ਚੰਡੀਗੜ੍ਹ: ਸੰਨ ਸੰਤਾਲੀ ਦੀ ਵੰਡ, ਜਿਸ ਨੂੰ ਦਿੱਲੀ ਦਰਬਾਰ ਅਤੇ ਪਾਕਿਸਤਾਨ ਵੱਲੋਂ ਆਜਾਦੀ ਦਾ ਨਾਂ ਦਿੱਤਾ ਗਿਆ, ਦੀ ਪੰਜਾਬ ਅਤੇ ਸਿੱਖਾਂ ਨੂੰ ਭਾਰੀ ਕੀਮਤ ਤਾਰਨੀ ਪਈ। ਪੰਜ ਦਰਿਆਵਾਂ ਦੀ ਧਰਤੀ ਦੀ ਹਿੱਕ ਉੱਤੇ ਵਾਹੀ ਗਈ ਸਰਹੱਦ ਦੀ ਨਵੀਂ ਲਕੀਰ ਨੇ ਸਿੱਖਾਂ ਨੂੰ ਉਨ੍ਹਾਂ ਦੇ ਪਾਵਨ ਗੁਰਧਾਮਾਂ ਤੋਂ ਵਿਛੋੜ ਦਿੱਤਾ ਜਿਨ੍ਹਾਂ ਨੂੰ ਅਜਾਦ ਕਰਾਉਣ ਲਈ ਹਾਲੇ ਕੁਝ ਦਹਾਕੇ ਪਹਿਲਾਂ ਹੀ ਉਨ੍ਹਾਂ ਆਪਣੀਆਂ ਜਾਨਾਂ ਵਾਰੀਆਂ ਸਨ।
ਲੰਘੇ ਵਰ੍ਹੇ (2019 ਵਿੱਚ) ਖੋਲ੍ਹੇ ਗਏ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਸਿਰਫ ਲਹਿੰਦੇ ਪੰਜਾਬ ਦੇ ਨਾਰੋਵਾਲ ਜਿਲ੍ਹੇ ਵਿੱਚ ਪੈਂਦੇ ਕਰਤਾਰਪੁਰ ਸਾਹਿਬ ਨੂੰ ਚੜ੍ਹਦੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿਚਲੇ ਡੇਰਾ ਬਾਬਾ ਨਾਨਕ ਨਾਲ ਹੀ ਨਹੀਂ ਜੋੜਿਆ ਭਲਕੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਦੇ ਦਰਸ਼ਨ ਦੀਦਾਰਾਂ ਦੀ ਸਿੱਖ ਮਨਾਂ ਵਿਚਲੀ ਤਾਂਘ ਨੂੰ ਪੂਰਾ ਕਰਨ ਦਾ ਬਾਨਣੂੰ ਵੀ ਬੰਨਿਆ।
ਪਿਛਲੇ ਮਹੀਨਿਆਂ ਦੌਰਾਨ 45 ਹਜਾਰ ਤੋਂ ਵੱਧ ਗੁਰੂ ਨਾਨਕ ਨਾਮ ਲੇਵਾ ਜੀਅ ਪਹਿਲੇ ਪਾਤਸ਼ਾਹ ਦੀ ਪਵਿੱਤਰ ਧਰਤੀ ਦਾ ਦਰਸ਼ਨ ਕਰਕੇ ਆਏ ਹਨ। ਇਨ੍ਹਾਂ ਸ਼ਰਧਾਲੂਆਂ ਨੇ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਨਾਲ ਆਪਣਾ ਮਨ ਤ੍ਰਿਪਤ ਕੀਤਾ ਹੈ ਅਤੇ ਕਈ ਹੋਰ ਇਸੇ ਤਾਂਘ ਵਿੱਚ ਹਨ ਕਿ ਕਦੋਂ ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਇਸ ਵਿੱਛੜੇ ਦਰ ਦੇ ਦਰਸ਼ਨ ਹੋਣਗੇ।
ਲੰਘੇ ਛੇ ਮਹੀਨਿਆਂ ਨੇ ਦੋਵਾਂ ਪੰਜਾਬਾਂ ਵਿੱਚ ਦਹਾਕਿਆਂ ਤੋਂ ਚੱਲੀ ਆ ਰਹੀ ਵਿੱਥ ਨੂੰ ਕੁਝ ਘਟਾਇਆ ਹੈ ਅਤੇ ਸਰਹੱਦੀ ਲੀਕ ਦੇ ਦੋਵੇਂ ਬੰਨੇ ਰਹਿੰਦੇ ਪੰਜ ਦਰਿਆਵਾਂ ਦੇ ਜਾਏ ਇੱਕ ਦੂਜੇ ਦੇ ਨੇੜੇ ਹੋਏ ਹਨ।
ਇਸ ਥੋੜ੍ਹੇ ਜਿਹੇ ਅਰਸੇ ਦੌਰਾਨ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਦਹਾਕਿਆਂ ਤੋਂ ਵਧਾਈ ਜਾ ਰਹੀ ਨਫਰਤ ਦੀ ਹਨੇਰੀ ਨੂੰ ਠੱਲ੍ਹ ਪਾ ਕੇ ਅਪਣੱਤ ਦੇ ਸੁਖਾਵੇਂ ਬੁੱਲ੍ਹੇ ਵਗਾਏ ਹਨ।
ਪਰ ਲੱਗਦਾ ਹੈ ਕਿ ਇਹ ਸੁਖਾਵਾਂ ਮਾਹੌਲ ਨਫਰਤ ਦੇ ਵਪਾਰੀਆਂ ਨੂੰ ਰਾਸ ਨਹੀਂ ਆ ਰਿਹਾ ਜਿਹੜੇ ਗਾਹੇ ਬਗਾਹੇ ਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਵਿਰੁੱਧ ਆਪਣੇ ਜਹਿਰੀਲੇ ਬਿਆਨ ਦਾਗਦੇ ਰਹਿੰਦੇ ਹਨ।
ਹਾਲੀਆ ਬਿਆਨ ਚੜ੍ਹਦੇ ਪੰਜਾਬ ਦੇ ਪੁਲਿਸ ਮੁਖੀ ਵੱਲੋਂ ਆਇਆ ਹੈ ਜਿਸ ਨੇ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਗੁਰੂ ਨਾਨਕ ਨਾਮ ਲੇਵਾ, ਸਿੱਖ ਅਤੇ ਗੈਰ-ਸਿੱਖ, ਪ੍ਰਾਣੀ ਨੂੰ ਸੰਭਾਵੀ ਅੱਤਵਾਦੀ ਗਰਦਾਨਿਆ ਹੈ।
ਇੰਡੀਅਨ ਐਕਸਪ੍ਰੈੱਸ ਨਾਲ ਸ਼ੁੱਕਰਵਾਰ (21 ਫਰਵਰੀ) ਨੂੰ ਗੱਲਬਾਤ ਕਰਦਿਆਂ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਕਰਤਾਰਪੁਰ ਦਾ ਇਹ ਖਤਰਾ ਹੈ ਕਿ ਜੇਕਰ ਤੁਸੀਂ ਸਵੇਰੇ ਕਿਸੇ ਆਮ ਬੰਦੇ ਨੂੰ ਉੱਥੇ ਭੇਜੋ ਤਾਂ ਸ਼ਾਮ ਨੂੰ ਉਹ ਇੱਕ ਸਿਖਲਾਈ ਹਾਸਲ ਦਹਿਸ਼ਤਗਰਦ ਬਣ ਕੇ ਵਾਪਸ ਆ ਸਕਦਾ ਹੈ।
ਉਸ ਨੇ ਅੱਗੇ ਕਿਹਾ ਕਿ ਤੁਸੀਂ ਉੱਥੇ ਛੇ ਘੰਟੇ ਲਈ ਹੁੰਦੇ ਹੋ ਅਤੇ ਤੁਹਾਨੂੰ ਹਥਿਆਰ ਚਲਾਉਣੇ ਸਿਖਾਏ ਜਾ ਸਕਦੇ ਹਨ ਅਤੇ ਬੰਬ ਬਣਾਉਣੇ ਸਿਖਾਏ ਜਾ ਸਕਦੇ ਹਨ।
ਪੁਲਿਸ ਮੁਖੀ ਦੇ ਇਸ ਬਿਆਨ ਦੀ ਚੌਤਰਫੀ ਨਿੰਦਾ ਹੋ ਰਹੀ ਹੈ।
ਦਿਨਕਰ ਗੁਪਤਾ ਨੂੰ ਬਰਖਾਸਤ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ: ਬੀਰ ਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਉੱਪ-ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮੁਖੀ ਦੇ ਸਿੱਖਾਂ ਵਿਰੁੱਧ ਨਫਰਤ ਫੈਲਾਉਣ ਵਾਲੇ ਬਿਆਨ ਕਰਕੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਭਾਰਤੀ ਦੰਡਾਵਲੀ ਦੀ ਧਾਰਾ 153-ਬੀ ਤਹਿਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।
ਫਿਰਕਾਪ੍ਰਸਤ ਜਹਿਨੀਅਤ ਵਾਲੇ ਦਿਨਕਰ ਗੁਪਤਾ ਦਾ ਪੁਲਿਸ ਮੁਖੀ ਬਣੇ ਰਹਿਣਾ ਖਤਰਨਾਕ: ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ
ਬਰਤਾਨੀਆ ਵਿਚਲੀਆਂ ਸਿੱਖ ਜੱਥੇਬੰਦੀਆਂ ਦੇ ਇੱਕ ਸਾਂਝੇ ਮੰਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਦਿੱਤਾ ਹਾਲੀਆ ਬਿਆਨ ਉਸ ਦੀ ਫਿਰਕੂ ਜਹਿਨੀਅਤ ਨੂੰ ਦਰਸਾਉਂਦਾ ਹੈ।
ਜਥੇਬੰਦੀ ਦੇ ਆਗੂਆਂ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਡੀਜੀਪੀ ਦਿਨਕਰ ਗੁਪਤਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਡੀਜੀਪੀ ਦੇ ਬਿਆਨ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀਆਂ ਸੰਵੇਦਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਦਾ ਪੁਲਿਸ ਮੁਖੀ ਬਣਿਆ ਰਹਿਣਾ ਖਤਰਨਾਕ ਹੈ।
ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨਾ ਮੰਦਭਾਗਾ: ਸ਼੍ਰੋ.ਗੁ.ਪ੍ਰ.ਕ.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਪੁਲਿਸ ਮੁਖੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦੇੰਦਿਆਂ ਕਿਹਾ ਹੈ ਕਿ ਜਦੋਂ ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਨਟੋਨੀਓ ਗੁਟਰੇਜ਼ ਨੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਇਸ ਲਾਂਘੇ ਨੂੰ ਵਿਸ਼ਵ ਸ਼ਾਂਤੀ ਦਾ ਸੋਮਾ ਕਰਾਰ ਦਿੱਤਾ ਹੈ ਤਾਂ ਅਜਿਹੇ ਮੌਕੇ ਪੰਜਾਬ ਪੁਲੀਸ ਮੁਖੀ ਸਿਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਅਜਿਹੀ ਮੰਦਭਾਗੀ ਬਿਆਨਬਾਜੀ ਕਿਉਂ ਕਰ ਰਿਹਾ ਹੈ। ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਕਿਹਾ ਕਿ ਪੁਲਿਸ ਮੁਖੀ ਦੇ ਬਿਆਨ ਨਾਲ ਪੰਜਾਬ ਵਿਚਲੀ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਪੰਜਾਬ ਦੀ ਅਫਸਰਸ਼ਾਹੀ ਦਿਨਕਰ ਗੁਪਤੇ ਦੇ ਬਿਆਨ ਤੋਂ ਨਿਖੇੜਾ ਕਰੇ: ਪੰ.ਮ.ਅ.ਸੰ.
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦੀ ਕਰੜੀ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਸਿੱਖਾਂ ਪ੍ਰਤੀ ਨਫਰਤ ਭਰੇ ਬਿਆਨ ਤੋਂ ਨਿਖੇੜਾ ਕਰੇ।
ਕਰਤਾਰਪੁਰ ਸਾਹਿਬ ਦੀ ਮਹਾਨਤਾ ਵਿਰੁੱਧ ਪੁਲਿਸ ਮੁਖੀ ਦਾ ਬਿਆਨ ਸਿੱਖਾਂ ਲਈ ਚੁਣੌਤੀ: ਭਾਈ ਹਵਾਰਾ ਕਮੇਟੀ
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਇੱਕੀ ਮੈਂਬਰੀ ਕਮੇਟੀ ਦੇ ਆਗੂਆਂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਸਬੰਧੀ ਦਿੱਤੇ ਇਤਰਾਜਯੋਗ ਬਿਆਨ ਨੂੰ ਸਿੱਖ ਜਗਤ ਲਈ ਵੱਡੀ ਚੁਣੌਤੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਯੁਨਾਇਟਡ ਨੇਸ਼ਨਜ਼ ਦੇ ਸਕੱਤਰ ਜਨਰਲ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ ਸਨ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੌਰਾ ਕੀਤਾ ਗਿਆ ਸੀ। ਜਿਸ ਮੌਕੇ ਯੁ.ਨੇ. ਮੁਖੀ ਵੱਲੋਂ ਪਾਕਿਸਤਾਨ ਸਰਕਾਰ ਅਤੇ ਸਿੱਖ ਜਗਤ ਦੀ ਪ੍ਰਸ਼ੰਸਾ ਕੀਤੀ ਗਈ ਸੀ ਜੋ ਕਿ ਦਿੱਲੀ ਸਲਤਨਤ ਨੂੰ ਬਰਦਾਸ਼ਤ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਨੇ ਕੇਂਦਰ ਦੀ ਸਾਜ਼ਿਸ਼ ਤਹਿਤ ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਕਿ ਸਿੱਖ ਜਗਤ ਡਟਵਾਂ ਵਿਰੋਧ ਕਰੇਗਾ।
ਪੁਲਿਸ ਮੁਖੀ ਦਾ ਬਿਆਨ ਸਿੱਖ ਵਿਰੋਧੀ ਨਫਰਤ ਦਾ ਮੁਜ਼ਾਹਰਾ: ਸਿੱਖ ਬੁੱਧੀਜੀਵੀ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਇਕੱਤਰ ਹੋਏ ਸਿੱਖ ਬੁੱਧੀਜੀਵੀਆਂ ਜਿਨ੍ਹਾਂ ਵੁਚ ਭਾਈ ਅਸ਼ੋਕ ਸਿੰਘ ਬਾਗੜੀਆ, ਗੁਰਪ੍ਰੀਤ ਸਿੰਘ, ਪ੍ਰੋ. ਮਨਜੀਤ ਸਿੰਘ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਿੰਦਰ ਸਿੰਘ, ਸਾਬਕਾ ਆਈਏਐਸ ਗੁਰਤੇਜ ਸਿੰਘ, ਇਤਿਹਾਸਕਾਰ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਭਾਈ ਰਾਜਿੰਦਰ ਸਿੰਘ ਖਾਲਸਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਗੁਰਬਚਨ ਸਿੰਘ ਜਲੰਧਰ ਸ਼ਾਮਿਲ ਸਨ, ਨੇ ਪੰਜਾਬ ਪੁਲਿਸ ਮੁਖੀ ਦੇ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਬਿਆਨ ਦੀ ਕਰੜੀ ਨਿਖੇਧੀ ਕੀਤੀ ਹੈ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਪੁਲਿਸ ਮੁਖੀ ਦੇ ਨਫਰਤ ਭਰੇ ਹਿੰਦੂਤਵੀ ਬਿਆਨ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਅਤੇ ਸਰਕਾਰ ਹੁਣ ਹਊਆ ਖੜ੍ਹਾ ਕਰਕੇ ਸਿੱਖ ਸ਼ਰਧਾਲੂਆਂ ਦੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਵਿੱਚ ਅੜਿੱਕਾ ਪਾਉਣ ਉੱਤੇ ਉਤਾਰੂ ਹੋ ਗਈ ਹੈ।
ਦਿਨਕਰ ਗੁਪਤਾ ਰ.ਸ.ਸ. ਦੀ ਬੋਲੀ ਬੋਲ ਰਿਹਾ ਹੈ: ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਖਿਲਾਫ ਕੀਤੀ ਗਈ ਬਿਆਨਬਾਜੀ ਦੀ ਕਰੜੀ ਨਿਖੇਧੀ ਕੀਤੀ ਗਈ ਹੈ।
ਆਗੂਆਂ ਨੇ ਪੁਲਿਸ ਮੁਖੀ ਦੇ ਬਿਆਨ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਦਾ ਅਕਸ ਕੌਮਾਂਤਰੀ ਪੱਧਰ ਉੱਤੇ ਖਰਾਬ ਕਰਨ ਦੀ ਸਾਜਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਿਸ ਮੁਖੀ ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਨੂੰ ਬਰਖਾਸਤ ਕਰਕੇ ਉਸ ਉੱਪਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।