ਨਵੀਂ ਦਿੱਲੀ: ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੀ ਯਾਦ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ‘ਸੱਚ ਦੀ ਕੰਧ’ 15 ਜਨਵਰੀ 2017 ਨੂੰ ਖੁੱਲਣ ਜਾ ਰਹੀ ਹੈ। ਯਾਦਗਾਰ ’ਚ ਅੱਜ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ, ਜਿਸ ਦਾ ਭੋਗ 8 ਜਨਵਰੀ 2017 ਨੂੰ ਪੈਣਗੇ।
ਲਗਭਗ ਸਾਢੇ ਤਿੰਨ ਸਾਲ ਅੰਦਰ ਬਣਕੇ ਤਿਆਰ ਹੋਈ ਯਾਦਗਾਰ ਨੂੰ ਆਢੀ-ਤਿਰਛੀ ਦੀਵਾਰਾਂ ਦੀ ਬਣਾਵਟ ਦੇ ਕੇ ਇਨ੍ਹਾਂ ਦੀਵਾਰਾਂ ’ਤੇ ਕਤਲੇਆਮ ਵਿੱਚ ਮਾਰੇ ਗਏ ਲਗਭਗ ਤਿੰਨ ਹਜ਼ਾਰ ਸਿੱਖਾਂ ਅਤੇ ਸਿੱਖਾਂ ਨੂੰ ਬਚਾਉਣ ਦੌਰਾਨ ਆਪਣੀ ਜਾਨ ਗਵਾਉਣ ਵਾਲੇ 2 ਹਿੰਦੂ ਵੀਰਾਂ ਅਤੇ ਇੱਕ ਮੁਸਲਿਮ ਬੀਬੀ ਦਾ ਨਾਮ ਵੀ ਉਕੇਰਿਆ ਗਿਆ ਹੈ। ਇਨ੍ਹਾਂ ਦੀਵਾਰਾਂ ਵਿਚਕਾਰ ਹੀ 4 ਢਾਂਚੇ ਬਰਾਬਰਤਾ, ਮਨੁੱਖਤਾ, ਹਲੇਮੀ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਵਜੋਂ ਬਣਾਏ ਗਏ ਹਨ। ਇਸ ਦੇ ਨਾਲ ਹੀ ਲਗਭਗ 250 ਦਰਸ਼ਕਾਂ ਦੀ ਸਮਰੱਥਾ ਵਾਲਾ ਓਪਨ ਏਅਰ ਥਿਏਟਰ ਵੀ ਬਣਾਇਆ ਗਿਆ ਹੈ, ਜਿਸ ’ਚ ਸ਼ਾਮ ਦੇ ਵੇਲੇ ਖੂਨ ਦੇ ਪ੍ਰਤੀਕ ਵਜੋਂ ਲਾਲ ਰੰਗ ਦੀ ਲੇਜਰ ਲਾਈਟ ਅਸਮਾਨ ਵੱਲ ਮੂੰਹ ਕਰਕੇ ਆਪਣੀ ਰੋਸ਼ਨੀ ਕਈ ਮੀਲ ਤੱਕ ਛੱਡੇਗੀ।
ਇਸ ਮੌਕੇ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਯਾਦਗਾਰ ਨੂੰ ਕੌਮ ਦੀ ਇਤਿਹਾਸਕ ਇਮਾਰਤ ਦੱਸਿਆ। ਜੀ.ਕੇ. ਨੇ ਕਿਹਾ ਕਿ ਸਰਕਾਰਾਂ ਵੱਲੋਂ 32 ਸਾਲ ਤੋਂ ਇਨਸਾਫ ਨਾ ਦੇਣ ਦੇ ਬਾਵਜ਼ੂਦ ਸਿੱਖਾਂ ਵੱਲੋਂ ਚੜ੍ਹਦੀ ਕਲਾ ਨਾਲ ਯਾਦਗਾਰ ਦੀ ਉਸਾਰੀ ਕਰਵਾਉਣਾ ਸਿੱਖ ਵਿਰੋਧੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਯਾਦਗਾਰ ਦੀਆਂ ਦੀਵਾਰਾਂ ਨੂੰ ਦਿੱਲੀ ਦੀਆਂ ਗਲੀਆਂ ਦੇ ਤੌਰ ’ਤੇ ਪ੍ਰਭਾਸ਼ਿਤ ਕਰਦੇ ਹੋਏ ਜੀ.ਕੇ. ਨੇ ਨਵੰਬਰ 1984 ਵਿੱਚ ਸਿੱਖਾਂ ਵੱਲੋਂ ਗਲੀਆਂ ਵਿੱਚ ਭੱਜਕੇ ਜਾਨ ਬਚਾਉਣ ਦੀ ਮਜ਼ਬੂਰੀ ਵੱਸ ਕੀਤੀ ਗਈ ਕੋਸ਼ਿਸ਼ ਨੂੰ ਆਢੀ-ਤਿਰਛੀ ਦੀਵਾਰਾਂ ਨਾਲ ਜੋੜਿਆ। ਜੀ.ਕੇ. ਨੇ ਦਾਅਵਾ ਕੀਤਾ ਕਿ ਯਾਦਗਾਰ ਨੂੰ ਵੇਖਣ ਆਉਣ ਵਾਲੇ ਦੇਸੀ ਅਤੇ ਵਿਦੇਸ਼ੀ ਸੈਲਾਨੀ ਇਸਦੀ ਖੂਬਸੂਰਤੀ ਅਤੇ ਇਸ ਦੇ ਡਿਜ਼ਾਇਨ ਦੇ ਕਾਇਲ ਹੋ ਜਾਣਗੇ।
ਸਿਰਸਾ ਨੇ ਸੰਗਤਾਂ ਨੂੰ 15 ਜਨਵਰੀ ਤੋਂ ਬਾਅਦ ਯਾਦਗਾਰ ਦੇ ਦਰਸ਼ਨਾਂ ਲਈ ਆਪਣੇ ਬੱਚਿਆਂ ਦੇ ਨਾਲ ਆਉਣ ਦਾ ਵੀ ਸੱਦਾ ਦਿੱਤਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Wall of Truth – the 1984 Sikh Genocide memorial to be inaugurated on Jan. 15: DSGMC …