ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਿਬਾਨ ਕੀਤੀ ਜਾਂਦੀ ਸੇਵਾ ਵਿੱਚ ਬੀਤੇ ਸਮੇਂ ਦੌਰਾਨ ਵੱਡੀਆਂ ਉਲੰਘਣਾਵਾਂ ਸਾਹਮਣੇ ਆਈਆਂ ਹਨ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਸ਼੍ਰੋ.ਗੁ.ਪ੍ਰ.ਕ. ਵੱਲੋਂ ਤਿਆਰ ਕੀਤੇ ਗਏ 329 ਸਰੂਪ ਸਾਹਿਬਾਨ ਲਾਪਤਾ ਹਨ। ਇਸ ਮਾਮਲੇ ਵਿੱਚ ਸ਼੍ਰੋ.ਗੁ.ਪ੍ਰ.ਕ. ਨੇ ਪਹਿਲਾਂ ਦੋਸ਼ੀਆਂ ਵਿਰੁੱਧ ਫੌਜਦਾਰੀ ਕਾਰਵਾਈ ਦੀ ਗੱਲ ਕੀਤੀ ਸੀ ਪਰ ਫਿਰ ਇਸ ਗੱਲ ਤੋਂ ਉਹ ਪਿੱਛੇ ਹਟ ਗਈ ਜਿਸ ਤੋਂ ਬਾਅਦ ਕੁਝ ਜਥੇਬੰਦੀਆਂ ਤੇ ਵਿਅਕਤੀਆਂ ਨੇ ਸ਼੍ਰੋ.ਗੁ.ਪ੍ਰ.ਕ. ਵਿਰੁੱਧ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਝੜਪਾਂ ਅਤੇ ਖੂਨੀ ਟਕਰਾਅ ਵੀ ਹੋਇਆ।
ਸ਼੍ਰੋ.ਗੁ.ਪ੍ਰ.ਕ. ਕਹਿ ਰਹੀ ਹੈ ਕਿ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਹੋਵੇਗੀ ਜਦਕਿ ਵਿਰੋਧ ਕਰ ਰਹੀਆਂ ਜਥੇਬੰਦੀਆਂ ਤੇ ਵਿਅਕਤੀ ਫੌਜਦਾਰੀ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰ ਹਾਲਾਤ ਇਹ ਹਨ ਕਿ ਵਿਭਾਗੀ ਜਾਂ ਫੌਜਦਾਰੀ ਦੋਵੇਂ ਤਰ੍ਹਾਂ ਦੀ ਕਾਰਵਾਈ ਕਰਕੇ ਵੀ ਇਸ ਮਾਮਲੇ ਦਾ ਸਾਰਥਕ ਹੱਲ ਨਹੀਂ ਨਿੱਕਲਣਾ ਕਿਉਂਕਿ ਇਹ ਮਸਲਾ ਕਿਸੇ ਖਲਾਅ ਵਿੱਚੋਂ ਨਹੀਂ ਪੈਦਾ ਹੋਇਆ ਬਲਕਿ ਇਹ ਵੀ ਹਰ ਮਸਲੇ ਵਾਙ ਖਾਸ ਹਾਲਾਤ ਦੀ ਉਪਜ ਹੈ ਅਤੇ ਹਾਲਾਤ ਨੂੰ ਨਜਿੱਠੇ ਬਿਨਾ ਇਸ ਦਾ ਪੱਕਾ ਹੱਲ੍ਹ ਨਹੀਂ ਨਿੱਕਲ ਸਕਦਾ।
ਇਸ ਪੇਸ਼ਕਸ਼ ਵਿੱਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇਸ ਮਾਮਲੇ ਪਿੱਛੇ ਖੜ੍ਹੇ ਹਾਲਾਤ ਬਾਰੇ ਸੱਤ ਅਹਿਮ ਪੱਖਾਂ ਦੀ ਸ਼ਨਾਖਤ ਕਰਕੇ ਉਸ ਬਾਰੇ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਵਿਚਾਰ ਸੰਗਤਾਂ ਦੀ ਜਾਣਕਾਰੀ ਹਿੱਤ ਇੱਥੇ ਸਾਂਝੇ ਕੀਤੇ ਜਾ ਰਹੇ ਹਨ।