ਸਿੱਖ ਖਬਰਾਂ

ਇਤਿਹਾਸਕ ਗੁਰਦੁਆਰਾ ਸਟਾਕਟਨ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ; ਅਮਰੀਕਾ ਦੇ ਸਿੱਖ ਆਗੂਆਂ ਸੰਗਤਾਂ ਨੂੰ ਸੰਬੋਧਨ ਕੀਤਾ

By ਸਿੱਖ ਸਿਆਸਤ ਬਿਊਰੋ

April 20, 2011

ਕੈਲੇਫੋਰਨੀਆ, ਅਮਰੀਕਾ (19 ਅਪ੍ਰੈਲ, 2011): ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਈ ਦਿਨ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਕਥਾ ਤੇ ਢਾਡੀਆਂ ਨੇ ਵਾਰਾਂ ਸ੍ਰਵਣ ਕਰਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਦੌਰਾਨ ਭਾਈ ਸਤਨਾਮ ਸਿੰਘ ਜੀ, ਢਾਡੀ ਕੁਲਜੀਤ ਸਿੰਘ ਦਿਲਬਰ, ਭਾਈ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਵਨ ਸਿੰਘ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਭਾਈ ਬਖਸ਼ੀਸ਼ ਸਿੰਘ ਕਥਾਵਾਚਕ ਆਦਿਕ ਨੇ ਲਗਾਤਾਰ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀਆਂ ਭਰੀਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ, ਜਿਨ੍ਹਾਂ ਵਿੱਚ ਅਮਰੀਕਨ ਸਿਆਸੀ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਸਿੱਖ ਆਗੂ ਵੀ ਸ਼ਾਮਲ ਸਨ, ਨੇ ਵਿਚਾਰ ਰੱਖੇ। ਇਸ ਮੌਕੇ ਬੋਲਦਿਆਂ ਖਾਲਿਸਤਾਨ ਅਫੇਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਦੇ ਸੰਚਾਲਕ ਡਾ. ਅਮਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਾਲ ਜ਼ਿਆਦਤੀਆਂ ਨਿਰੰਤਰ ਜਾਰੀ ਹਨ ਤੇ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਕਿਹਾ ਜਾਂਦਾ ਹੈ ਤੇ ਪੰਜਾਬ ਜੋ ਸਿੱਖ ਸਟੇਟ ਹੈ ਤੇ ਉਹ ਪਹਿਲੇ ਸਥਾਨ ਤੋਂ ਖਿਸਕ ਕੇ 16ਵੇਂ ਸਥਾਨ ’ਤੇ ਪੜ੍ਹਾਈ ਪੱਖੋਂ ਚਲੀ ਗਈ। ਇਸ ਮੌਕੇ ਸਿੱਖ ਆਗੂ ਸ. ਭਜਨ ਸਿੰਘ ਭਿੰਡਰ ਨੇ ਭਾਰਤ ਵਿੱਚ ਜਾਤਵਾਦ ਅਤੇ ਅਖੌਤੀ ਉਚ ਜਾਤਾਂ ਵਲੋਂ ਘੱਟ ਗਿਣਤੀਆਂ ਨਾਲ ਵਰਤਾਰੇ ਬਾਰੇ ਵਿਸਥਾਰ ਨਾਲ ਦੱਸਿਆ। ਵਰਨਣਯੋਗ ਹੈ ਕਿ ਅਮਰੀਕਾ ਵਿੱਚ ਸ. ਭਜਨ ਸਿੰਘ ਭਿੰਡਰ ਨੇ ਗਾਂਧੀਵਾਦ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।

ਸਜੇ ਦੀਵਾਨ ਵਿੱਚ ਜਿੱਥੇ ਸਿੱਖ ਤੇ ਅਮਰੀਕਨ ਆਗੂਆਂ ਨੇ ਤਕਰੀਰਾਂ ਕੀਤੀਆਂ ਉਥੇ ਮਨੁੱਖੀ ਅਧਿਕਾਰਾਂ ਦੇ ਆਗੂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਨੇ ਆਪਣੇ ਪਿਤਾ ਦੇ ਮਿਸ਼ਨ ਤੇ ਘਟਨਾ ਨੂੰ ਵਿਸਥਾਰ ਨਾਲ ਦੱਸ ਕੇ ਆਈ ਸੰਗਤ ਨੂੰ ਜਜ਼ਬਾਤੀ ਕਰ ਦਿੱਤਾ। ਬੀਬੀ ਨਵਕਿਰਨ ਕੌਰ ਨੇ ਦੱਸਿਆ ਕਿ ਕੇਵਲ 2097 ਲਾਸ਼ਾਂ ਦੀ ਗੱਲ ਨਹੀਂ ਸੀ, ਮੌਜੂਦਾ ਸਰਕਾਰ ਤੇ ਪੁਲਿਸ ਨੇ 25000 ਲਾਸ਼ਾਂ ਖੁਰਦ-ਬੁਰਦ ਕੀਤੀਆਂ ਹਨ ਅਤੇ ਬਹੁਤੀਆਂ ਦਰਿਆਵਾਂ ਵਿੱਚ ਰੋੜ੍ਹ ਦਿੱਤੀਆਂ ਹਨ। ਇਸ ਮੌਕੇ ਅਮਰੀਕਨ ਬੁਲਾਰਿਆਂ ਨੂੰ ਕਮਿਸ਼ਨਰ ਸੰਨੀ ਧਾਲੀਵਾਲ ਨੇ ਕ੍ਰਮਵਾਰ ਪੇਸ਼ ਕੀਤਾ, ਜਿਨ੍ਹਾਂ ਵਿੱਚ ਪੁਲਿਸ ਅਫਸਰ, ਕੌਂਸਲ ਮੈਂਬਰ, ਸ਼ੈਰਫ ਅਤੇ ਕਾਉਂਟੀ ਅਫਸਰਾਂ ਨੇ ਵਿਸਾਖੀ ਦੇ ਅਵਸਰ ’ਤੇ ਮੁਬਾਰਕਬਾਦ ਦਿੱਤੀ। ਸਿੱਖਸ ਫਾਰ ਜਸਟਿਸ ਵਲੋਂ ਵਿਸ਼ੇਸ਼ 1984 ਦੇ ਸਿੱਖ ਕਤਲੇਆਮ ਤੇ ਇੱਕ ਵੀਡੀਓ ਦਿਖਾਈ ਗਈ। ਇਸ ਮੌਕੇ ਅਟਾਰਨੀ ਤੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਵਿਸਥਾਰ ਨਾਲ ਵਿਚਾਰ ਰੱਖੇ। ਸੰਗਤਾਂ ਨੇ ਵੱਖ ਵੱਖ ਫਲੋਟਾਂ ਤੋਂ ਤਰ੍ਹਾਂ ਤਰ੍ਹਾਂ ਦੇ ਸੁਆਦੀ ਪਕਵਾਨ ਖਾਧੇ ਤੇ ਵੱਖ-ਵੱਖ ਦੁਕਾਨਾਂ ਤੋਂ ਖਰੀਦੋ-ਫਰੋਖਤ ਕੀਤੀ। ਇਲਾਕਾ ਨਿਵਾਸੀਆਂ ਵਲੋਂ ਚਾਹ-ਪਕੌੜਿਆਂ, ਪੂਰੀਆਂ-ਛੋਲੇ, ਤਾਜ਼ਾ ਸੰਗਤਰੇ ਦੇ ਜੂਸ, ਮਠਿਆਈਆਂ, ਜਲੇਬੀਆਂ ਦੇ ਸਟਾਲ ਲਗਾਏ ਹੋਏ ਸਨ ਅਤੇ ਸੰਗਤਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਖਿਡੌਣਿਆਂ, ਟੇਪਾਂ, ਸੀਡੀਆਂ ਦਾ ਬਜ਼ਾਰ ਸਜਿਆ ਹੋਇਆ ਸੀ ਅਤੇ ਸੰਗਤਾਂ ਖੁੱਲ੍ਹ ਕੇ ਖਰੀਦੋ-ਫਰੋਖਤ ਕਰ ਰਹੀਆਂ ਸਨ। ਸੇਵਾਦਾਰ ਫਲੋਟਾਂ ਦੀ ਨਿਗਰਾਨੀ ਵਿੱਚ ਮਗਨ ਸਨ, ਰਾਜਸੀ ਨੇਤਾ ਲੋਕਲ ਸਰਕਾਰੀ ਪ੍ਰਹੁਣਿਆਂ ਨੂੰ ਸੰਗਤਾਂ ਦੇ ਰੂਬਰੂ ਕਰ ਰਹੇ ਸਨ। ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਨਤਮਸਤਕ ਕਰਨ ਲਈ ਸਾਰਾ ਹੀ ਦਿਨ ਲਾਈਨ ਵਿੱਚ ਲੱਗੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤੱਤਪਰ ਰਹੇ।

ਮੀਲਾਂ ਬੱਧੀ ਸੰਗਤਾਂ ਦਾ ਇਕੱਠ ਪੰਜਾਬ ਦੇ ਭੁਲੇਖੇ ਪਾਉਂਦਾ ਸੀ, ਜਿਸ ਨੂੰ 5-ਆਬ ਟੀ. ਵੀ. ’ਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਪ੍ਰਬੰਧਕੀ ਟੀਮ ਨੂੰ ਇੰਡੀਆ, ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚੋਂ ਕਾਲਾਂ ਆ ਰਹੀਆਂ ਸਨ ਤੇ ਉਹ ਧੰਨਵਾਦ ਕਰ ਰਹੇ ਸਨ ਕਿ ਲਾਈਵ ਪ੍ਰਸਾਰਣ ਦੇ ਇਸ ਉਪਰਾਲੇ ਨਾਲ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। 80-90 ਸਾਲ ਪੁਰਾਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜਿਸ ਤਰ੍ਹਾਂ ਪ੍ਰਬੰਧਕਾਂ ਨੇ ਰੀਮਾਡਲ ਕਰਕੇ ਸਜਾਇਆ ਹੋਇਆ ਸੀ, ਉਸ ਦੀ ਤਾਰੀਫ ਹਰ ਜ਼ੁਬਾਨ ’ਤੇ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: