ਲੰਡਨ (ਅਕਤੂਬਰ 22, 2010): ਹੁਸ਼ਿਆਰਪੁਰ ਪੁਲੀਸ ਵਲੋਂ ਭਾਈ ਕਰਨਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਉਪਰ ਘੰਟਿਆਂ ਬੱਧੀ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੇ ਸਿੱਧਾ ਅਤੇ ਪੁੱਠਾ ਘੋਟਣਾ ਲਗਾਉਣ ਤੋਂ ਇਲਾਵਾ ਲੱਤਾਂ ਪਾੜੀਆ ਗਈਆਂ, ਹੱਥ ਪਿੱਛੇ ਬੰਨ੍ਹ ਕੇ ਛੱਤ ਨਾਲ ਪੁੱਠਾ ਟੰਗ ਕੇ ਪੱਟਾਂ ਤੇ ਅਣਗਿਣਤ ਮੁੱਕੇ ਗਏ ਅਤੇ ਸਰੀਰ ਦੇ ਵੱਖ ਵੱਖ ਅੰਗਾਂ ਤੇ ਕਰੰਟ ਦੇ ਝਟਕੇ ਦਿੱਤੇ ਗਏ, ਜਿਸ ਕਾਰਨ ਉਹ ਭੱਜਣਾ ਤਾਂ ਦੂਰ ਉਹ ਤੁਰਨ ਫਿਰਨ ਤੋਂ ਅਸਮਰੱਥ ਸੀ। ਅਜਿਹੀ ਹਾਲਤ ਵਿੱਚ ਉਸ ਬਾਰੇ ਇਹ ਆਖਣਾ ਕਿ ਉਹ ਪਖਾਨਾ ਜਾਣ ਵਕਤ ਰੌਸਨ਼ਦਾਨ ਤੋੜ ਕੇ ਪੁਲੀਸ ਹਿਰਾਸਤ ਚੋਂ ਫਰਾਰ ਹੋ ਗਿਆ ਸਰਾਸਰ ਝੂਠ ਦਾ ਪੁਲੰਦਾ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਪੁਲੀਸ ਦੀ ਇਸ ਕਹਾਣੀ ਨੂੰ ਮਨਘੜਤ ਆਖਦਿਆਂ ਸ਼ੱਕ ਪ੍ਰਗਟ ਕੀਤਾ ਕਿ ਹੋ ਸਕਦਾ ਹੈ ਕਿ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਉਸ ਦੀ ਮੌਤ ਹੀ ਹੋ ਗਈ ਹੋਵੇ ਅਤੇ ਪੁਲੀਸ ਨੇ ਆਪਣਾ ਪਾਪ ਛਪਾਉਣ ਲਈ ਉਸ ਨੂੰ ਫਰਾਰ ਕਰਾਰ ਦੇ ਦਿੱਤਾ ਹੋਵੇ। ਸ੍ਰ. ਡੱਲੇਵਾਲ ਅਤੇ ਸ੍ਰ. ਢਿੱਲੋਂ ਨੇ ਆਪਣੇ ਹੱਡੀ ਹੰਡਾਏ ਸੱਚ ਅਨੁਸਾਰ ਖੁਲਾਸਾ ਕੀਤਾ ਕਿ ਜਦੋਂ ਪੁਲੀਸ ਕਿਸੇ ਭਗੌੜੇ ਸਿੰਘ ਗ੍ਰਿਫਤਾਰ ਕਰਦੀ ਹੈ ਤਾਂ ਉਸ ਨੂੰ ਉਸੇ ਵਕਤ ਤਸੀਹਾ ਕੇਂਦਰ ਵਿੱਚ ਲਿਜਾ ਕੇ ਤਸ਼ੱਦਦ ਦਾ ਅਜਿਹਾ ਦੌਰ ਅਰੰਭ ਕਰ ਦਿੱਤਾ ਜਾਂਦਾ ਹੈ ਕਿ ਪੁਲੀਸ ਦੀ ਗ੍ਰਿਫਤ ਵਿੱਚ ਫਸਿਆ ਵਿਆਕਤੀ ਚਾਹ ਕੇ ਵੀ ਭੱਜ ਨਹੀਂ ਸਕਦਾ। ਪਹਿਲੇ ਦਿਨ ਤਾਂ ਤਸ਼ੱਦਦ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਜਾਂਦਾ ਹੈ। ਪਾਖਾਨੇ ਲਈ ਜਾਣ ਵਾਸਤੇ ਵੀ ਪੁਲੀਸ ਕਰਮਚਾਰੀਆਂ ਨੂੰ ਸਹਾਰਾ ਦੇਣਾ ਪੈਂਦਾ ਹੈ,ਤਾਂ ਅਜਿਹੀ ਹਾਲਤ ਵਿੱਚ ਰੌਸ਼ਨਦਾਨ ਤੋੜ ਕੇ ਭੱਜਣਾ ਬੜੀ ਹੀ ਅਸੰਭਵ ਗੱਲ ਹੈ। ਸਿੱਖ ਸੰਘਰਸ਼ ਦੀ ਚੜ੍ਹਤ ਸਮੇਂ ਪੁਲੀਸ ਨੇ ਭਾਈ ਤਰਸੇਮ ਸਿੰਘ ਕੋਹਾੜ, ਭਾਈ ਸਤਨਾਮ ਸਿੰਘ ਬਾਵਾ ਅਤੇ ਭਾਈ ਮਨਬੀਰ ਸਿੰਘ ਚਹੇੜੂ ਸਮੇਤ ਕਈ ਸਿੰਘਾਂ ਨੂੰ ਪੁਲੀਸ ਹਿਰਾਸਤ ਚੋਂ ਹੱਥਕੜੀਆਂ ਅਤੇ ਬੇੜੀਆਂ ਸਣੇ ਫਰਾਰ ਕਰਾਰ ਦੇ ਕੇ ਮਗਰੋਂ ਸ਼ਹੀਦ ਕਰ ਦਿੱਤਾ ਗਿਆ ਸੀ। ਯੂਨਾਈਟਿਡ ਖਾਲਸਾ ਦਲ ਵਲੋਂ ਇਸ ਬਾਰੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਪੁਲੀਸ ਦੇ ਇਹੋ ਜਿਹੇ ਕਾਲੇ ਕਾਰਨਾਮਿਆਂ ਖਿਲਾਫ ਅਵਾਗ਼ ਬੁਲੰਦ ਕੀਤੀ ਜਾਵੇ।