ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯੁਕਤ ਕੀਤੇ ਜਥੇਦਾਰ ਗੁਰਬਚਨ ਸਿੰਘ, ਜਥੇਦਾਰ ਮੱਲ੍ਹ ਸਿੰਘ, ਜਥੇਦਾਰ ਗੁਰਮੁੱਖ ਸਿੰਘ ਅਤੇ ਜਥੇਦਾਰ ਇਕਬਾਲ ਸਿੰਘ, ਗਿਆਨੀ ਜੋਤਇੰਦਰ ਸਿੰਘ ਦੁਆਰਾ ਬੁਲਾਈ ਗਈ ਇਕਤਰਤਾ ਨੇ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨਾਲ ਛੇੜਛਾੜ ’ਤੇ ਟਿਪਣੀਆਂ ਕਰਨ ਵਾਲੇ ਪੰਜ ਸਿੱਖਾਂ ਨੂੰ ਚਾਰ ਜੂਨ 2016 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ।
ਇਕਤਰਤਾ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਵਰਜੀਨੀਆ ਦੇ ਕੁਲਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ ਤੇ ਨਰੂਲਾ ਵਜੋਂ ਜਾਣੇ ਜਾਂਦੇ ਵਿਅਕਤੀਆਂ ਨੇ 15 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਪ੍ਰਤੀ ਗੁਮਰਾਹਕੁੰਨ ਪ੍ਰਚਾਰ ਕਰਕੇ ਪ੍ਰਵਾਨਿਤ ਮਰਿਆਦਾ ਦਾ ਘੋਰ ਅਪਮਾਨ ਕੀਤਾ ਹੈ ਜੋ ਕਿ ਅਸਹਿ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪੰਜਾਂ ਨੂੰ 4 ਜੂਨ 2016 ਨੂੰ ਤਲਬ ਕੀਤਾ ਗਿਆ ਹੈ, ਇਸ ਉਪਰੰਤ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ।
ਪੰਜ ਜਥੇਦਾਰਾਂ ਨੇ ਲਏ ਇੱਕ ਹੋਰ ਫੈਸਲੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ 15 ਦਿਨ ਦੇ ਅੰਦਰ ਅੰਦਰ ਇੱਕ ਅਜੇਹੀ ਕਮੇਟੀ ਦਾ ਗਠਨ ਕਰੇ ਜੋ ਸਿੱਖ ਵਿਿਦਆਰਥੀਆਂ ਨੂੰ ਗੁਰਮਤਿ ਵਿਿਦਆ ਦੇਣ ਲਈ ਬਣੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਚੈਕ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੇ।
ਉਨ੍ਹਾਂ ਕਿਹਾ ਕਿ ਸਾਰੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤਾ ਜਾਵੇਗਾ ਤੇ ਉਲੰਘਣਾ ਕਰਨ ਵਾਲੇ ਦੀ ਮਾਨਤਾ ਰੱਦ ਕੀਤੀ ਜਾਵੇਗੀ। ਪੰਜ ਜਥੇਦਾਰਾਂ ਨੇ ਲਏ ਇੱਕ ਹੋਰ ਫੈਸਲੇ ਰਾਹੀਂ ਕਾਰ ਸੇਵਕ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਨੂੰ ਆਦੇਸ਼ ਦਿੱਤਾ ਹੈ ਕਿ ਉਹ ਤਿੰਨ ਮਹੀਨੇ ਦੇ ਅੰਦਰ ਅੰਦਰ ਦਰਸ਼ਨੀ ਡਿਊੜੀ ਦੇ ਨਵੇਂ ਤਿਆਰ ਹੋ ਰਹੇ ਦਰਵਾਜੇ ਤਿਆਰ ਕਰਕੇ ਸਥਾਪਿਤ ਕਰਨ।
ਜ਼ਿਕਰਯੋਗ ਹੈ, 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਵਾਲਿਆਂ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਰਾਮ ਸਿੰਘ (ਤਖ਼ਤ ਹਜ਼ੂਰ ਸਾਹਿਬ ਦੇ ਗ੍ਰੰਥੀ) ਸ਼ਾਮਲ ਸਨ। ਸਿੱਖ ਪੰਥ ਨੇ ਇਸਤੋਂ ਬਾਅਦ ਇਨ੍ਹਾਂ ਬੰਦਿਆਂ ਨੂੰ ਜਥੇਦਾਰਾਂ ਦੇ ਰੂਪ ਵੀ ਖਾਰਜ ਕਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਬੰਧਕ ਸੰਸਥਾਵਾਂ ਕਰਕੇ ਇਹ ਬੰਦੇ ਹਾਲੇ ਵੀ ਜਥੇਦਾਰਾਂ ਵਾਂਗ ਵਿਚਰ ਰਹੇ ਹਨ।