ਸਿਆਸੀ ਖਬਰਾਂ

ਕਿੱਥੇ ਗਿਆ ਰਾਸ਼ਟਰੀ ਸਿੱਖ ਸੰਗਤ ਵਲੋਂ ਜਥੇਦਾਰਾਂ ਨੂੰ ਭੇਜਿਆ ਸਪੱਸ਼ਟੀਕਰਨ? ਜਾਂ ਇਹ ਸਿਰਫ ਇਕ ਛਲਾਵਾ ਮਾਤਰ ਸੀ?

By ਸਿੱਖ ਸਿਆਸਤ ਬਿਊਰੋ

November 24, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਸਮ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਮਨਾਏ ਗਏ ਇੱਕ ਸਮਾਗਮ ਨੂੰ ਲੈਕੇ ਰਾਸ਼ਟਰੀ ਸਿੱਖ ਸੰਗਤ ਵਲੋਂ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਭੇਜਿਆ ਸਪੱਸ਼ਟੀਕਰਨ, 14 ਦਿਨ ਬੀਤ ਜਾਣ ‘ਤੇ ਵੀ ਆਪਣੀ ਮੰਜ਼ਿਲ ‘ਤੇ ਨਹੀਂ ਪੁੱਜ ਸਕਿਆ। ਕੀ ਸਪੱਸ਼ਟੀਕਰਨ ਭੇਜੇ ਜਾਣ ਦਾ ਪ੍ਰਚਾਰ, ਜਥੇਦਾਰਾਂ ਵਲੋਂ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪਾਈ ਜਾਣ ਵਾਲੀ ਦੁਵਿਧਾ ਦੇ ਪ੍ਰਭਾਵ ਨੂੰ ਘਟਾਉਣ ਦੀ ਸਾਜਿਸ਼ ਦਾ ਹਿੱਸਾ ਸੀ?

ਜ਼ਿਕਰਯੋਗ ਹੈ ਕਿ ਤਾਲਕਟੋਰਾ ਸਟੇਡੀਅਮ ਵਿਖੇ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਵਲੋਂ ਕਰਵਾਏ ਗਏ ਸਮਾਗਮ ਵਿੱਚ ਸਿੱਖ ਸਰੂਪ ਵਾਲੇ ਚਿਹਰਿਆਂ ਦੀ ਸ਼ਮੂਲੀਅਤ ਪ੍ਰਤੀ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪੈਦਾ ਹੋਇਆ ਸੀ। ਬਾਰ-ਬਾਰ ਦੁਹਰਾਇਆ ਗਿਆ ਸੀ ਕਿ ਰਾਸ਼ਟਰੀ ਸਿੱਖ ਸੰਗਤ ਨਾਲ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਾਂਝ ਪ੍ਰਤੀ, ਸਿੱਖ ਸੰਗਤ ਨੂੰ ਸਾਲ 2004 ਵਿੱਚ ਹੀ ਇਕ ਹੁਕਮਨਾਮੇ ਰਾਹੀਂ ਵਰਜਿਆ ਹੋਇਆ ਹੈ। ਸੰਗਤੀ ਰੋਸ ਦੇ ਚਲਦਿਆਂ ਗਿਆਨੀ ਗੁਰਬਚਨ ਸਿੰਘ ਨੇ ਵੀ ਇਹ ਸਪੱਸ਼ਟ ਕੀਤਾ ਸੀ ਕਿ ਸਾਲ 2004 ਦਾ ਹੁਕਮਨਾਮਾ ਜਿਉਂ ਦਾ ਤਿਉਂ ਬਰਕਰਾਰ ਹੈ। ਉਧਰ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ‘ਤੇ ਵਿਚਾਰ ਬਾਰੇ ਗਿਆਨੀ ਗੁਰਬਚਨ ਸਿੰਘ ਹੁਰਾਂ ਨੇ 13 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਜਥੇਦਾਰਾਂ ਦੀ ਇੱਕਤਰਤਾ ਬੁਲਾ ਲਈ।

ਹਰ ਪੰਥ ਦਰਦੀ ਦਾ ਧਿਆਨ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਬਾਰੇ ਜਥੇਦਾਰਾਂ ਵਲੋਂ ਕੋਈ ਕਾਰਵਾਈ ਕੀਤੇ ਜਾਣ ਦੀ ਆਸ ਲਗਾਈ ਜਾ ਰਹੀ ਸੀ। ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਮਨਾਏ ਜਾਣ ਬਾਰੇ ਸ਼੍ਰੋਮਣੀ ਕਮੇਟੀ ਦੇ ਮਾਰਚ 2017 ਵਿੱਚ ਜਾਰੀ ਕੀਤੇ ਕੈਲੰਡਰ ਅਤੇ ਜੰਤਰੀ ਵਿੱਚ ਪਹਿਲਾਂ ਤੋਂ ਹੀ 25 ਦਸੰਬਰ 2017 ਲਈ ਤੈਅ ਸਨ। ਇਸਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਪਟਿਆਲਾ ਵਿਖੇ 6 ਨਵੰਬਰ ਨੂੰ ਕੀਤੀ ਇਕੱਤਰਤਾ ਵਿਚ ਫੈਸਲਾ ਲੈ ਲਿਆ ਸੀ ਕਿ ਗੁਰਪੁਰਬ 25 ਦਸੰਬਰ ਦੀ ਬਜਾਏ 5 ਜਨਵਰੀ 2018 ਨੂੰ ਮਨਾਇਆ ਜਾਵੇ। 6 ਨਵੰਬਰ 2017 ਤੀਕ ਜਥੇਦਾਰਾਂ ਵਲੋਂ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਹੀ ਮਨਾਏ ਜਾਣ ਬਾਰੇ ਫੈਸਲਾ ਲਏ ਜਾਣ ਬਾਰੇ ਕੋਈ ਕਨਸੋਅ ਨਹੀਂ ਸੀ।

9 ਨਵੰਬਰ 2017 ਨੂੰ ਅਚਨਚੇਤ ਹੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੇ ਦਸਤਖਤਾਂ ਹੇਠ ਇੱਕ ਪੱਤਰ ਮੀਡੀਆ ਨੂੰ ਜਾਰੀ ਕੀਤਾ ਗਿਆ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੰਬੋਧਿਤ ਸੀ ਅਤੇ ਇਸ ਸਪੱਸ਼ਟੀਕਰਨ ਰੂਪੀ ਪੱਤਰ ਦੀ ਨਕਲ ਬਾਕੀ ਚਾਰ ਤਖਤਾਂ ਦੇ ਜਥੇਦਾਰਾਂ ਨੁੰ ਭੇਜੇ ਜਾਣ ਦਾ ਜ਼ਿਕਰ ਸੀ। ਰਾਸ਼ਟਰੀ ਸਿੱਖ ਸੰਗਤ ਵਲੋਂ 25 ਅਕਤੂਬਰ ਦੇ ਸਮਾਗਮ ਬਾਰੇ ਭੇਜੇ ਇਸ ਸਪੱਸ਼ਟੀਕਰਨ ਬਾਰੇ ਖਬਰਾਂ ਛਪਦਿਆਂ ਹੀ ਹਰ ਜਾਗਰੂਕ ਸਿੱਖ ਦਾ ਧਿਆਨ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ, ਭੇਜੇ ਸਪੱਸ਼ਟੀਕਰਨ ਜਾਂ ਜਥੇਦਾਰਾਂ ਵਲੋਂ ਇਸ ਬਾਰੇ ਕੋਈ ਫੈਸਲਾ ਲਏ ਜਾਣ ‘ਤੇ ਕੇਂਦਰਿਤ ਹੋਕੇ ਰਹਿ ਗਿਆ।

ਸਬੰਧਤ ਖ਼ਬਰ: ਰਾਸ਼ਟਰੀ ਸਿੱਖ ਸੰਗਤ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਪੱਤਰ, ਮਿਲ ਕੇ ਗੱਲ ਕਰਨ ਦਾ ਮੰਗਿਆ ਸਮਾਂ …

13 ਨਵੰਬਰ ਨੂੰ ਜਥੇਦਾਰਾਂ ਦੀ ਇਕੱਤਰਤਾ ਵਿੱਚ ਇਸ ਪੱਤਰ ਬਾਰੇ ਕੋਈ ਜ਼ਿਕਰ ਨਾ ਹੋਇਆ ਤੇ ਗੁਰਪੁਰਬ 25 ਦਸੰਬਰ ਨੂੰ ਮਨਾਏ ਜਾਣ ਦਾ ਹੁਕਮ ਸੁਣਾ ਦਿੱਤਾ ਗਿਆ। ਜਥੇਦਾਰਾਂ ਦੇ ਇਸ ਫੈਸਲੇ ਨੂੰ ਲੈਕੇ ਪੰਥਕ ਰੋਹ ਤੇ ਰੋਸ ਅਜੇ ਤੀਕ ਥੰਮ ਨਹੀਂ ਸਕਿਆ ਬਲਕਿ ਹੋਰ ਤੇਜ਼ ਹੋ ਰਿਹਾ ਹੈ ਤੇ ਦਿੱਲੀ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਪ੍ਰਤੀ ਉਠਿਆ ਵਾਵੇਲਾ ਠੰਡੇ ਬਸਤੇ ਪੈ ਗਿਆ।

ਇੱਧਰ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਤਖਤਾਂ ਦੇ ਜਥੇਦਾਰ ਰਾਸ਼ਟਰੀ ਸਿੱਖ ਸੰਗਤ ਵਲੋਂ ਕਿਸੇ ਵੀ ਤਰ੍ਹਾਂ ਦੀ ਚਿੱਠੀ ਦੇ ਮਿਲਣ ਤੋਂ ਇਨਕਾਰ ਕਰਦੇ ਰਹੇ। 20 ਨਵੰਬਰ ਨੂੰ ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਮੀਡੀਆ ਇੰਚਾਰਜ ਅਵਤਾਰ ਸਿੰਘ ਸ਼ਾਸਤਰੀ ਨਾਲ ਰਾਬਤਾ ਕਰਕੇ, 9 ਨਵੰਬਰ ਨੂੰ ਭੇਜੇ ਸਪੱਸ਼ਟੀਕਰਨ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ‘ਅਸੀਂ ਤਾਂ ਡਾਕ ਰਾਹੀਂ ਭੇਜਿਆ ਸੀ। ਜੇ ਨਹੀਂ ਮਿਲਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਈ.ਮੇਲ ਲਿਖਵਾ ਦਿਓ ਉਸਤੇ ਭੇਜ ਦਿੱਤਾ ਜਾਵੇਗਾ।’ ਸ਼ਾਸਤਰੀ ਵਲੋਂ ਦਿੱਤੇ ਜਵਾਬ ਤੋਂ ਹੀ ਸਪੱਸ਼ਟ ਹੋ ਰਿਹਾ ਸੀ ਕਿ ਸੰਸਥਾ ਨੇ ਸਪੱਸ਼ਟੀਕਰਨ ਭੇਜਣ ਦਾ ਨਾਟਕ ਹੀ ਕੀਤਾ ਹੈ। ਉਸਨੇ ਮੀਡੀਆ ਰਾਹੀਂ ਇਹ ਸੰਕੇਤ ਸਿੱਖ ਸੰਗਤਾਂ ਨੂੰ ਦੇਕੇ ਉਨ੍ਹਾਂ ਦਾ ਧਿਆਨ ਅਸਲ ਮੁਦੇ ਤੋਂ ਹਟਾਉਣ ਦੀ ਚਾਲ ਖੇਡੀ ਸੀ।

ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 25 ਦਸੰਬਰ ਤੋਂ ਬਦਲਕੇ ਕਿਸੇ ਹੋਰ ਤਾਰੀਖ ਨੂੰ ਕੀਤੇ ਜਾਣ ਬਾਰੇ ਗਿਆਨੀ ਗੁਰਬਚਨ ਸਿੰਘ ਵਲੋਂ ਲਿਖੀ ਚਿੱਠੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਵਲੋਂ ਗੁਰਪੁਰਬ 5 ਜਨਵਰੀ ਨੂੰ ਮਨਾਏ ਜਾਣ ਦੇ ਪਾਸ ਮਤੇ ਦੇ ਬਾਵਜੂਦ “ਜਥੇਦਾਰਾਂ” ਵਲੋਂ ਇਹ ਦਿਹਾੜਾ 25 ਦਸੰਬਰ ਨੂੰ ਮਨਾਏ ਜਾਣ ਦੇ ਆਦੇਸ਼ ਦੇ ਦਿੱਤੇ ਗਏ। ਪੰਥਕ ਹਲਕਿਆਂ ਨੇ ਪਹਿਲਾਂ ਹੀ ਇਹ ਸ਼ੰਕਾ ਪ੍ਰਗਟਾਈ ਸੀ ਕਿ ਜੇਕਰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਏ ਜਾਣ ਬਾਰੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਸਹਿਮਤ ਸਨ ਤਾਂ ਉਸ ਫੈਸਲੇ ਨੂੰ ਸਾਬੋਤਾਜ ਕਰਨ ਵਾਲੀ ਤੀਸਰੀ ਧਿਰ ਕਿਹੜੀ ਸੀ?

ਸਬੰਧਤ ਖ਼ਬਰ: ਗਿਆਨੀ ਗੁਰਬਚਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਐਲਾਨ …

ਕੀ ਉਹ ਤੀਸਰੀ ਧਿਰ ਰਾਸ਼ਟਰੀ ਸਿੱਖ ਸੰਗਤ ਸੀ ਜਿਸਨੇ ਆਪਣੇ ਸਮਾਗਮ ਦੇ ਸਪੱਸ਼ਟੀਕਰਨ ਦੇ ਛਲਾਵੇ ਹੇਠ ਸਿੱਖ ਸੰਗਤਾਂ ਦਾ ਧਿਆਨ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਉਹੀ ਰਖਾਉਣ ਲਈ ਆਪਣੇ ਰਸੂਖ ਦੀ ਵਰਤੋਂ ਕੀਤੀ ਤੇ ਨਾਲ ਹੀ ‘ਸਪੱਸ਼ਟੀਕਰਨ’ ਦੀ ਆੜ ਹੇਠ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਸੰਸਥਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਸਾਹਮਣੇ ਸਿਰ ਝੁਕਾਉਂਦੀ ਹੈ’ ਅਤੇ ਉਸਦਾ ਹਰ ਹੁਕਮ ਮੰਨਣ ਨੂੰ ਪਾਬੰਦ ਹੈ’।

ਸਬੰਧਤ ਖ਼ਬਰ: ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: