ਵਿਦੇਸ਼

ਅਮਰੀਕਨ ਸਿੱਖਾਂ ਵਲੋਂ ਭਾਰਤੀ ਦੂਤਾਵਾਸ ਅੱਗੇ ਭਾਰੀ ਰੋਸ ਪ੍ਰਦਰਸ਼ਨ

By ਬਲਜੀਤ ਸਿੰਘ

June 17, 2012

ਸੈਨ ਫਰਾਂਸਿਸਕੋ: ਮਨੁੱਖਤਾ ਦੀ ਘੋਰ ਦੁਸ਼ਮਣ ਭਾਰਤ ਸਰਕਾਰ ਤੇ ਇਸਦੀ ਦਹਿਸ਼ਤਗਰਦ ਫੌਜ ਦੁਆਰਾ ਸਿੱਖ ਕੌਮ ਉਤੇ ਜੂਨ 1984 ਵਿਚ ਕੀਤੇ ਹਮਲੇ ਦੀ ਦਰਿੰਦਗੀ ਦੀਆਂ ਭਿਆਨਕ ਯਾਦਾਂ ਦੇ ਜ਼ਖ਼ਮ 28 ਸਾਲਾਂ ਬਾਦ ਵੀ ਰਿਸ ਰਹੇ ਹਨ। ਜੂਨ ਦਾ ਮਹੀਨਾ ਆਉਂਦਿਆਂ ਹੀ ਇਹ ਗੁੱਸਾ ਵਿਰੋਧ ਬਣ ਕੇ ਨਾਹਰਿਆਂ, ਜੈਕਾਰਿਆਂ ਅਤੇ ਰੋਸ ਦੇ ਪ੍ਰਗਟਾਵੇ ਵਜੋਂ ਬਾਹਰ ਆਉਂਦਾ ਹੈ। ਇਹ ਮੁਜ਼ਾਹਰੇ ਕੈਨੇਡਾ, ਇੰਗਲੈਂਡ, ਜਰਮਨੀ ਤੇ ਹੋਰ ਯੌਰਪੀ ਮੁਲਕਾਂ ਵਿਚ ਹੁੰਦੇ ਹਨ। ਅਮਰੀਕਾ ਵਿਚ ਇਹ ਮੁਜ਼ਾਹਰੇ ਨਿਊਯਾਰਕ, ਵਾਸ਼ਿੰਗਟਨ ਡੀ.ਸੀ. ਤੇ ਸੈਨ ਫਰਾਂਸਿਸਕੋ ਵਿਖੇ ਹੁੰਦੇ ਹਨ। ਸੈਨ ਫਰਾਂਸਿਸਕੋ ਦੇ ਇਸ ਵਾਰ ਦੇ ਮੁਜ਼ਾਹਰੇ ਨੂੰ ਲਾਮਬੰਦ ਕਰਨ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੀ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੂਰੀ ਮਿਹਨਤ ਕੀਤੀ, ਜਿਸ ਲਈ ਉਨ੍ਹਾਂ ਗੁਰਦੁਆਰਾ ਸਾਹਿਬ ਫਰੀਮਾਂਟ, ਗਦਰੀ ਸਿੰਘਾਂ-ਸ਼ਹੀਦਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਅਲਸਬਰਾਂਟੇ ਤੇ ਗੁਰਦੁਆਰਾ ਸਾਹਿਬ ਮੋਡੈਸਟੋ ਨਾਲ ਸੰਪਰਕ ਕੀਤਾ। ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ.ਸੀ., ਕੈਲੇਫੋਰਨੀਆ ਗੱਤਕਾ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਗੁਰਮਤਿ ਚੇਤਨਾ ਲਹਿਰ ਤੇ ਖਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨਾਲ ਸੰਪਰਕ ਸਾਧ ਕੇ ਮੁਜ਼ਾਹਰੇ ਦੀ ਤਿਆਰੀ ਕੀਤੀ। ਇਹ ਮੁਜ਼ਾਹਰਾ 6 ਜੂਨ ਦਿਨ ਬੁੱਧਵਾਰ ਨੂੰ ਦੁਪਹਿਰ 11 ਵਜੇ ਤੋਂ 2 ਵਜੇ ਤੱਕ ਹੋਇਆ, ਜਿਸ ਵਿਚ ਕਈ ਸੌ ਸੰਗਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ।

ਬੀਬੀ ਪਰਮਜੀਤ ਕੌਰ ਖਾਲੜਾ (ਸਿੰਘਣੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ) ਵਿਸ਼ੇਸ਼ ਤੌਰ ’ਤੇ ਰੋਸ ਮੁਜ਼ਾਹਰੇ ਵਿਚ ਪਹੁੰਚੇ ਤੇ ਸੰਗਤਾਂ ਨੂੰ ਸੰਬੋਧਨ ਕਰਕੇ ਹੱਡੀਂ ਹੰਢਾਏ ਭਾਰਤੀ ਜ਼ੁਲਮਾਂ ਦੇ ਸੇਕ ਬਾਰੇ ਸੰਗਤਾਂ ਨੂੰ ਦੱਸਿਆ।

ਬੇਕਰਜ਼ਫੀਲਡ, ਫਰਿਜ਼ਨੋ, ਮੋਡੈਸਟੋ-ਸੀਰੀਜ਼, ਸਟਾਕਟਨ, ਸੈਕਰਾਮੈਂਟੋ, ਲੈਥਰੋਪ, ਟਰੇਸੀ, ਮਨਟੀਕਾ, ਲੋਡਾਈ, ਸੈਂਟਾ ਰੋਜ਼ਾ ਤੇ ਪੂਰੇ ਬੇਅ ਏਰੀਏ ਦੇ ਸਾਰੇ ਸ਼ਹਿਰਾਂ ਵਿਚੋਂ ਬੱਸਾਂ ਤੇ ਕਾਰਾਂ ਵਿਚ ਸੰਗਤਾਂ ਪਹੁੰਚੀਆਂ। ਮਨੁੱਖਤਾ ਨੂੰ ਵੰਡਣ ਵਾਲੇ ਬ੍ਰਾਹਮਣਵਾਦੀ ਸਿਸਟਮ ਅਧੀਨ ਚਲਾਏ ਜਾ ਰਹੇ ਭਾਰਤੀ ਸਿਸਟਮ ਦੀ ਪ੍ਰਤੀਕ ਭਾਰਤੀ ਦੂਤਾਵਾਸ ਦੇ ਅੱਗੇ ਲਾਏ ਜਾ ਰਹੇ ਜੈਕਾਰਿਆਂ, ਖਾਲਿਸਤਾਨੀ ਨਾਹਰਿਆਂ, ਖਾਲਸਾਈ ਨਿਸ਼ਾਨ ਸਾਹਿਬਾਂ, ਖਾਲਿਸਤਾਨੀ ਝੰਡਿਆਂ ਤੇ ਅਨੇਕਾਂ ਕਾਲੇ ਝੰਡਿਆਂ ਨੇ ਇਕੱਲੇ ਭਾਰਤੀ ਤਿਰੰਗੇ ਨੂੰ ਘੇਰਾ ਪਾ ਕੇ ਇਹ ਦੱਸ ਦਿਤਾ ਕਿ ਖਾਲਸੇ ਦੇ ਬਾਹੂਬਲ ਵਿਚ ਚੜ੍ਹਦੀ ਕਲਾ ਦੀ ਰੌਂ ਦੌੜਦੀ ਹੈ, ਜੋ ਖੂਨੀ ਤਿਰੰਗੇ ਨੂੰ ਤਨਹਾ ਕਰਕੇ ਘੇਰਨ ਤੇ ਸਿੱਖ ਕੌਮ ਤੇ ਹੋਰ ਘੱਟ ਗਿਣਤੀਆਂ ਉਤੇ ਹੋਏ ਜ਼ੁਲਮਾਂ ਨੂੰ ਮੰਨਣ ਲਈ ਮਜ਼ਬੂਰ ਕਰਨ ਦਾ ਬਲ ਵੀ ਰੱਖਦੀ ਹੈ।

ਇਸ ਮੁਜ਼ਾਹਰੇ ਵਿਚ ਪਹੁੰਚੇ ਬੁਲਾਰਿਆਂ ਨੂੰ ਸਮਾਂ ਦੇਣ ਲਈ ਲੰਡਨ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ’ਤੇ ਆਏ ਸ. ਪ੍ਰਭਸ਼ਰਨਦੀਪ ਸਿੰਘ ਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ ਬਰਕਲੇ ਦੇ ਸ. ਅਮਨਦੀਪ ਸਿੰਘ, ਸ. ਹਰਪਾਲ ਸਿੰਘ ਭਿੰਡਰ ਤੇ ਸ. ਪ੍ਰਭਜੋਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਤੇ ਵਾਰੀ ਵਾਰੀ ਸਭ ਨੂੰ ਸੰਗਤਾਂ ਤੇ ਦੂਤਾਵਾਸ ਕਰਮਚਾਰੀਆਂ ਨੂੰ ਜੂਨ ਚੁਰਾਸੀ ਦੇ ਘੱਲੂਘਾਰੇ ਦਾ ਲਹੂ ਭਰਿਆ ਪੈਗ਼ਾਮ ਦੇਣ ਲਈ ਸੱਦਾ ਦਿੱਤਾ।

ਬੁਲਾਰਿਆਂ ਵਿੱਚ ਸ. ਅਮਨਦੀਪ ਸਿੰਘ ਗਿੱਲ ਯੂ.ਸੀ.ਬਰਕਲੇ, ਡਾ: ਅਮਰਜੀਤ ਸਿੰਘ ਖਾਲਿਸਤਾਨ ਅਫੇਅਰਜ਼ ਸੈਂਟਰ ਵਾਸਿੰਗਟਨ ਡੀ.ਸੀ., ਸ. ਜਸਵੰਤ ਸਿੰਘ ਹੋਠੀ ਪ੍ਰਧਾਨ ਏ.ਜੀ.ਪੀ.ਸੀ., ਸ. ਜਗਦੀਸ਼ ਸਿੰਘ ਅਣਖੀ ਸੈਂਟਾ ਰੋਜ਼ਾ, ਸ. ਸੁਖਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ. ਗੁਰਜੀਤ ਸਿੰਘ ਝਾਮਪੁਰ, ਡਾ: ਮਨਮੀਤ ਸਿੰਘ ਗਰੇਵਾਲ ਗੁਰਦੁਆਰਾ ਸਾਹਿਬ ਮਡੈਸਟੋ, ਭਾਈ ਰਾਮ ਸਿੰਘ ਸਾਬਕਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਸ. ਸੰਦੀਪ ਸਿੰਘ ਸਿੱਖ ਯੂਥ ਆਫ ਅਮਰੀਕਾ, ਬੀਬੀ ਦਲਜੀਤ ਕੌਰ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ, ਭਾਈ ਸਰਵਨ ਸਿੰਘ ਗੁਰਦੁਆਰਾ ਸਾਹਿਬ ਸਟਾਕਟਨ, ਮਾਤਾ ਹਰਭਜਨ ਕੌਰ (ਮਾਤਾ ਸ਼ਹੀਦ ਭਾਈ ਸਤਨਾਮ ਸਿੰਘ), ਸ. ਪ੍ਰਭਜੋਤ ਸਿੰਘ ਯੂ.ਸੀ. ਬਰਕਲੇ, ਸ. ਜਗਪਾਲ ਸਿੰਘ, ਸ. ਪ੍ਰਭਸ਼ਰਨਦੀਪ ਸਿੰਘ ਲੰਡਨ ਯੂਨੀਵਰਸਿਟੀ, ਸ. ਭਜਨ ਸਿੰਘ ਭਿੰਡਰ ਸੰਚਾਲਕ ਸਿੱਖ ਇਨਫਰਮੇਸ਼ਨ ਸੈਂਟਰ ਤੇ ਸਕੱਤਰ ਏ.ਜੀ.ਪੀ.ਸੀ., ਬੀਬੀ ਕਮਲਜੀਤ ਕੌਰ ਯੂ.ਸੀ.ਡੇਵਿਸ, ਸ. ਜਸਵਿੰਦਰ ਸਿੰਘ ਜੰਡੀ ਸਿੱਖ ਯੂਥ ਆਫ ਅਮਰੀਕਾ ਤੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਭਾਈ ਗੁਰਮੇਲ ਸਿੰਘ ਬਾਠ ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਸਿੱਖ ਚਿੰਤਕ ਭਾਈ ਹਰਪਾਲ ਸਿੰਘ ਭਿੰਡਰ, ਸ. ਬਲਵਿੰਦਰਪਾਲ ਸਿੰਘ ਖਾਲਸਾ, ਕੈਲੇਫੋਰਨੀਆ ਗੱਤਕਾ ਦਲ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ, ਭਾਈ ਸਰਵਨ ਸਿੰਘ ਤੇ ਭਾਈ ਰਣਜੀਤ ਸਿੰਘ ਮਨਟੀਕਾ ਸ਼ਾਮਲ ਸਨ।

ਇਸ ਵਾਰ ਮਡੈਸਟੋ ਦੇ ਗੁਰਦੁਆਰਾ ਸਾਹਿਬ ਤੋਂ ਇਕ ਪੂਰੀ ਬੱਸ ਭਰਕੇ ਸੰਗਤਾਂ ਪਹੁੰਚੀਆਂ। ਇਸੇ ਤਰਾਂ ਹੀ ਤਿੰਨ ਹੋਰ ਬੱਸਾਂ ਸਟਾਕਟਨ, ਫਰੀਮਾਂਟ ਤੇ ਸੈਨ ਹੋਜ਼ੇ ਤੋਂ ਆਈਆਂ, ਜਿਸ ਵਿਚ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਆਏ।

ਬੱਸਾਂ ਦੀ ਸੇਵਾ ਸਦਾ ਦੀ ਤਰਾਂ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸੁਪਰੀਮ ਕੌਂਸਲ ਦੇ ਮੈਂਬਰ ਤੇ ਸਦਾ ਹੀ ਸੇਵਾ ਲਈ ਤਿਆਰ ਭਾਈ ਤਰਸੇਮ ਸਿੰਘ ਹੁਰਾਂ ਕੀਤੀ। ਸੰਗਤਾਂ ਵਿਚ ਉਨਾਂ ਦੀ ਉ¤ਤਮ ਸੇਵਾ ਦੀ ਵਿਸ਼ੇਸ਼ ਚਰਚਾ ਰਹੀ, ਜਿਨ੍ਹਾਂ ਬੱਸ ਜਾਂ ਲਿਮੋਜ਼ੀਨ ਦੀ ਸੇਵਾ ਤੋਂ ਕਦੇ ਵੀ ਇਨਕਾਰ ਨਹੀਂ ਕੀਤਾ।

ਲੰਗਰਾਂ ਤੇ ਚਾਹ ਪਾਣੀ ਦੀ ਸੇਵਾ ਸਦਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਆਈ। ਅਰਦਾਸ ਨਾਲ ਸ਼ੁਰੂ ਕੀਤਾ ਗਿਆ ਇਹ ਜ਼ਬਰਦਸਤ ਮੁਜ਼ਾਹਰਾ ਆਪਣੇ ਉਦੇਸ਼, ਅਮਲ ਤੇ ਨਿਸ਼ਾਨੇ ’ਤੇ ਪੂਰਾ ਉਤਰਿਆ ਤੇ ਨਿਰਵਿਘਨਤਾ ਨਾਲ ਸਮਾਪਤੀ ਹੋਈ, ਜਿਸ ਲਈ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਧੰਨਵਾਦ ਦੀਆਂ ਹੱਕਦਾਰ ਹਨ, ਜਿਨ੍ਹਾਂ ਨੇ ਭਾਰਤੀ ਹਾਕਮਾਂ ਦੇ ਖੂਨ ਰੰਗੇ ਹੱਥਾਂ ਨੂੰ ਅੰਤਰਰਾਸਟਰੀ ਭਾਈਚਾਰੇ ਵਿਚ ਨੰਗਿਆਂ ਕਰਕੇ ਉਸ ਨੂੰ ਸ਼ਰਮਸਾਰ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: