1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਰਾਹੁਲ ਗਾਂਧੀ ਖਿਲਾਫ ਅਮਰੀਕਾ 'ਚ ਸਿੱਖਾਂ ਵਲੋਂ ਪ੍ਰਦਰਸ਼ਨ

ਵਿਦੇਸ਼

ਅਮਰੀਕਾ: 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਰਾਹੁਲ ਗਾਂਧੀ ਖਿਲਾਫ ਸਿੱਖਾਂ ਵਲੋਂ ਪ੍ਰਦਰਸ਼ਨ

By ਸਿੱਖ ਸਿਆਸਤ ਬਿਊਰੋ

September 13, 2017

ਬਾਰਕਲੇ: ਯੂਨੀਵਰਸਿਟੀ ਆਫ ਕੈਲੀਫੋਰਨੀਆ ‘ਚ ਰਾਹੁਲ ਗਾਂਧੀ ਨੂੰ ਸਿੱਖਾਂ ਵਲੋਂ ਕੀਤੇ ਗਏ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੱਖਾਂ ਵਲੋਂ ਇਹ ਵਿਰੋਧ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਨਵੰਬਰ 1984 ‘ਚ ਸਿੱਖਾਂ ਦੇ ਕਤਲੇਆਮ ‘ਚ ਸ਼ਾਮਲ ਆਗੂਆਂ ਨੂੰ ਬਚਾਉਣ ਦੇ ਵਿਰੋਧ ‘ਚ ਕੀਤਾ ਗਿਆ। ਪ੍ਰੋਗਰਾਮ ਦੌਰਾਨ ਇਕ ਵਿਦਿਆਰਥੀ ਸੇਬੀਆ ਚਾਹਲ ਨੇ ਰਾਹੁਲ ਗਾਂਧੀ ਨੂੰ ਜਦੋਂ ਇਹ ਸਵਾਲ ਕੀਤਾ ਕਿ ਜੇਕਰ ਤੁਸੀਂ ਇਨਸਾਫ ਲਈ ਸਿੱਖਾਂ ਦੇ ਨਾਲ ਹੋ ਤਾਂ ਫਿਰ ਤੁਸੀਂ ਹੁਣ ਤਕ ਉਨ੍ਹਾਂ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜੋ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ। ਤਾਂ ਰਾਹੁਲ ਗਾਂਧੀ ਨੇ ਸਭ ਦੇ ਸਾਹਮਣੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਗਰਾਮ ਤੋਂ ਬਾਅਦ ਵਿਅਕਤੀਗਤ ਤੌਰ ‘ਤੇ ਇਸਦਾ ਜਵਾਬ ਦੇਵੇਗਾ।

ਯੂਨੀਵਰਸਿਟੀ ‘ਚ ਚੱਲ ਰਹੇ ਪ੍ਰੋਗਰਾਮ ਵੇਲੇ ਬਾਹਰ ਸੈਂਕੜੇ ਦੇ ਗਿਣਤੀ ‘ਚ ਮੌਜੂਦ ਸਿੱਖਾਂ ਨੇ ‘ਰਾਹੁਲ ਗਾਂਧੀ ਦੀ ਕਾਂਗਰਸ ਸਿੱਖ ਕਤਲੇਆਮ ਦੀ ਦੋਸ਼ੀ ਹੈ’ ਅਤੇ ‘ਰਾਹੁਲ ਗਾਂਧੀ ਵਾਪਸ ਜਾਓ’ ਦੇ ਨਾਅਰੇ ਲਾਏ ਅਤੇ ਕਤਲੇਆਮ ਵਿਰੋਧੀ ਤਖਤੀਆਂ ਹੱਥਾਂ ‘ਚ ਫੜੀਆਂ ਹੋਈਆਂ ਸੀ।

ਇਸ ਮੌਕੇ ‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਇਕੋ ਸਮੇਂ ਸਿੱਖਾਂ ਅਤੇ ਟਾਈਟਲਰ, ਕਮਲਨਾਥ, ਸੱਜਣ ਕੁਮਾਰ ਦਾ ਸਾਥ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ 20 ਸਤੰਬਰ ਨੂੰ ਟਾਈਮਜ਼ ਸਕੁਐਰ ‘ਤੇ ਦੁਬਾਰਾ ਰਾਹੁਲ ਗਾਂਧੀ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਿਆਰ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: