ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ਵੱਡਾ ਹਮਲਾ ਕਰਦਿਆਂ ਸਿੱਧੀ ਦਖਲ ਦੇ ਦਿੱਤੀ ਹੈ ਜਿਸ ਨਾਲ ਸੀਰੀਆ ਦੇ ਇਕ ਨਵੇਂ ਵਿਸ਼ਵ ਯੁੱਧ ਦੀ ਸ਼ੁਰੂਆਤ ਦਾ ਅਖਾੜਾ ਬਣਨ ਦੇ ਅਸਾਰ ਪੈਦਾ ਹੋ ਗਏ ਹਨ। ਬੀਤੀ ਦੇਰ ਰਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਤੋਂ ਸੀਰੀਆ ਵਿਚ ਸਿੱਧੇ ਫੌਜੀ ਹਮਲੇ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਸੀਰੀਆ ਦੀ ਦੀ ਰਾਜਧਾਨੀ ਡਮਾਸਕਸ ਧਮਾਕਿਆਂ ਨਾਲ ਹਿੱਲ ਪਈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸ ਮੇਅ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਐਲਾਨ ਕੀਤਾ ਕਿ ਬਰਤਾਨੀਆ ਅਤੇ ਫਰਾਂਸ ਵੀ ਇਸ ਹਮਲੇ ਵਿਚ ਸ਼ਾਮਿਲ ਹਨ।
ਟਰੰਪ ਨੇ ਦੋਸ਼ ਲਾਇਆ ਕਿ ਸੀਰੀਆ ਦੀ ਅਸਦ ਸਰਕਾਰ ਸੀਰੀਆ ਵਿਚ ਚੱਲ ਰਹੀ ਘਰੇਲੂ ਜੰਗ ਵਿਚ ਕੈਮੀਕਲ ਹਥਿਆਰ ਵਰਤ ਰਹੀ ਹੈ ਤੇ ਇਸ ਨੂੰ ਅਧਾਰ ਬਣਾ ਕੇ ਹੀ ਅਮਰੀਕਾ ਅਤੇ ਉਸਦੇ ਭਾਈਵਾਲ ਬਰਤਾਨੀਆ ਤੇ ਫਰਾਂਸ ਨੇ ਇਹ ਹਮਲਾ ਕੀਤਾ ਹੈ।
ਅਮਰੀਕਾ ਅਤੇ ਉਸਦੇ ਭਾਈਵਾਲਾਂ ਦੇ ਇਸ ਸਿੱਧੇ ਹਮਲੇ ਨੂੰ ਅਮਰੀਕਾ ਦੀ ਰੂਸ ਲਈ ਚੁਣੌਤੀ ਸਮਝਿਆ ਜਾ ਰਿਹਾ ਹੈ ਜੋ ਪਿਛਲੇ 7 ਸਾਲਾਂ ਤੋਂ ਸੀਰੀਆ ਵਿਚ ਚੱਲ ਰਹੀ ਘਰੇਲੂ ਜੰਗ ਵਿਚ 2015 ਤੋਂ ਬਸ਼ਰ ਅਲ-ਅਸਦ ਦੇ ਸਮਰਥਨ ਵਿਚ ਖੜ੍ਹਾ ਹੈ ਤੇ ਬਗਾਵਤ ਨੂੰ ਦਬਾਉਣ ਵਿਚ ਉਸਦੀ ਮਦਦ ਕਰ ਰਿਹਾ ਹੈ।
ਮੀਡੀਆ ਅਦਾਰੇ ਰਿਊਟਰਸ ਦੇ ਇਕ ਚਸ਼ਮਦੀਦ ਸੂਤਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਡਮਾਸਕਸ ਵਿਚ 6 ਵੱਡੇ ਧਮਾਕੇ ਹੋਏ ਅਤੇ ਸੀਰੀਆ ਦੀ ਰਾਜਧਾਨੀ ਉੱਤੇ ਧੂੰਏ ਦੇ ਬੱਦਲ ਛਾ ਗਏ।
ਆਪਣੇ ਸੰਬੋਧਨ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਸਦ ਦਾ ਸਮਰਥਨ ਕਰ ਰਹੇ ਰੂਸ ਅਤੇ ਇਰਾਨ ਲਈ ਸਖਤ ਸ਼ਬਦਾਂ ਦੀ ਵਰਤੋਂ ਕੀਤੀ। ਹੁਣ ਸਾਰੀ ਦੁਨੀਆ ਦੀ ਨਜ਼ਰ ਰੂਸ ਅਤੇ ਇਰਾਨ ਦੇ ਪ੍ਰਤੀਕਰਮ ਉੱਤੇ ਹੈ ਜੋ ਅਗਲੇ ਬਣਨ ਵਾਲੇ ਹਾਲਾਤ ਨਿਰਧਾਰਿਤ ਕਰੇਗਾ।