ਬੱਸੀ ਪਠਾਣਾਂ (17 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਉਪਰੰਤ ਅੱਜ ਸ਼ਾਮੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਪੰਥਕ ਮੋਰਚੇ ਦੀ ਕੱਲ੍ਹ ਹੋਈ ਰੈਲੀ ਤੇ 2 ਕਿਲੋਮੀਟਰ ਤੋਂ ਵੀ ਵੱਧ ਲੰਮੇ ਕਾਫ਼ਲੇ ਨੂੰ ਵੇਖ ਕੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਹੈ। ਉਨ੍ਹਾਂ ਖ਼ਦਸਾ ਪ੍ਰਗਟ ਕੀਤਾ ਕਿ ਭਲਕੇ ਵੋਟਾਂ ਪੈਣ ਸਮੇਂ ਸੱਤਾਧਾਰੀ ਧਿਰ ਵੱਡੇ ਪੱਧਰ ’ਤੇ ਤਾਕਤ ਦੀ ਵਰਤੋਂ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਪਹਿਲਾਂ ਵੀ ਕੁਝ ਮੌਕਿਆਂ ’ਤੇ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਤੋਂ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਤੋਂ ਬਾਹਰ ਚਲੇ ਜਾਂਦੇ ਰਹੇ ਹਨ। ਹੁਣ ਭਲਕੇ ਹੋ ਰਹੀਆਂ ਵੋਟਾਂ ਤੋਂ ਇੱਕਦਮ ਪਹਿਲਾਂ ਉਨ੍ਹਾਂ ਵਲੋਂ ਅਹਿਮਦਾਬਾਦ ਚਲੇ ਜਾਣਾ ਕਈ ਸੰਕਿਆ ਨੂੰ ਜਨਮ ਦਿੰਦਾ ਹੈ।ਇਸ ਸਮੇਂ ਸੱਤਾਧਾਰੀ ਧਿਰ ਦੀ ਚੋਣ ਪ੍ਰਕਿਰਿਆ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੇ ਹੱਥਾਂ ਵਿੱਚ ਹੈ ਜਿਸ ਕਾਰਨ ਉਨ੍ਹਾਂ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਵੋਟਾਂ ਸਮੇਂ ਡੰਡੇ ਦੇ ਜ਼ੋਰ ’ਤੇ ਕਿਧਰੇ ਵੀ ਵੱਡੇ ਪੱਧਰ ’ਤੇ ਧਾਂਦਲੀਆ ਹੋ ਸਕਦੀਆਂ ਹਨ ਜਾਂ ਜਾਲ੍ਹੀ ਵੋਟਾਂ ਭੁਗਤਾਈਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਜਿੱਥੇ ਵੀ ਕਿਤੇ ਅਜਿਹਾ ਕੁਝ ਵਾਪਰਦਾ ਦਿਸੇ ਤਾਂ ਤੁਰੰਤ ਇਸਦੀ ਰਿਪੋਰਟ ਸਮਰਥ ਅਧਿਕਾਰੀਆਂ ਵਲੋਂ ਮਹੱਈਆ ਕੀਤੇ ਨੰਬਰਾਂ ’ਤੇ ਕੀਤੀ ਜਾਵੇ ਅਤੇ ਸੁਣਵਾਈ ਨਾ ਹੋਣ ’ਤੇ ਪੰਥਕ ਮੋਰਚੇ ਦੇ ਆਗੂਆਂ ਤੇ ਉਮੀਦਵਾਰਾ ਧਿਆਨ ਵਿੱਚ ਇਹ ਗੱਲ ਲਿਆਂਦੀ ਜਾਵੇ। ਇਸ ਮੌਕੇ ਉਕਤ ਉਮੀਦਵਾਰਾਂ ਨਾਲ ਸ. ਹਰੀ ਸਿੰਘ ਰੈਲੋਂ, ਸੀਨੀਅਰ ਆਗੂ ਸ. ਪ੍ਰਿਤਪਾਲ ਸਿੰਘ ਬਡਵਾਲਾ, ਮਾਸਟਰ ਰਣਜੀਤ ਸਿੰਘ ਹਵਾਰਾ, ਸ. ਗੁਰਮੁਖ ਸਿੰਘ ਡਡਹੇੜੀ (ਸਾਬਕਾ ਸਰਪੰਚ), ਭੁਪਿੰਦਰ ਸਿੰਘ ਮਹਿਦੂਦਾਂ, ਸ. ਦਰਸ਼ਨ ਸਿੰਘ ਬੈਣੀ, ਸ. ਹਰਪਾਲ ਸਿੰਘ ਸ਼ਹੀਦਗੜ੍ਹ, ਸ.ਪਰਮਜੀਤ ਸਿੰਘ ਸਿੰਬਲੀ, ਸੋਹਨ ਸਿੰਘ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਜਸਵੀਰ ਸਿੰਘ ਬਸੀ, ਭਗਵੰਤ ਸਿੰਘ ਮਹੱਦੀਆਂ, ਸ. ਗੁਲਜ਼ਾਰ ਸਿੰਘ ਮਨੈਲੀ, ਸ. ਗੁਰਪਾਲ ਸਿੰਘ ਬਦੇਸ਼ਾਂ ਖੁਰਦ, ਅਮਰੀਕ ਸਿੰਘ ਸ਼ਾਹੀ, ਸੁਦਾਗਰ ਸਿੰਘ ਚੁੰਨ੍ਹੀ, ਫੌਜਾ ਸਿੰਘ ਕਰੀਮਪੁਰਾ ਆਦਿ ਹਾਜ਼ਰ ਸਨ।