ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਜੋ ਆਪਣੇ-ਆਪ ਨੂੰ ਲੋਕਤੰਤਰਿਕ ਅਤੇ ਅਮਨ ਪਸੰਦ ਮੁਲਕ ਕਹਾਉਂਦਾ ਹੈ, ਦਾ ਇਕ ਸਵਾਮੀ ਬਹੁਗਿਣਤੀ ਹਿੰਦੂ ਆਬਾਦੀ ਨੂੰ ਹਥਿਆਰ ਰੱਖਣ ਲਈ ਪ੍ਰੇਰਦਾ ਹੈ। ਸ. ਮਾਨ ਨੇ ਅਮਰੀਕਾ ਦੇ ਸਦਰ ਡੋਨਲਡ ਟਰੰਪ ਨੂੰ ਸਵਾਲ ਕੀਤਾ ਕਿ ਉਹ ਇਸ ਮਾਮਲੇ ‘ਚ ਆਪਣਾ ਪੱਖ ਸਪੱਸ਼ਟ ਕਰਨ ਕਿ ਜਿਸ ਮੁਲਕ ਦੀ ਸਰਕਾਰ ਦੀ ਉਹ ਮਦਦ ਕਰ ਰਹੇ ਹਨ, ਕੀ ਉਸ ਮੁਲਕ ‘ਚ ਸਿੱਖ, ਇਸਾਈ, ਮੁਸਲਮਾਨ ਘੱਟਗਿਣਤੀਆਂ ਦੀ ਸੁਰੱਖਿਆ ਦਾ ਭਵਿੱਖ ਕੀ ਹੋਏਗਾ?
ਸ. ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਇਹ ਵੀ ਕਿਹਾ ਕਿ ਚੂੰਕਿ ਭਾਰਤ ਆਪਣੇ ਆਪ ਨੂੰ ਸੰਵਿਧਾਨਕ ਤੌਰ ‘ਤੇ ਧਰਮ ਨਿਰਪੱਖ ਮੁਲਕ ਸਦਵਾਉਂਦਾ ਹੈ ਤਾਂ ਭਾਰਤ ਦੀ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀ ਰਾਸ਼ਟਰਪਤੀ ਵਲੋਂ ਹਿੰਦੂਵਾਦੀ ਪ੍ਰੋਗਰਾਮਾਂ ‘ਚ ਹਿੱਸਾ ਲੈਣਾ, ਘੱਟਗਿਣਤੀਆਂ ਵਿਚ ਬੇਚੈਨੀ ਨਹੀਂ ਪੈਦਾ ਕਰੇਗਾ?
ਜ਼ਿਕਰਯੋਗ ਹੈ ਕਿ ਦੱਖਣ ਦੇ ਸੂਬੇ ਕਰਨਾਟਕ ਵਿਚ ਹਿੰਦੂ ਧਰਮ ਨਾਲ ਸੰਬੰਧਤ ਸੁਆਮੀ ਨਰੇਂਦਰ ਨਾਥ ਵੱਲੋਂ ਕੁਝ ਦਿਨ ਪਹਿਲਾਂ ਇਕ ਪ੍ਰੋਗਰਾਮ ਦੌਰਾਨ ਹਿੰਦੂਆਂ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਗਿਆ ਸੀ ਕਿ ਉਹ ਮਹਿੰਗੇ ਮੋਬਾਇਲ ਫੋਨ ਖ਼ਰੀਦਣ ਦੀ ਥਾਂ ‘ਤੇ ਹਥਿਆਰ ਖਰੀਦਣ। ਸ. ਮਾਨ ਨੇ ਕਿਹਾ ਕਿ ਜਦੋਂ ਭਾਰਤ ਦੀ ਬਹੁਗਿਣਤੀ ਹਿੰਦੂ ਹੈ, ਰਾਸ਼ਟਪਰਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਭਾਰਤੀ ਮੀਡੀਆ, ਫੌਜ ਦੇ ਤਿੰਨੋਂ ਅੰਗਾਂ ਦੇ ਮੁਖੀ ਹਿੰਦੂ ਹਨ ਤਾਂ ਅਜਿਹੇ ਵਿਚ ਹਿੰਦੂਆਂ ਨੂੰ ਕਿਸ ਤੋਂ ਖਤਰਾ ਹੈ ਜੋ ਇਹਨਾਂ ਦੇ ਸਵਾਮੀ ਇਨ੍ਹਾਂ ਨੂੰ ਹਥਿਆਰ ਰੱਖਣ ਲਈ ਕਹਿ ਰਹੇ ਹਨ।
ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸ. ਮਾਨ ਵੱਲੋਂ ਸਮੁੱਚੀ ਸਿੱਖ ਕੌਮ, ਸਿੱਖ ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਘੱਟਗਿਣਤੀ ਕੌਮਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਛੋਟੇ-ਮੋਟੇ ਗਿਲ੍ਹੇ-ਸ਼ਿਕਵੇ ਅਤੇ ਵਖਰੇਵਿਆਂ ਨੂੰ ਪਾਸੇ ਰੱਖਕੇ ਸਮੁੱਚੀ ਸਿੱਖ ਕੌਮ ਨੂੰ ਇਕ ਮੰਚ ‘ਤੇ ਇਕੱਤਰ ਹੋਣ ਦੀ ਸਖ਼ਤ ਲੋੜ ਬਣ ਗਈ ਹੈ, ਕਿਉਂਕਿ ਹਿੰਦੂਤਵੀ ਹੁਕਮਰਾਨ, ਮੁਤੱਸਬੀ ਜਮਾਤਾਂ ਅਤੇ ਕੱਟੜਪੰਥੀ ਆਗੂ ਘੱਟਗਿਣਤੀ ਕੌਮਾਂ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੇ ਹਨ। ਸ. ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਸਿੱਖ ਕੌਮ ਨੂੰ ਡੇਰਿਆਂ ਦੀ ਨਿੱਜਪ੍ਰਸਤੀ ਵਾਲੀ ਸੋਚ ਨੂੰ ਅਲਵਿਦਾ ਕਹਿਕੇ ‘ਨਾਨਕਸ਼ਾਹੀ ਕੈਲੰਡਰ’ ਉਤੇ ਪਹਿਰਾ ਦੇਣ ਅਤੇ ਇਕੋ ਪ੍ਰਵਾਣਿਤ ਰਹਿਤ-ਮਰਿਯਾਦਾ ਨੂੰ ਲਾਗੂ ਕਰਨ ਲਈ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਅਪੀਲ ਵੀ ਕੀਤੀ। ਸ. ਮਾਨ ਨੇ ਕਿਹਾ ਕਿ ਅਜਿਹਾ ਕਰਕੇ ਹੀ ਅਸੀਂ ਹਿੰਦੂਤਵੀ ਮਨਸੂਬਿਆਂ ਨੂੰ ਅਸਫ਼ਲ ਬਣਾ ਸਕਾਂਗੇ ਅਤੇ ਅਗਲੀ ਕੌਮੀ ਰਣਨੀਤੀ ਉਤੇ ਇਕੱਤਰ ਵੀ ਹੋ ਸਕਾਂਗੇ।
ਸਬੰਧਤ ਖ਼ਬਰ:
ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ …