Site icon Sikh Siyasat News

ਦੋ ਹਫ਼ਤਿਆਂ ਦੇ ਅੰਦਰ ਪੰਜਾਬ ਪੁੱਜਣਗੀਆਂ ਜਲ ਬੱਸਾਂ: ਠੰਡਲ

ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਅਤੇ ਜੇਲ੍ਹਾਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪਾਣੀ ਵਿੱਚ ਬੱਸਾਂ ਚੱਲਣ ਦਾ ਕੀਤਾ ਗਿਆ ਵਾਅਦਾ, ਜਿਸ ’ਤੇ ਵਿਰੋਧੀਆਂ ਨੇ ਕਾਫੀ ਰੌਲਾ ਪਾਇਆ ਸੀ, ਪੂਰਾ ਹੋਣ ਜਾ ਰਿਹਾ ਹੈ। ਪਾਣੀ ਵਿੱਚ ਚੱਲਣ ਵਾਲੀਆਂ ਦੋ ਬੱਸਾਂ ਤਿਆਰ ਹੋ ਚੁੱਕੀਆਂ ਹਨ, ਜੋ ਕਿ 15 ਦਿਨਾਂ ਤੱਕ ਪੰਜਾਬ ਪਹੁੰਚ ਜਾਣਗੀਆਂ ਤੇ ਇਹ ਬੱਸਾਂ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਤੱਕ 12 ਕਿਲੋਮੀਟਰ ਤੱਕ ਪਾਣੀ ਵਿੱਚ ਚੱਲਣਗੀਆਂ।

ਪੰਜਾਬ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ {ਫਾਈਲ ਫੋਟੋ}

ਠੰਡਲ ਅੱਜ ਇੱਥੇ ਜੀ.ਟੀ. ਰੋਡ ਸਰਹਿੰਦ ਵਿਖੇ ਸਥਿਤ ਫਲੋਟਿੰਗ ਰੈਸਟੋਰੈਂਟ ਦੇ ਨਵੀਨੀਕਰਨ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਐਨ.ਪੀ.ਐਸ. ਰੰਧਾਵਾ, ਐਸ.ਪੀ. ਸਿੰਘ ਢੀਂਡਸਾ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਹਰਬੰਸ ਸਿੰਘ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਅਧੀਨ 63 ਲੱਖ ਰੁਪਏ ਦੀ ਲਾਗਤ ਨਾਲ ਫਲੋਟਿੰਗ ਰੈਸਟੋਰੈਂਟ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਛੇਤੀ ਹੀ ਦੂਜੇ ਪੜਾਅ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਸਦਕਾ ਅੱਜ ਪੰਜਾਬ ਸੈਰ ਸਪਾਟੇ ਦੇ ਖੇਤਰ ਵਿੱਚ ਦੇਸ਼ ਵਿੱਚੋਂ 28ਵੇਂ ਸਥਾਨ ਤੋਂ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਠੰਡਲ ਨੇ ਕਿਹਾ ਕਿ ਸੈਰ ਸਪਾਟੇ ਨੂੰ ਵਧਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੁਰਾਣੀਆਂ ਇਤਿਹਾਸਕ ਤੇ ਧਾਰਮਿਕ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਗਏ ਹਨ ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਹੈਰੀਟੇਜ ਸਿਟੀ ਦਾ ਦਰਜਾ ਪ੍ਰਾਪਤ ਅੰਮ੍ਰਿਤਸਰ ਲਈ ਰਾਜ ਸਰਕਾਰ ਨੇ ਵੀ ਵੱਡੇ ਪ੍ਰੋਜੈਕਟ ਉਲੀਕੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version