ਚੰਡੀਗੜ੍ਹ: 1999 ਵਿੱਚ ਜਦੋਂ ਸਿਮਰਜੀਤ ਕੌਰ ਦੀ “ਸੈਫਰਨ ਸੈਲਵੇਸ਼ਨ” (ਕੇਸਰੀ ਇਨਕਲਾਬ) ਨਾਮੀ ਲਿਖਤ ਛਪੀ ਸੀ ਤਾਂ ਇਹ 1984 ਬਾਰੇ ਅੰਗਰੇਜ਼ੀ ਵਿੱਚ ਲਿਖਿਆ ਜਾਣ ਵਾਲਾ ਪਹਿਲਾ ਨਾਵਲ ਸੀ।
ਲੰਘੀ 18 ਦਸੰਬਰ ਨੂੰ ਇਸ ਲਿਖਤ ਦੀ ਤੀਜੀ ਛਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ। ਸੈਫਰਨ ਸੈਲਵੇਸ਼ਨ ਦੀ ਦੂਜੀ ਛਾਪ 2004 ਵਿੱਚ ਛਪੀ ਸੀ।
ਇਸ ਮੌਕੇ ਉੱਤੇ ਬੋਲਦਿਆਂ ਸਿਮਰਜੀਤ ਕੌਰ ਨੇ ਕਿਹਾ ਕਿ 1984 ਦੇ ਘੱਲੂਘਾਰੇ ਬਾਰੇ ਲਿਖਣਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਅਜਿਹੇ ਘੱਲੂਘਾਰਿਆਂ ਨੂੰ ਆਪਣੇ ਪਿੰਡੇ ਉੱਤੇ ਹੰਢਾਉਂਦੇ ਹਨ, ਉਨ੍ਹਾਂ ਦੇ ਬਿਰਤਾਂਤ ਨੂੰ ਲਿਖਤ ਵਿੱਚ ਉਤਾਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਕਿ ਭਵਿੱਖ ਵਿੱਚ ਅਜਿਹੇ ਦੁਖਾਂਤਾਂ ਨੂੰ ਟਾਲਿਆ ਜਾ ਸਕੇ।
ਸਿਮਰਜੀਤ ਕੌਰ ਨੇ ਕਿਹਾ ਕਿ 1984 ਦਾ ਦਰਦ ਆਪਣੇ ਪਿੰਡੇ ਤੇ ਹੰਢਾਉਣ ਵਾਲਿਆਂ ਨੂੰ ਆਪ ਉੱਦਮ ਕਰਕੇ ਆਪਣੇ ਤਜਰਬੇ ਨੂੰ ਕਲਮਬੱਧ ਕਰਨਾ ਚਾਹੀਦਾ ਹੈ।
ਸਿਮਰਜੀਤ ਕੌਰ ਨੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਵੀ 1984 ਬਾਰੇ ਮੁਲਾਕਾਤਾਂ ਅਤੇ ਹੋਰ ਸਾਹਿਤ ਇਕੱਤਰ ਕਰਨ ਅਤੇ ਕਲਮਬੱਧ ਕਰਨ ਲਈ ਉਤਸ਼ਾਹਤ ਕੀਤਾ।