ਦਿਆਲਪੁਰਾ ਭਾਈਕਾ/ਬਠਿੰਡਾ (28 ਮਈ, 2011 – ਚਰਨਜੀਤ ਭੁੱਲਰ/ਰਾਜਿੰਦਰ ਸਿੰਘ ਮਰਾਹੜ): ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ ਦਾ ਇੱਕ ਘਰ ਉਦਾਸ ਹੈ ਕਿਉਂਕਿ ਵਰ੍ਹਿਆਂ ਤੋਂ ਦੁੱਖ ਝੱਲ ਰਹੇ ਇਸ ਘਰ ਨੂੰ ਆਪਣੇ ਮਾਲਕ ਦੇ ਮੁੜਨ ਦੀ ਉਡੀਕ ਮੁੱਕਣ ਲੱਗੀ ਹੈ। ਇਸ ਘਰ ਦੇ ਮਾਲਕ ਨੂੰ ਰਾਸ਼ਟਰਪਤੀ ਦੇ ਬੂਹੇ ਤੋਂ ਵੀ ਰਹਿਮ ਨਹੀਂ ਮਿਲਿਆ ਹੈ।
ਇਸ ਘਰ ਦਾ ਮਾਲਕ ਦਵਿੰਦਰਪਾਲ ਸਿੰਘ ਭੁੱਲਰ ਬੀਤੇ ਕਰੀਬ ਨੌਂ ਸਾਲਾਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਵੱਲੋਂ ਪਾਈ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ ਬੀਤੇ ਦਿਨ ਖਾਰਜ ਕਰ ਦਿੱਤੀ ਹੈ। ਰਾਸ਼ਟਰਪਤੀ ਦੇ ਇਸ ਫੈਸਲੇ ਨਾਲ ਪੂਰੇ ਪਿੰਡ ਦੇ ਲੋਕ ਉਦਾਸ ਹੋ ਗਏ ਕਿਉਂਕਿ ਇਹ ਲੋਕ ਇਸ ਘਰ ਵਿੱਚ ਮੁੜ ਜ਼ਿੰਦਗੀ ਦੀ ਠਹਿਰ ਦੇਖਣਾ ਚਾਹੁੰਦੇ ਸਨ। ਪਿੰਡ ਦਿਆਲਪੁਰਾ ਦੇ ਬਾਹਰ ਢਾਣੀਆਂ ’ਚ ਬਣੇ ਇਸ ਘਰ ਵਿੱਚ ਕਰੀਬ ਦੋ ਦਹਾਕਿਆਂ ਤੋਂ ਕਦੇ ਬੱਤੀ ਨਹੀਂ ਜਗੀ ਹੈ। 21 ਵਰ੍ਹਿਆਂ ਤੋਂ ਇਸ ਘਰ ’ਚ ਉਦਾਸੀ ਤੇ ਗਮਾਂ ਦਾ ਹੀ ਵਾਸਾ ਹੈ। ਘਰ ਨੂੰ ਲੱਗੇ ਜਿੰਦਰਿਆਂ ਨੂੰ ਜੰਗਾਲ ਪੈ ਗਈ ਹੈ। ਇਸ ਘਰ ਵਿੱਚ ਖੇਡ ਕੇ ਜਵਾਨ ਹੋਣ ਵਾਲਾ ਹੁਣ ਤਿਹਾੜ ਜੇਲ੍ਹ ’ਚ ਆਪਣੀ ਮੌਤ ਉਡੀਕ ਰਿਹਾ ਹੈ। ਜ਼ਿਕਰਯੋਗ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਤਹਿਤ ਬੰਦ ਹੈ। ਉਸਨੂੰ ਮਨਿੰਦਰਜੀਤ ਸਿੰਘ ਬਿੱਟਾ ’ਤੇ ਹਮਲੇ ਦੇ ਦੋਸ਼ਾਂ ਤਹਿਤ 2001 ਵਿੱਚ ਸਜ਼ਾ ਹੋਈ ਸੀ। ਉਸ ਵੱਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਹੋਈ ਸੀ, ਜਿਸ ਦਾ ਅੱਠ ਵਰ੍ਹਿਆਂ ਤੋਂ ਨਿਬੇੜਾ ਨਹੀਂ ਹੋ ਰਿਹਾ ਸੀ। ਸੁਪਰੀਮ ਕੋਰਟ ਵੱਲੋਂ 23 ਮਈ ਨੂੰ ਅਪੀਲ ਦੇ ਨਿਬੇੜੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਬੀਤੇ ਦਿਨ ਰਾਸ਼ਟਰਪਤੀ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਦਿਆਲਪੁਰਾ ਭਾਈਕਾ ਦੇ ਲੋਕ ਅਤੇ ਇਲਾਕੇ ਦੀਆਂ ਪੰਚਾਇਤਾਂ ਮਤੇ ਪਾਸ ਕਰਕੇ ਰਾਸ਼ਟਰਪਤੀ ਨੂੰ ਫੈਸਲੇ ’ਤੇ ਮੁੜ ਗੌਰ ਕਰਨ ਵਾਸਤੇ ਭੇਜਣਗੀਆਂ।
ਦਿਆਲਪੁਰਾ ਦੇ ਲੋਕ ਦੱਸਦੇ ਹਨ ਕਿ ਕਰੀਬ 42 ਸਾਲ ਪਹਿਲਾਂ ਬਲਵੰਤ ਸਿੰਘ (ਦਵਿੰਦਰਪਾਲ ਸਿੰਘ ਦਾ ਪਿਤਾ) ਨੇ ਪੱਟੀ ਤੋਂ ਆ ਕੇ ਇੱਥੇ ਆਪਣਾ ਮਕਾਨ ਬਣਾਇਆ ਸੀ। ਬਲਵੰਤ ਸਿੰਘ ਤੇ ਉਸਦੀ ਪਤਨੀ ਉਪਕਾਰ ਕੌਰ ਸਰਕਾਰੀ ਮੁਲਾਜ਼ਮ ਸਨ। ਘਰ ਵਿੱਚ ਰੌਣਕਾਂ ਆ ਗਈਆਂ ਅਤੇ ਦੋ ਪੁੱਤਰਾਂ ਦੇ ਹਾਸਿਆਂ ਨੇ ਘਰ ਵਿੱਚ ਰੂਹ ਭਰ ਦਿੱਤੀ। ਫਿਰ ਇੱਕ ਦਿਨ ਗੁਰਸਿੱਖ ਬਲਵੰਤ ਸਿੰਘ ਦਾ ਰਸਦਾ ਵਸਦਾ ਘਰ ਖੇਰੂੰ ਖੇਰੂੰ ਹੋ ਗਿਆ। ਬਲਵੰਤ ਸਿੰਘ ਦੇ ਲੜਕੇ ਦਵਿੰਦਰਪਾਲ ਸਿੰਘ ਭੁੱਲਰ ਦੇ ਵਿਆਹ ਮਗਰੋਂ ਨੂੰਹ ਨਵਨੀਤ ਕੌਰ ਨੂੰ ਇਸ ਘਰ ਦੀਆਂ ਬਰੂਹਾਂ ਅੰਦਰ ਇੱਕ ਵਾਰ ਹੀ ਪੈਰ ਪਾਉਣ ਦਾ ਮੌਕਾ ਮਿਲ ਸਕਿਆ।
ਇਸ ਘਰ ਦਾ ਦੌਰਾ ਕੀਤਾ ਗਿਆ ਤਾਂ ਚਾਰੇ ਪਾਸੇ ਬੇਰੌਣਕ ਬਣੀ ਹੋਈ ਸੀ। ਗੁਆਂਢ ’ਚ ਵਸਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਹੀਨਿਆਂ ਮਗਰੋਂ ਦਿੱਲੀ ਤੋਂ ਕੋਈ ਨਾ ਕੋਈ ਸਰਕਾਰੀ ਵਿਅਕਤੀ ਆਉਂਦਾ ਹੈ, ਆਸ ਪਾਸ ਦੇ ਲੋਕਾਂ ਦੇ ਬਿਆਨ ਲਿਖ ਕੇ ਵਾਪਸ ਮੁੜ ਜਾਂਦਾ ਹੈ। ਗੁਆਂਢੀਆਂ ਨੇ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ, ਜੋ ਕਿ 77 ਸਾਲ ਦੀ ਹੈ, ਅਤੇ ਭਰਾ ਜਤਿੰਦਰਪਾਲ ਸਿੰਘ ਹੁਣ ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਪਕਾਰ ਕੌਰ ਕਰੀਬ 12 ਸਾਲਾਂ ਮਗਰੋਂ ਪਿੰਡ ਆਈ ਸੀ ਤੇ ਉਹ ਆਪਣੇ ਮਕਾਨ ਦੀ ਥੋੜ੍ਹੀ ਬਹੁਤ ਮੁਰੰਮਤ ਕਰਵਾ ਕੇ ਵਾਪਸ ਚਲੀ ਗਈ। ਭੁੱਲਰ ਪਰਿਵਾਰ ਦੀ ਕਰੀਬ 15 ਏਕੜ ਜ਼ਮੀਨ ਵੀ ਨਾਲ ਹੀ ਹੈ। ਇਸ ਨੂੰ ਠੇਕੇ ’ਤੇ ਦਿੱਤਾ ਜਾਂਦਾ ਹੈ। ਲੋਕ ਦੱਸਦੇ ਹਨ ਕਿ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਪਿੱਛੇ ਪੁਲੀਸ ਲੱਗੀ ਹੋਈ ਸੀ ,ਉਦੋਂ ਹੀ ਉਸਦੇ ਪਿਤਾ ਬਲਵੰਤ ਸਿੰਘ ਨੂੰ ਪੁਲੀਸ ਚੁੱਕ ਕੇ ਲੈ ਗਈ। ਅੱਜ ਤੱਕ ਬਲਵੰਤ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਾ।
ਗੁਆਂਢਣ ਔਰਤ ਕਸ਼ਮੀਰ ਕੌਰ ਨੇ ਦੱਸਿਆ ਕਿ ਜਦੋਂ ਕੋਈ ਤਿੱਥ ਤਿਉਹਾਰ ਆਉਂਦਾ ਹੈ, ਤਾਂ ਪੂਰੇ ਪਿੰਡ ’ਚ ਰੌਸ਼ਨੀ ਹੁੰਦੀ ਹੈ। ਇਕੱਲਾ ਇਹ ਘਰ ਹੈ ਜਿਸ ਦੀ ਦੀਵਾਰ ’ਤੇ ਕਦੇ ਦੀਵਾਲੀ ਵਾਲੇ ਦਿਨ ਵੀ ਦੀਵਾ ਨਹੀਂ ਜਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਵਿੰਦਰਪਾਲ ਸਿੰਘ ਕਰੀਬ 16 ਸਾਲ ਜੇਲ੍ਹ ਵਿੱਚ ਰਹਿ ਚੁੱਕਾ ਹੈ, ਇਸ ਲਈ ਉਸਦੀ ਸਜ਼ਾ ਮੁਆਫੀ ਦਾ ਪੂਰਾ ਆਧਾਰ ਹੈ।