ਅੰਮ੍ਰਿਤਸਰ ’ਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ (ਐਨ ਵਿਚਕਾਰ) ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ (ਖੱਬੇ ਤੋਂ ਦੂਜੇ)

ਸਿਆਸੀ ਖਬਰਾਂ

ਪੰਜਾਬ ‘ਚ 5 ਵਿਧਾਨ ਸਭਾ ਹਲਕਿਆਂ ਦੇ 48 ਬੂਥਾਂ ’ਤੇ ਅੱਜ ਦੁਬਾਰਾ ਵੋਟਿੰਗ

By ਸਿੱਖ ਸਿਆਸਤ ਬਿਊਰੋ

February 09, 2017

ਚੰਡੀਗੜ੍ਹ: ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਮਜੀਠਾ, ਸੰਗਰੂਰ, ਮੁਕਤਸਰ, ਮੋਗਾ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਪੈਂਦੇ 48 ਪੋਲਿੰਗ ਬੂਥਾਂ ’ਤੇ ਅੱਜ (ਵੀਰਵਾਰ ਨੂੰ) ਦੁਬਾਰਾ ਵੋਟਾਂ ਪਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪੋਲਿੰਗ ਬੂਥਾਂ ’ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਨ੍ਹਾਂ ਬੂਥਾਂ ’ਤੇ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀਵੀਪੀਏਟ ਮਸ਼ੀਨਾਂ (ਵੋਟ ਦੀ ਪੁਸ਼ਟੀ ਲਈ ਪਰਚੀ ਕੱਢਣ ਵਾਲੀ ਮਸ਼ੀਨ) ’ਚ ਖ਼ਰਾਬੀ ਆਉਣ ਕਾਰਨ ਇਹ ਵੋਟਾਂ ਪਵਾਈਆਂ ਜਾ ਰਹੀਆਂ ਹਨ। ਦੁਬਾਰ ਵੋਟਿੰਗ ਦੇ ਕੰਮ ‘ਤੇ ਨਿਗਰਾਨੀ ਲਈ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਪੰਜਾਬ ’ਚ ਹੀ ਰੁਕੇ ਹੋਏ ਹਨ।

ਚੋਣ ਕਮਿਸ਼ਨ ਦੇ ਫ਼ੈਸਲੇ ਤੋਂ ਬਾਅਦ ਸਕਸੈਨਾ ਅਤੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਮੰਗਲਵਾਰ ਨੂੰ ਸੰਗਰੂਰ ਹਲਕੇ ਦੇ ਉਨ੍ਹਾਂ ਬੂਥਾਂ ਦਾ ਦੌਰਾ ਕੀਤਾ ਜਿੱਥੇ ਮੁੜ ਤੋਂ ਵੋਟਾਂ ਪਵਾਈਆਂ ਜਾਣੀਆਂ ਹਨ। ਉਨ੍ਹਾਂ ਬੁੱਧਵਾਰ ਨੂੰ ਅੰਮ੍ਰਿਤਸਰ ਸੰਸਦੀ ਹਲਕੇ, ਮਜੀਠਾ ਅਤੇ ਮੁਕਤਸਰ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਦਾ ਵੀ ਜਾਇਜ਼ਾ ਲਿਆ। ਚੋਣ ਅਫ਼ਸਰਾਂ ਦਾ ਕਹਿਣਾ ਹੈ ਕਿ 48 ਪੋਲਿੰਗ ਬੂਥਾਂ ’ਤੇ 4 ਫਰਵਰੀ ਨੂੰ ਵੋਟਾਂ ਪੈਣ ਦਾ ਅਮਲ ਨਿਰਧਾਰਤ ਸਮੇਂ 8 ਵਜੇ ਤੋਂ ਦੇਰੀ ਨਾਲ ਸ਼ੁਰੂ ਹੋਇਆ ਸੀ ਜਿਸ ਕਰ ਕੇ ਕੁਝ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਤੋਂ ਵਾਂਝੇ ਰਹਿ ਗਏ ਸਨ।

ਵਧੀਕ ਮੁੱਖ ਚੋਣ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੋਲਿੰਗ ਬੂਥਾਂ ’ਤੇ ਨੀਮ ਸੁਰੱਖਿਆ ਬਲਾਂ ਦੇ ਨਾਲ ਹੀ ਚੋਣ ਅਮਲੇ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸਾਰੇ ਪੋਲਿੰਗ ਬੂਥਾਂ ਦੀ ਵੈਬਕਾਸਟਿੰਗ ਹੋਏਗੀ। ਉਧਰ ਚੋਣ ਅਫ਼ਸਰਾਂ ਦਾ ਇਹ ਵੀ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ ਬੇਲੋੜੀ ਮੁਕੱਦਮੇਬਾਜ਼ੀ ਤੋਂ ਬਚਣ ਲਈ ਮੁੜ ਤੋਂ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਚੋਣ ਹਾਰਨ ਵਾਲੇ ਉਮੀਦਵਾਰਾਂ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਖ਼ਰਾਬੀ ਨੂੰ ਮੁੱਦਾ ਬਣਾਏ ਜਾਣ ਦਾ ਖ਼ਦਸ਼ਾ ਅਧਿਕਾਰੀ ਪ੍ਰਗਟਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: