ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ

ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਕਾਰਜਕਾਰਨੀ ਤੋਂ ਬਾਹਰ ਕੱਢਿਆ

By ਸਿੱਖ ਸਿਆਸਤ ਬਿਊਰੋ

March 29, 2015

ਨਵੀਂ ਦਿੱਲੀ(28 ਮਾਰਚ, 2015): ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿੱਚ ਪਾਰਟੀ ਦੇ ਸੰਸਥਪਕ ਮੈਂਬਰਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਦੀ ਕਾਰਜ਼ਕਾਰਨੀ ਚੋਂ ਕੱਢ ਦਿੱਤਾ ਹੈ।ਇਨ੍ਹਾਂ ਦੋਵਾਂ ਨੇਤਾਵਾਂ ਤੋਂ ਇਲਾਵਾ ਪਹਿਲਾਂ ਦੋਵੇਂ ਧੜਿਆਂ ‘ਚ ਸੂਤਰਧਾਰ ਦੀ ਭੂਮਿਕਾ ਨਿਭਾਅ ਰਹੇ ਪ੍ਰੋ: ਆਨੰਦ ਕੁਮਾਰ ਅਤੇ ਅਜਿਤ ਝਾਅ ਨੂੰ ਵੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਰਾਸ਼ਟਰੀ ਪੱਧਰ ‘ਤੇ ਪਾਰਟੀ ਸਬੰਧੀ ਅਹਿਮ ਫ਼ੈਸਲੇ ਲੈਣ ਵਾਲੀਆਂ ਦੋਵਾਂ ਕਮੇਟੀਆਂ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ. ਸੀ.) ਅਤੇ ਰਾਸ਼ਟਰੀ ਕਾਰਜਕਾਰਨੀ (ਐਨ. ਈ.) ਤੋਂ ਬਾਹਰ ਹੋਣ ਤੋਂ ਬਾਅਦ ਉਕਤ ਦੋਵੇਂ ਨੇਤਾ ਹੁਣ ਪਾਰਟੀ ਦੇ ਰਾਜ ਪੱਧਰ ਦੇ ਨੇਤਾ ਬਣ ਗਏ ਹਨ, ਜਿਨ੍ਹਾਂ ਦੀ ਰਾਇ ਪਾਰਟੀ ਸਬੰਧੀ ਅਹਿਮ ਫ਼ੈਸਲੇ ਲੈਣ ਲਈ ਲੋੜੀਂਦੀ ਨਹੀਂ ਹੋਵੇਗੀ। ਹਾਲਾਂਕਿ ਦੋਵਾਂ ਨੇਤਾਵਾਂ ਨੂੰ ਪਾਰਟੀ ‘ਚੋਂ ਕੱਢਣ ਦੇ ਕਿਆਸ ਵੀ ਲਾਏ ਜਾ ਰਹੇ ਸਨ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਆਮ ਆਦਮੀ ਪਾਰਟੀ ਲਈ ਵੀ ਸੌਖਾ ਨਹੀਂ ਅਤੇ ਇਸ ਦੇ ਉਲਟ ਨਤੀਜੇ ਸਾਹਮਣੇ ਆ ਸਕਦੇ ਸਨ।

ਦਿੱਲੀ ਦੇ ਕਾਪਸਹੇੜਾ ਇਲਾਕੇ ‘ਚ ਹੋਈ ਮੀਟਿੰਗ ‘ਚ ਇਨ੍ਹਾਂ ਚਾਰੇ ਆਗੂਆਂ ਨੂੰ ਕੌਮੀ ਕਾਰਜਕਾਰਨੀ ‘ਚੋਂ ਕੱਢਣ ਦਾ ਮਤਾ ਲਿਆਂਦਾ ਗਿਆ, ਜਿਸ ਦਾ 247 ਮੈਂਬਰਾਂ ਨੇ ਸਮਰਥਨ ਕੀਤਾ, 8 ਨੇ ਵਿਰੋਧ ਅਤੇ 54 ਮੈਂਬਰਾਂ ਨੇ ਵੋਟਿੰਗ ਦੇ ਅਮਲ ‘ਚ ਹਿੱਸਾ ਨਹੀਂ ਲਿਆ। ਇਨ੍ਹਾਂ ਨੇਤਾਵਾਂ ‘ਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ ਇਲਜ਼ਾਮ ਲਾਇਆ ਗਿਆ।

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਿਆਂ ਦੇ ਆਸਾਰ ਉਸ ਵੇਲੇ ਸਪੱਸ਼ਟ ਹੋ ਗਏ ਜਦ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੇ ਮੀਟਿੰਗ ‘ਚ ਆਉਣ ‘ਤੇ ਮੁਰਦਾਬਾਦ ਅਤੇ ਪਾਰਟੀ ਦੇ ਗ਼ਦਾਰ ਵਰਗੇ ਨਾਅਰਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਪਰ ਹੰਗਾਮਿਆਂ ਦੀ ਪੇਸ਼ੀਨਗੋਈ ਹੁੰਦਿਆਂ ਉਥੇ ਪੁਲਿਸ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ ਸੀ।

ਮੀਟਿੰਗ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਨਾਲ ਕੀਤੀ ਗਈ, ਜਿਸ ‘ਚ ਬਕੌਲ ਯੋਗੇਂਦਰ ਯਾਦਵ, ਉਨ੍ਹਾਂ ਦੇ ਰਾਸ਼ਟਰ ਹਿੱਤ ਜਾਂ ਪਾਰਟੀ ਹਿੱਤ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਪੂਰਾ ਭਾਸ਼ਣ ਉਨ੍ਹਾਂ ਦੋਵਾਂ ‘ਤੇ ਇਲਜ਼ਾਮਾਂ ‘ਤੇ ਹੀ ਕੇਂਦਰਿਤ ਰੱਖਿਆ। 4 ਮਾਰਚ ਨੂੰ ਹੋਈ ਪੀ. ਏ. ਸੀ. ਦੀ ਬੈਠਕ ਵਾਂਗ ਅੱਜ ਵੀ ਫ਼ੈਸਲੇ ਦੀ ਘੜੀ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੇ ਬੈਠਕ ‘ਚੋਂ ਰੁਖਸਤੀ ਲੈ ਲਈ ਅਤੇ ਬੈਠਕ ਦੀ ਪ੍ਰਧਾਨਗੀ ਦਾ ਜ਼ਿੰਮਾ ਗੋਪਾਲ ਰਾਏ ਨੂੰ ਦੇ ਦਿੱਤਾ ਗਿਆ।

ਪਰ ਉਸ ਦੇ ਫੌਰਨ ਬਾਅਦ ਹੀ ਮੰਚ ਦਾ ਜ਼ਿੰਮਾ ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਕੇਜਰੀਵਾਲ ਦੇ ਕਰੀਬੀ ਮਨੀਸ਼ ਸਿਸੋਦੀਆ ਨੇ ਸੰਭਾਲਦਿਆਂ ਇਨ੍ਹਾਂ 4 ਨੇਤਾਵਾਂ ਨੂੰ ਰਾਸ਼ਟਰੀ ਕਾਰਜਕਾਰਨੀ ‘ਚੋਂ ਕੱਢਣ ਦਾ ਮਤਾ ਲਿਆਂਦਾ, ਜਿਸ ‘ਤੇ ਖੁੱਲ੍ਹੀ ਵੋਟਿੰਗ ਰਾਹੀਂ ਫ਼ੈਸਲਾ ਵੀ ਸੁਣਾ ਦਿੱਤਾ ਗਿਆ।

ਮੀਟਿੰਗ ਤੋਂ ਬਾਅਦ ਯੋਗੇਂਦਰ ਯਾਦਵ ਨੇ ਮੀਟਿੰਗ ‘ਚ ਸਾਰੇ ਨੇਮਾਂ ਨੂੰ ਅਣਗੌਲਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਲੋਕਤੰਤਰ ਦੀ ਹੱਤਿਆ ਹੋਈ ਹੈ। ਪਾਰਟੀ ਨੇਤਾ ਨੇ ਮੀਟਿੰਗ ਦੌਰਾਨ ਬਾਊਾਸਰਾਂ ਰਾਹੀਂ ਮਾਰ-ਕੁਟਾਈ ਕਰਵਾਉਣ, ਗੁਪਤ ਮਤਦਾਨ ਨਾ ਕਰਵਾਉਣ ਅਤੇ ਦੂਜੀ ਧਿਰ ਨੂੰ ਬੋਲਣ ਦਾ ਕੋਈ ਵੀ ਮੌਕਾ ਨਾ ਦਿੱਤੇ ਜਾਣ ਦੇ ਇਲਜ਼ਾਮ ਲਾਏ।

ਮੀਟਿੰਗ ਤੋਂ ਤਕਰੀਬਨ ਡੇਢ ਘੰਟਾ ਬਾਅਦ ਚਾਰੋਂ ਨੇਤਾ ਇਕ ਵਾਰ ਫਿਰ ਦਿੱਲੀ ਦੇ ਪ੍ਰੈੱਸ ਕਲੱਬ ਵਿਖੇ ਮੀਡੀਆ ਦੇ ਰੂਬਰੂ ਹੋਏ ਅਤੇ ਮੀਟਿੰਗ ਦਾ ਵੇਰਵਾ ਦਿੰਦਿਆਂ ਕੇਜਰੀਵਾਲ ਵੱਲੋਂ ਲੋਕਾਂ ਨੂੰ ਉਕਸਾਉਣ ਅਤੇ ਉਨ੍ਹਾਂ ਨੂੰ ਸਪੱਸ਼ਟੀਕਰਨ ਦਾ ਮੌਕਾ ਨਾ ਦੇਣ ਬਾਰੇ ਦੱਸਿਆ। ਕਮੇਟੀ ‘ਚੋਂ ਕੱਢੇ ਨੇਤਾਵਾਂ ਨੇ ਇਕ ਤਰ੍ਹਾਂ ਮੀਡੀਆ ਸਾਹਮਣੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਭਾਵੇਂ ਇਨ੍ਹਾਂ ਨੇਤਾਵਾਂ ਨਾਲ ਕੋਈ ਬਹੁਤ ਵੱਡੀ ਤਦਾਦ ਨਹੀਂ ਸੀ। ਪਰ ਰਾਸ਼ਟਰੀ ਕਾਰਜਕਾਰਨੀ ਅਤੇ ਨੈਸ਼ਨਲ ਕੌਾਸਲ ਦੇ ਕੁਝ ਮੈਂਬਰਾਂ ਤੋਂ ਇਲਾਵਾ ਪਟਿਆਲਾ ਤੋਂ ਸਾਂਸਦ ਡਾ: ਧਰਮਵੀਰ ਗਾਂਧੀ ਦਾ ਸਾਥ ਵੀ ਇਨ੍ਹਾਂ ਨੂੰ ਹਾਸਿਲ ਹੋਇਆ।

ਪ੍ਰੈੱਸ ਕਾਨਫਰੰਸ ਦੌਰਾਨ ਯਾਦਵ ਨੇ ਪਾਰਟੀ ਵੱਲੋਂ ਮਰਯਾਦਾਵਾਂ ਤੋਂ ਸੱਖਣੀ ਅੱਜ ਦੀ ਮੀਟਿੰਗ ‘ਤੇ ਦੁੱਖ ਅਤੇ ਸ਼ਰਮਿੰਦਗੀ ਦਾ ਇਜ਼ਹਾਰ ਕੀਤਾ।

ਪ੍ਰਸ਼ਾਂਤ ਭੂਸ਼ਣ ਨੇ ਅੱਜ ਦੀ ਮੀਟਿੰਗ ‘ਚ ਸਭ ਕੁਝ ਪਹਿਲਾਂ ਤੋਂ ਨਿਸ਼ਚਿਤ ਕੀਤਾ ਦੱਸਦਿਆਂ ਕਿਹਾ ਕਿ ਸਵਰਾਜ ਦੇ ਮੁੱਦੇ ‘ਤੇ ਹੋਂਦ ‘ਚ ਆਈ ਪਾਰਟੀ ਦੇ ਅਜਿਹੇ ਰੂਪ ਦੀ ਕਲਪਨਾ ਨਹੀਂ ਕੀਤੀ ਸੀ।

ਯਾਦਵ, ਭੂਸ਼ਣ ਧੜੇ ਨੇ ਇਹ ਇਲਜ਼ਾਮ ਵੀ ਲਾਇਆ ਕਿ ਉਨ੍ਹਾਂ ਨੂੰ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਾਰਟੀ ਦੇ ਅੰਦਰੂਨੀ ਲੋਕਪਾਲ ਐਡਮਿਰਲ ਰਾਮਦਾਸ, ਜੋ ਕਿ ਹਾਲੇ ਤੱਕ ਹੋਈਆਂ ਸਾਰੀਆਂ ਮੀਟਿੰਗਾਂ ਦਾ ਹਿੱਸਾ ਰਹੇ ਹਨ, ਨੂੰ ਮੀਟਿੰਗ ‘ਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਜਿਸ ਦੇ ਸਬੂਤ ਦੇ ਤੌਰ ‘ਤੇ ਉਨ੍ਹਾਂ ਨੇ ਐਡਮਿਰਲ ਰਾਮਦਾਸ ਵੱਲੋਂ ਲਿਖੀ ਚਿੱਠੀ ਵੀ ਪੇਸ਼ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: