Site icon Sikh Siyasat News

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬਲਾੜ੍ਹਾ ਦੀ ਪੰਚਾਇਤ ਨੇ ਪਾਇਆ ਪਹਿਲਾ ਮਤਾ

bhullar resolationਫ਼ਤਿਹਗੜ੍ਹ ਸਾਹਿਬ (14 ਜੂਨ, 2011): ਪਿੰਡ ਬਲਾੜਾ ਦੀ ਪੰਚਾਇਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਰਾਸ਼ਟਰਪਤੀ ਨੂੰ ਮਤਾ ਪਾਸ ਕਰਕੇ ਭੇਜਣ ਵਾਲੀ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਪਹਿਲੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਦੱਸਿਆ ਕਿ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਪੰਚਾਇਤਾਂ ਦੇ ਮਤੇ ਪਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਪਿੰਡ ਬਲਾੜ੍ਹਾ ਦੇ ਸਰਪੰਚ ਸ. ਸੁਖਵੀਰ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਇਹ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਣ ਲਈ ਪੰਚ ਪ੍ਰਧਾਨੀ ਦੇ ਆਗੂਆਂ ਨੂੰ ਸੌਂਪਿਆ। ਦਲ ਦੇ ਆਗੂਆਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਹੋਰਨਾਂ ਪੰਚਾਇਤਾਂ ਨਾਲ ਵੀ ਦਲ ਸੰਪਰਕ ਬਣਾ ਰਿਹਾ ਹੈ ਤੇ ਪੰਚਾਇਤਾਂ ਦਾ ਵੀ ਇਸ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਇਸੇ ਦੌਰਾਨ ਬਡਾਲੀ ਆਲਾ ਸਿੰਘ ਦੀ ਪੰਚਾਇਤ ਨੇ ਸਰਪੰਚ ਹਰਬੰਸ ਸਿੰਘ ਬਬਲਾ, ਚੁੰਨ੍ਹੀ ਪਿੰਡ ਦੀ ਪੰਚਾਇਤ ਨੇ ਸਰਪੰਚ ਜਸਪਾਲ ਕੌਰ, ਪਿੰਡ ਤੂਰਾਂ ਦੀ ਪੰਚਾਇਤ ਨੇ ਸਰਪੰਚ ਸਮਸ਼ੇਰ ਸਿੰਘ ਦੀ ਅਗਵਾਈ ਹੇਠ ਮਤੇ ਪਾਸ ਕਰਕੇ ਭੇਜ ਦਿੱਤੇ ਹਨ। ਪੰਦ ਪ੍ਰਧਾਨੀ ਦੇ ਆਗੂਆ ਨੇ ਅਪੀਲ ਕੀਤੀ ਕਿ ਸਮੁੱਚੀਆਂ ਪੰਚਾਇਤਾਂ ਅਤੇ ਕੱਲਬ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਮਤੇ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਣ। ਉਨ੍ਹਾਂ ਸੰਗਤਾ ਨੂੰ ੳਫੀਲ ਕੀਤੀ ਕਿ 20 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਰਾਹੀਂ ਭਾਰਤੀ ਰਾਸ਼ਟਰਪਤੀ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਲਈ ਗੁਰਦੁਆਰਾ ਅੰਬ ਸਾਹਿਬ, ਫੇਸ 8, ਮੋਹਾਲੀ ਵਿਖੇ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚਣ, ਜਿੱਥੋਂ ਸਮੁੱਚੀਆਂ ਪੰਥਕ ਜਥੇਬੰਦੀਆਂ ਕਾਫਲੇ ਦੇ ਰੂਪ ਵਿੱਚ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਸੌਂਪਣਗੀਆਂ।

ਜ਼ਿਕਰਯੋਗ ਹੈ ਕਿ 31 ਮਈ ਨੂੰ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਪ੍ਰੋ. ਭੁੱਲਰ ਦੀ ਰਿਹਾਈ ਲਈ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਵਲੋਂ ਮਤੇ ਪਾਸ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਇਸ ਸਮੇਂ ਅਮਰਜੀਤ ਸਿੰਘ ਬਡਗੁਜਰਾਂ, ਪ੍ਰਮਿੰਦਰ ਸਿੰਘ ਕਾਲਾ ਤੇ ਗੁਰਦਾਸ ਸਿੰਘ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version