ਰਾਜਪੁਰਾ : ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ। ਫੋਰਸਾਂ ਨੇ ਵੱਡੀ ਗਿਣਤੀ ਵਿਚ ਅੱਥਰੂ ਗੈਸ ਅਤੇ ਧਮਾਕਾ ਕਰਨ ਵਾਲੇ ਗੋਲੇ ਦਾਗੇ।
ਪੁਲਿਸ ਵੱਲੋਂ ਕਿਸਾਨਾਂ ਦੇ ਗੋਲੀਆਂ ਵੀ ਮਾਰੀਆਂ ਗਈਆਂ ਜਿਸ ਨਾਲ ਖਨੌਰੀ ਬਾਰਡਰ ਉੱਤੇ ਸ਼ੁਭਕਰਨ ਸਿੰਘ (22) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਖਨੌਰੀ ਬਾਰਡਰ ਤੋਂ ਕੁਝ ਕਿਸਾਨਾਂ ਨੀੰ ਅਹਵਾਹ ਕਰਕੇ ਵੀ ਲੈ ਗਈ ਜਿਹਨਾਂ ਵਿਚੋਂ ਇਕ ਦੇ ਬਹੁਤ ਗੰਭੀਰ ਹਾਲਤ ਵਿਚ ਪੀ.ਜੀ.ਆਈ. ਰੋਹਤਕ ਵਿਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
21 ਫਰਵਰੀ ਦੀ ਸ਼ਾਮ ਤੱਕ ਪੰਜਾਬ ਪੁਲਿਸ ਵੱਲੋਂ ਪੰਜਾਬ ਵਿਚ ਸਖਤੀ ਦਾ ਰੁਖ ਅਪਨਾਇਆ ਗਿਆ ਤੇ ਕਿਸਾਨ ਮੋਰਚੇ ਵਿਚ ਰਸਦ-ਪਾਣੀ ਤੇ ਲੋਕਾਂ ਦੀ ਸ਼ਮੂਲੀਅਤ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਇਸ ਸਭ ਦੇ ਬਾਵਜੂਦ ਕਿਸਾਨ ਮੋਰਚਾ ਦੋਵਾਂ ਬਾਰਡਰਾਂ ਉੱਤੇ ਜਿਉਂ ਦਾ ਤਿਉਂ ਕਾਇਮ ਹੈ।
ਪੰਜਾਬ ਤੇ ਹਰਿਆਣੇ ਦਰਮਿਆਨ ਘੱਗਰ ਨਦੀ ਉੱਤੇ ਬਣੇ ਪੁੱਲ ’ਤੇ ਲੱਗੇ ਸ਼ੰਭੂ ਮੋਰਚੇ ਵਿੱਚ ਇਕੱਠ ਪਹਿਲਾਂ ਵਾਂਗ ਹੀ ਹੈ। ਕੋਈ ਵੀ ਟਰੈਕਟਰ ਟਰਾਲੀਆਂ ਅੰਦੋਲਨ ਤੋਂ ਵਾਪਿਸ ਨਹੀਂ ਪਰਤੇ। ਇਹੀ ਸਥਿਤੀ ਖਨੌਰੀ ਮੋਰਚੇ ਦੀ ਹੈ।
ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਵਾਂਗ ਹੀ ਬਾਰਡਰ ਉੱਤੇ ਮੋਰਚਾ ਵੇਖਣ ਤੇ ਇਸ ਵਿਚ ਹਾਜ਼ਰੀ ਲਵਾਉਣ ਆ ਰਹੇ ਹਨ। ਸ਼ੰਭੂ ਮੋਰਚੇ ਵਿਚ ਬਣੀ ਆਰਜੀ ਸਟੇਜ ਤੋਂ ਤਕਰੀਰਾਂ ਕਰਨ ਵਾਲਿਆਂ ਦੀ ਕਤਾਰ ਪਹਿਲਾਂ ਵਰਗੀ ਹੀ ਹੈ ਅਤੇ ਲੰਗਰਾਂ ਦੇ ਪ੍ਰਬੰਧ ਵਿੱਚ ਵੀ ਕੋਈ ਕਮੀਂ ਨਹੀਂ ਆਈ।
ਮੋਰਚੇ ਉੱਤੇ 21 ਫਰਵਰੀ ਨੂੰ ਹੋਈ ਭਾਰੀ ਗੋਲਾਬਾਰੀ ਦੇ ਬਾਵਜੂਦ ਬੀਬੀਆਂ ਦੀ ਸ਼ਮੂਲੀਅਤ ਵੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ।
ਮੋਰਚੇ ਵਿਚ ਲਗਾਤਾਰ ਕਿੰਨੂ ਅਤੇ ਜਲ ਦੀ ਸੇਵਾ ਲੈ ਕੇ ਲੋਕ ਪਹੁੰਚ ਰਹੇ ਹਨ।
ਬੀਤੇ ਦੋ ਦਿਨਾਂ ਦੌਰਾਨ ਟਕਰਾਵੀਂ ਸਥਿਤੀ ਨਾ ਬਣਨ ਦੇ ਚੱਲਦਿਆਂ ਮੀਡੀਆ ਦੀ ਹਾਜ਼ਰੀ ਦੀ ਘਾਟ ਨਜ਼ਰ ਆ ਰਹੀ ਹੈ।
ਕੁੱਲ ਮਿਲਾ ਕੇ ਇਸ ਵਕਤ ਮੋਰਚਾ ਪਹਿਲਾਂ ਵਾਂਗ ਹੀ ਨਜ਼ਰ ਆ ਰਿਹਾ ਹੈ। ਇਕੱਠ ਘਟਣ ਦੀ ਬਜਾਏ ਅਗਲੇ ਦਿਨਾਂ ਵਿਚ ਵਧਣ ਦੇ ਅਸਾਰ ਲੱਗ ਰਹੇ ਹਨ।
ਸ਼ੰਭੂ ਮੋਰਚੇ ਵਿਚ ਟਰੈਕਟਰ ਟਰਾਲੀਆਂ ਦੀਆਂ ਕਤਾਰਾਂ ਦੀ ਕੁੱਲ ਲੰਬਾਈ ਕਰੀਬ ਚਾਰ ਕਿੱਲੋ ਮੀਟਰ ਤੋਂ ਵੀ ਵੱਧ ਹੈ। ਜਿਸ ਵਿਚ ਟਰੈਕਟਰ ਟਰਾਲੀਆਂ ਦੀਆਂ ਤਿੰਨ-ਤਿੰਨ ਕਤਾਰਾਂ ਸ਼ਾਮਿਲ ਹਨ।