ਚੰਡੀਗੜ੍ਹ: ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ।
ਪੰਜਾਬ ਵਿਚ ਇਸ ਸਮੇਂ ਪਰਵਾਸ ਇਕ ਵੱਡੇ ਮਸਲੇ ਦੇ ਤੌਰ ਉੱਤੇ ਉੱਭਰ ਰਿਹਾ ਹੈ ਜਿੱਥੇ ਕਿ ਨੌਜਵਾਨ ਅਤੇ ਸਕੂਲੀ ਪੜ੍ਹਾਈ ਪੂਰੀ ਕਰਨ ਵਾਲੇ ਵਿਿਦਆਰਥੀ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਨਾਲ ਹੁਣ ਉਨ੍ਹਾਂ ਦੇ ਮਾਪੇ ਵੀ ਵਿਦੇਸ਼ੀਂ ਜਾਂ ਕੇ ਪੱਕੇ ਤੌਰ ਉੱਤੇ ਵੱਸ ਰਹੇ ਹਨ।
ਸੰਵਾਦ ਵੱਲੋਂ ਕਰਵਾਏ ਜਾ ਰਹੇ ਉਕਤ ਸਮਾਗਮ ਵਿਚ ਪੰਜਾਬ ਦੀ ਸੱਭਿਅਤਾ ਦੇ ਸਨਮੁਖ ਖੜ੍ਹੇ ਹੋਏ ਇਸ ਮਸਲੇ ਬਾਰੇ ਵਿਦਵਾਨ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਸੰਵਾਦ ਦੇ ਬਿਜਲ-ਸਫੇ ਉੱਤੇ ਜਨਤਕ ਕੀਤੇ ਗਏ ਇਸ਼ਤਿਹਾਰ ਮੁਤਾਬਕ ਆਉਂਦੇ ਐਤਵਾਰ ਨੂੰ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ, ਬਲਾਕ ਮਜਾਰੀ, ਨਿਊ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਵਿਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਸ. ਅਜਮੇਰ ਸਿੰਘ ਅਤੇ ਨੌਜਵਾਨ ਵਿਚਾਰਕ ਡਾ. ਗੁਰਪ੍ਰੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।
ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਮੌਕੇ ਪਹੁੰਚ ਕੇ ਵਿਚਾਰਕਾਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।