ਦਲ ਖਾਲਸਾ, ਯੁਨਾਇਟਡ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ 26 ਜੁਲਾਈ, 2019 ਨੂੰ ਇਕ ਸਾਂਝੀ ਵਿਚਾਰ-ਚਰਚਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਕਰਵਾਈ ਗਈ। ਪੰਜਾਬ ਵਿਚ ਸਿੱਖਾਂ ਧਿਰਾਂ ਦੇ ਖੁਰ ਰਹੇ ਅਸਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਧਿਰ ਦਾ ਜਨਤਕ ਖੇਤਰ ਵਿਚ ਅਸਰ ਲਗਾਤਾਰ ਘਟਦਾ ਜਾਏ ਤਾਂ ਉਸ ਨੂੰ ਨਿੱਠ ਕੇ ਪੜਚੋਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਧਿਰ ਦੀ ਲੋਕਾਂ ਵਿਚ ਭਰੋਸੇਯੋਗਤਾ ਨਾ ਰਹੇ ਤਾਂ ਉਸ ਦਾ ਜਨਤਕ ਪਿੜ ਵਿਚ ਅਸਰ ਨਹੀਂ ਰਹਿੰਦਾ। ਦੂਜਾ, ਤੱਤ ਕਾਬਲੀਅਤ ਦਾ ਹੁੰਦਾ ਹੈ ਤੇ ਜੇਕਰ ਕਿਸੇ ਧਿਰ ਕੋਲ ਅਗਵਾਈ ਦੇਣ ਦੀ ਸਮਰੱਥਾ ਹੀ ਨਾ ਰਹੇ ਤਾਂ ਵੀ ਉਸ ਦਾ ਅਸਰ ਖਿੰਡਣ ਲੱਗ ਜਾਂਦਾ ਹੈ ਤੇ ਹੌਲੀ-ਹੌਲੀ ਮੁੱਕ ਜਾਂਦਾ। ਤੀਜਾ, ਜੇਕਰ ਕਿਸੇ ਭਰੋਸੇਯੋਗ ਤੇ ਕਾਬਲ ਧਿਰ ਦਾ ਵੀ ਅਸਰ ਘਟਦਾ ਜਾਏ ਤਾਂ ਮਾਮਲਾ ਪੈਂਤੜੇ ਦਾ ਹੁੰਦਾ ਹੈ ਕਿ ਉਸਦਾ ਪੈਂਤੜਾ ਸਮੇਂ ਮੁਤਾਬਕ ਢੁਕਵਾਂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਿਵੇਂ ਸਿੱਖ ਧਿਰਾਂ ਨੂੰ ਇਕ ਤੋਂ ਬਾਅਦੀ ਨਾਕਾਮੀ ਝੱਲਣੀ ਪੈ ਰਹੀ ਹੈ ਇਸ ਦੇ ਮੱਦੇਨਜ਼ਰ ਸਾਨੂੰ ਆਪਣੇ ਬਾਰੇ ਇਹ ਤਿੰਨੇ ਗੱਲਾਂ ਹੀ ਵਿਚਾਰਨੀਆਂ ਚਾਹੀਦੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਉਪਮਹਾਂਦੀਪ ਦੇ ਬਦਲੇ ਹੋਏ ਸਿਆਸੀ ਹਾਲਾਤ ਅਤੇ ਸਿੱਖਾਂ ਦੀ ਬਦਲੀ ਹੋਈ ਸਮਾਜਕ ਤੇ ਸੱਭਿਆਚਾਰਕ ਹਾਲਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨੂੰ ਵੀ ਵਿਚਾਰਨਾ ਜਰੂਰੀ ਹੈ।
ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖ ਧਿਰਾਂ ਦਾ ਜਥੇਬੰਦ ਹੋਣ ਦਾ ਢੰਗ ਤਰੀਕਾ ਗੁਰਮਤਿ ਅਧਾਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਵਿਚੋਂ ਨਿੱਕਲਣ ਲਈ ਸਿੱਖਾਂ ਨੂੰ ਸਾਂਝੀ ਅਗਵਾਈ ਅਤੇ ਸਾਂਝੇ ਫੈਸਲੇ ਲੈਣ ਦੀ ਗੁਰਮਤਿ ਅਧਾਰਤ ਵਿਧੀ ਆਪਨਾਉਣ ਦੀ ਲੋੜ ਹੈ।