂ ਚੋਣਾਂ ਤੋਂ ਲਾਂਭੇ ਰਿਹਾ ਕਿ ਭਾਰਤੀ ਪ੍ਰਬੰਧ ਅਧੀਨ ਚੋਣ ਪ੍ਰਣਾਲੀ ਸਿੱਖ ਸਮੱਸਿਆ ਦਾ ਹੱਲ ਨਹੀਂ ਕਰੇਗੀ।
ਵੋਟਰਾਂ ਵੱਲੋਂ ਉਨ੍ਹਾਂ ਦੀ ਚੋਣਾਂ ਦੇ ਬਾਈਕਾਟ ਦੇ ਸੱਦੇ ਵੱਲ ਕੋਈ ਧਿਆਨ ਨਾ ਦੇਣ ਦੇ ਜੁਆਬ ਵਿੱਚ ਸ੍ਰ. ਧਾਮੀ ਨੇ ਮੰਨਿਆ ਕਿ ਲੋਕ ਅਕਾਲੀ- ਭਾਜਪਾ ਗੱਠਜੋੜ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਕਿਸੇ ਬਦਲ ਦਾ ਰਾਹ ਵੇਖ ਰਹੇ ਹਨ।ਇਸ ਖਲਾਅ ਨੂੰ ਭਰਨ ਲਈ ਆਪ ਪਾਰਟੀ ਵੱਲੋਂ ਪ੍ਰੋ. ਭੁੱਲਰ ਦੀ ਫਾਂਸੀ ਦੇ ਮਾਮਲੇ ਅਤੇ ਸਿੱਖ ਨਸਲਕੁਸੀ ਦੇ ਮਸਲੇ ਸਬੰਧੀ ਅਵਾਜ਼ ਉਠਾਉਣ ਦੇ ਇਵਜ ਵਿੱਚ ਸਿੱਖ ਅਤੇ ਪੰਜਾਬੀ ਆਪ ਦੇ ਹੱਕ ਵਿੱਚ ਭੁਗਤੇ।
Related Topics: Bhai Harcharanjeet Singh Dhami, BJP, Dal Khalsa International, Hindu Groups, Lok Sabha Elections 2014, Narendra Modi