ਧਰਮਯੁੱਧ ਮੋਰਚਾ ਅਜੇ ਭਖਿਆ ਹੀ ਸੀ ਕਿ ਏਸ ਦੇ ਵਿਰੁੱਧ ਜ਼ਹਿਰੀਲਾ ਪ੍ਰਚਾਰ ਸ਼ੁਰੂ ਹੋ ਗਿਆ। ਮੈਂ ਸੰਤ ਲੌਂਗੋਵਾਲ ਨੂੰ ਬੇਨਤੀ ਕੀਤੀ ਕਿ ਖ਼ਾਸ ਤੌਰ ਉੱਤੇ ਆਨੰਦਪੁਰ ਦੇ ਮਤੇ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਬੇ-ਬੁਨਿਆਦ ਭੰਡੀ-ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਅਕਾਲੀ ਦਲ ਇੱਕ ਜਥਾ ਭੇਜੇ। ਇਹ ਹਰ ਸੂਬੇ ਦੀਆਂ ਪ੍ਰਮੁੱਖ ਸਿਆਸੀ ਜਮਾਤਾਂ ਦੇ ਮੁਖੀਆਂ ਆਦਿ ਨੂੰ ਸੱਚ ਦੱਸੇ। ਸੰਤ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਕਮੇਟੀ ਬਣਾਈ। ਕਮੇਟੀ ਨੇ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝਿਆ। ਓਸ ਨੇ ਇੱਕ ਫੇਰੀ ਬੰਗਾਲ ਦੀ ਪਾਈ। ਓਥੇ ਵੀ ਉਹ ਗੁਰਦਵਾਰਾ ਬੜਾ ਸਿੱਖ ਸੰਗਤ ਜਾ ਕੇ ਬੰਗਾਲ ਦੇ ਸਿੰਘਾਂ ਨਾਲ ਵਿਚਾਰ ਕਰ ਕੇ ਸਿਰੋਪੇ ਹਾਸਲ ਕਰ ਕੇ ਵਾਪਸ ਆ ਗਏ।
ਜ਼ਹਿਰ ਦੀਆਂ ਗੰਦਲਾਂ ਅਤੇ ਵਿਸ਼ਕੰਨਿਆਵਾਂ ਦੀ ਚੜ੍ਹ ਮੱਚੀ। ਮੋਰਚੇ ਅਤੇ ਸੰਤ ਜਰਨੈਲ ਸਿੰਘ ਵਿਰੁੱਧ ਖ਼ੂਬ ਜ਼ਹਿਰ ਉਗਲਿਆ ਗਿਆ। ਮੀਡੀਆ ਨੇ ਤੂਲ ਦਿੱਤੀ। ਸਰਕਾਰੀ ਸੈਨਾਵਾਂ ਦੇ ਹਲਕੇ ਬਘਿਆੜਾਂ ਨੂੰ ਖਾੜਕੂ ਆਖ ਕੇ ਭੰਡਿਆ ਗਿਆ; ਉਹਨਾਂ ਦੇ ਕਤਲਾਂ ਤੇ ਕੁਕਰਮਾਂ ਨੂੰ ਅਸਲ ਖਾੜਕੂਆਂ ਦੇ ਵਿਰੁੱਧ ਵਰਤਿਆ ਗਿਆ। ਸੰਤ ਜਰਨੈਲ ਸਿੰਘ ਨੂੰ ‘ਚੰਬਲ ਦਾ ਡਾਕੂ’ ਆਖਿਆ ਗਿਆ, ਹਰ ਅਕਾਲੀ ਆਗੂ ਨੂੰ (ਬਾਦਲ ਨੂੰ ਛੱਡ ਕੇ) ਗ਼ੱਦਾਰ ਸਾਬਤ ਕਰਨ ਦੀ ਮੁਹਿੰਮ ਚੱਲੀ ਜਿਵੇਂ ਕਿ ਅੱਜ ਮੁਫ਼ਤੀ ਮੁਹੰਮਦ ਸਈਦ ਵਿਰੁੱਧ ਚੱਲ ਰਹੀ ਹੈ। ਗੁਰੂ ਕੇ ਦਰਬਾਰ ਪ੍ਰਸਰ ਨੂੰ ਅਸਲਾਖਾਨਾ, ਲੜਾਕੂ ਸਿੱਖਿਆ ਦੇਣ ਦਾ ਮੈਦਾਨ ਅਤੇ ਹੋਰ ਬੜਾ ਕੁਝ ਆਖਿਆ ਗਿਆ। ਥਾਂ-ਥਾਂ ਜ਼ਹਿਰ ਦੀਆਂ ਗੰਦਲਾਂ ਉੱਗ ਆਈਆਂ।
ਇਲੱਸਟ੍ਰੇਟਿਡ ਵੀਕਲੀ ਦਾ ਐਡੀਟਰ ਐਚ. ਆਰ. ਖੰਨਾ ਮੇਰੇ ਕੋਲ ਆਇਆ ਅਤੇ ਦਰਬਾਰ ਸਾਹਿਬ ਜਾ ਕੇ ਸਭ ਕੁਝ ਅੱਖੀਂ ਦੇਖਣ ਦੀ ਮਨਸ਼ਾ ਜ਼ਾਹਰ ਕੀਤੀ। ਓਸ ਦੇ ਨਾਲ ਓਸ ਦੀਆਂ ਦੋ ਮੁਟਿਆਰ ਬੇਟੀਆਂ ਸਨ। ਬਾਰ-ਬਾਰ ਡਰੇ ਕਿ ਪਤਾ ਨਹੀਂ ਕੀ ਹੋ ਜਾਵੇਗਾ। ਓਥੇ ਸਭ ਕੁਝ ਆਮ ਸੀ। ਨਾ ਹਥਿਆਰ, ਨਾ ਸਿਖਲਾਈ, ਨਾ ਗੁੰਡੇ, ਨਾ ਮਾਰ-ਕਾਟ, ਨਾ ਬੰਬ-ਫ਼ੈਕਟਰੀਆਂ। ਸੋਚਿਆ ਸ਼ਾਇਦ ਤਾਲਾ-ਬੰਦ ਰਿਹਾਇਸ਼ੀ ਕਮਰਿਆਂ ਵਿੱਚ ਹਨ। ਖੋਲ੍ਹੇ ਗਏ ਤਾਂ ਬਿਸਤਰਿਆਂ, ਸੁੱਕ ਰਹੇ ਕਛਹਿਰੇ-ਪਰਨਿਆਂ ਬਿਨਾ ਕੁਝ ਨਹੀਂ ਸੀ। ਅਜਿਹਾ ਮੰਜ਼ਰ ਬਾਅਦ ਵਿੱਚ ਵੇਖਿਆ ਸੁਬਰਾਮਾਣੀਅਮ ਸੁਆਮੀ ਨੇ ਜੋ ਅੱਜ-ਕੱਲ੍ਹ ਭਾਜਪਾ ਦਾ ਸਾਂਸਦ ਹੈ। ਪਰ ਭੰਡੀ-ਪ੍ਰਚਾਰ ਨਿੱਤ ਨਵੇਂ ਸੂਰਜ ਵਧਦਾ ਹੀ ਗਿਆ।
ਇੱਕ ਵਿਸ਼ ਕੰਨਿਆਂ ਨੇ ਲੌਂਗੋਵਾਲ ਨੂੰ ਸੁਝਾਅ ਦਿੱਤਾ ਕਿ ਸੰਵਿਧਾਨ ਦੀ 25 ਧਾਰਾ ਸਾੜ ਦਿਉ ਤਾਂ ਏਸ ਨੂੰ ਸੰਸਦ ਵਿੱਚ ਰੱਦ ਕਰਨਾ ਸੌਖਾ ਹੋ ਜਾਵੇਗਾ। ਜ਼ਿਕਰ ਚੱਲਿਆ ਤਾਂ ਮੈਂ ਬੇਨਤੀ ਕੀਤੀ ਕਿ ਬਦਨਾਮੀ ਬਹੁਤ ਕਰਨਗੇ। ਲੌਂਗੋਵਾਲ ਨੇ ਆਖਿਆ ‘ਭਾਈ ਇਹ ਬੀਬੀ ਇੰਦਰਾ ਦਾ ਸੁਝਾਅ ਹੈ।’ ਫੇਰ ਜੋ ਹੋਇਆ ਸਭ ਜਾਣਦੇ ਹਨ।
ਅੰਤ ਏਸ ਦਾ ਅਸਰ ਜ਼ਾਹਰ ਹੋਇਆ ਅੱਤ ਦੇ ਸ਼ਰਾਬੀ ਫ਼ੌਜੀਆਂ ਦੇ ਜ਼ੁਲਮਾਂ ਅਤੇ ਮਾਰ-ਕਾਟ ਸਮੇਂ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਬੋਲਾਂ ਤੋਂ। ਕਈ ਵੰਨਗੀਆਂ ਲਿਖੀਆਂ ਜਾ ਚੁੱਕੀਆਂ ਹਨ। ਹਮਲੇ ਤੋਂ ਤੁਰੰਤ ਬਾਅਦ ਗਰਭਵਤੀ ਔਰਤਾਂ, ਵਾਇਰਲੈੱਸ ਸੈੱਟ, ਹਥਿਆਰ, ਅਫ਼ੀਮ, RDX ਬਰਾਮਦ ਹੋਣ ਦੀਆਂ ਗੱਲਾਂ ਮੀਡੀਆ ਨੇ ਆਮ ਲਿਖੀਆਂ। ਆਖ਼ਰ ਓਸ ਵੇਲੇ ਦੇ ਪੁਲਸ ਮੁਖੀ ਨੂੰ ਜਨਤਕ ਤੌਰ ਉੱਤੇ ਆਖਣਾ ਪਿਆ ਕਿ ਇਹ ਸਭ ਭੰਡੀ-ਪ੍ਰਚਾਰ ਹੈ।
ਭਾਰਤ ਦੀ ਚੱਲੀ ਆਉਂਦੀ ਰਘੂਕੁਲ ਰੀਤ, ਜਿਸ ਦੇ ਸਹਾਰੇ ਦੇਵੀ ਸੀਤਾ ਨੂੰ ਭੰਡ ਕੇ ਘਰੋਂ ਕਢਵਾਇਆ ਗਿਆ ਸੀ, ਕਦੇ ਬੰਦ ਨਾ ਹੋਈ। ਅੱਜ ਏਸ ਦੀਆਂ ਕਈ ਵੰਨਗੀਆਂ ਰੋਜ਼ ਟੀ. ਵੀ. ਉੱਤੇ ਨਿੱਤ ਵੇਖੀਆਂ ਜਾ ਸਕਦੀਆਂ ਹਨ। ਇੱਕ ਉਜਵਲ ਨਿਕਮ ਸਰਕਾਰੀ ਵਕੀਲ ਦਾ ਖੁਲਾਸਾ 21 ਮਾਰਚ ਦੇ ਇੰਡੀਅਨ ਐਕਸਪ੍ਰੈਸ ਵਿੱਚ ਛੱਪਿਆ ਹੈ। 16 ਕੁ ਸਾਲ ਦੇ ਪੰਜਾਬੀ ਬੱਚੇ ਕਸਾਬ, ਜੋ ਕਿ 26/11 ਦੇ ਮੁੰਬਈ ਹਮਲੇ ਵਿੱਚ ਸ਼ਾਮਲ ਸੀ, ਨੂੰ ਬਦਨਾਮ ਕਰਨ ਲਈ ਏਸ ਵਕੀਲ ਵੱਲੋਂ ਹਿੰਦ ਦੀ ਮਾਨਸਿਕਤਾ ਵਿੱਚ ਜ਼ਹਿਰ ਬੀਜੀ ਗਈ। ਜੈਪੁਰ ਵਿੱਚ ਹੋਈ ਗੋਸ਼ਟੀ ਵਿੱਚ ਉਹ ਦੱਸਦਾ ਹੈ ਕਿ ਓਸ ਦਾ ਆਮ ਡਰੇ ਬੱਚੇ ਵਾਲਾ ਵਰਤਾਰਾ ਵੇਖ ਕੇ ਜਨਤਾ ਵਿੱਚ ਹਮਦਰਦੀ ਪੈਦਾ ਹੋਣ ਦਾ ਖ਼ਤਰਾ ਸੀ। ਏਸ ਨੂੰ ਪੁੱਠਾ ਗੇੜਾ ਦੇਣ ਲਈ ਮੈਂ ਘਾੜਤ ਘੜੀ ਕਿ ਕਸਾਬ ਬਰਿਆਨੀ ਦੀ ਮੰਗ ਕਰ ਰਿਹਾ ਹੈ। ਏਸ ਨਾਲ ਓਸ ਵਿਰੁੱਧ ਨਫਰਤ ਫ਼ੈਲੀ ਅਤੇ ਓਸ ਨੂੰ ਫ਼ਾਂਸੀ ਲਾਉਣਾ ਸੌਖਾ ਹੋ ਗਿਆ।
ਬਰਿਆਨੀ ਖਵਾਉਣਾ ਸਿਆਸਤਦਾਨਾਂ, ਨਫ਼ਰਤ ਦੇ ਵਣਜਾਰਿਆਂ ਦਾ ਮੁਹਾਵਰਾ ਅਤੇ ਤਕੀਆ ਕਲਾਮ ਬਣ ਗਿਆ। ਏਸ ਦਾ ਸਹਾਰਾ ਲੈ ਕੇ ਇੱਕ ਪੁਲਸੀਏ ਨੇ ਏਸੇ ਸਾਲ ਇੱਕ ਕਿਸ਼ਤੀ ਨੂੰ ਡੁਬੋ ਦਿੱਤਾ ਤਾਂ ਕਿ ਓਸ ਵਿੱਚ ਸਵਾਰ ਸ਼ੱਕੀ ਪਾਕਿਸਤਾਨੀਆਂ ਨੂੰ ਕੈਦ ਕਰ ਕੇ ਬਰਿਆਨੀ ਨਾ ਖਵਾਉਣੀ ਪਵੇ। ਏਸੇ ਮੁਹਾਵਰੇ ਨੂੰ ਵਰਤ ਕੇ ਪਾਕਿਸਤਾਨ ਨਾਲ ਗੱਲਬਾਤ ਕਰਦੀ ਮਨਮੋਹਣ ਸਿੰਘ ਸਰਕਾਰ ਨੂੰ ਬੀ. ਜੇ. ਪੀ. ਸਰਕਾਰ ਵੀ ਓਸੇ ਮੁਹਾਵਰੇ ਰਾਹੀਂ ਭੰਡੀ ਜਾ ਰਹੀ ਹੈ।
ਅੱਗਾਂ ਦੇ ਭਾਂਬੜ ਪਹਿਲਾਂ ਨਫ਼ਰਤਾਂ ਉੱਤੇ ਸਦੀਆਂ ਤੋਂ ਪਲ਼ੀ ਮਾਨਸਿਕਤਾ ਵਿੱਚੋਂ ਉੱਠਦੇ ਹਨ। ਫ਼ੇਰ ਕਈ ਵਾਰ ਭੜਕਾ ਕੇ ਕੌਮਾਂ, ਮੁਲਕਾਂ ਨੂੰ ਜੰਗ ਅਤੇ ਨਾਸ਼ ਦੇ ਰਾਹ ਤੋਰ ਦਿੰਦੇ ਹਨ। ਇਹਨਾਂ ਨੂੰ ਛੱਡੋ ਅਤੇ ਨਿਮਰਤਾ ਧਾਰਣ ਕਰੋ। ਸਾਹਿਬਾਂ ਦਾ ਫੁਰਮਾਨ ਹੈ,”ਗਰੀਬੀ ਗਦਾ ਹਮਾਰੀ”। ਮੀਡੀਆ ਵੀ ਪਾਖੰਡੀ ਅਤੇ ਰਾਖਸ਼ਸੀ ਬਿਰਤੀ ਤਿਆਗੇ। ਦੋ ਨਿਊਕਲਾਈ ਤਾਕਤਾਂ ਦਾ ਭੇੜ ਉਪ ਮਹਾਂਦੀਪ ਦੀ ਬਰਬਾਦੀ ਦਾ ਮੁਕਾਮ ਬਣ ਜਾਵੇਗਾ। ਡੀ. ਕੇ. ਰਵੀ ਦੇ ਸੰਦਰਭ ਨੂੰ ਵੇਖੀਏ ਤਾਂ ‘ਸੁਹਾਗਣਾ ਦੇ ਚੂੜੇ, ਨੱਥ, ਵਾਲੀਆਂ, ਚੌਂਕ ਤੇ ਡੰਡੀਆਂ’ ਤਾਂ ਨਿੱਤ ਲੱਥ ਰਹੀਆਂ ਹਨ!