ਲੰਡਨ ( 12 ਅਗਸਤ 2014): ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਕਿ ਭਾਈ ਗੁਰਬਖਸ਼ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਪੈਦਲ ਯਾਤਰਾ ਵਿੱਚ ਸਾਥ ਦਿੱਤਾ ਜਾਵੇ ।
ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਨੂੰ ਸਮਰਿਪਤ ਕੌਮੀ ਸਿੱਖ ਏਕਤਾ ਪੈਦਲ ਯਾਤਰਾ ਅਰੰਭ ਕਰਨਾ ਸਮੇਂ ਦੀ ਲੋੜ ਅਤੇ ਮੰਗ ਹੈ । ਭਾਈ ਲਾਲ ਸਿੰਘ ਅਕਾਲ ਗੜ੍ਹ ,ਭਾਈ ਜਗਤਾਰ ਸਿੰਘ ਹਾਵਾਰਾ ,ਭਾਈ ਪਰਮਜੀਤ ਸਿੰਘ ਭਿਉਰਾ ,ਭਾਈ ਦਇਆ ਸਿੰਘ ਲਹੌਰੀਆ ਵਰਗੇ ਸਿੱਖ ਸੰਘਰਸ਼ ਦੇ ਯੋਧੇ ਦੋ ਦੋ ,ਢਾਈ ਢਾਈ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਹਨ ।
ਚੜਦੀ ਜਵਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਵਾਲੇ ਵੀਰ ਅੱਜ ਬੁਢਾਪੇ ਦੀਆਂ ਦਹਿਲੀਜ਼ਾਂ ਤੇ ਅੱਪੜ ਚੁੱਕੇ ਹਨ ਪਰ ਸਿੱਖ ਦੁਸ਼ਮਣ ਸਰਕਾਰਾਂ ਉਹਨਾਂ ਨੂੰ ਰਿਹਾਅ ਨਹੀ ਕਰ ਰਹੀ ਜੋ ਕਿ ਇਸ ਭਾਰਤ ਦੇਸ਼ ਦੇ ਅਖੌਤੀ ਲੋਕਤੰਤਰਕ ਢਾਂਚੇ ਤੇ ਇੱਕ ਫਿਰਕਾਪ੍ਰਸਤੀ ਦੇ ਕਲੰਕ ਦੀ ਨਿਆਂਈ ਹੈ ।
ਉਨ੍ਹਾਂ ਨੇ ਬੰਦੀ ਸਿੰਘਾਂ ਪ੍ਰਤੀ ਪੰਜਾਬ ਦੀ ਬਾਦਲ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਇਹਨਾਂ ਕੌਮੀ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘਾਂ ਦੇ ਪਵਿੱਤਰ ਖੁਨ ਤੇ ਕੁਰਸੀਆਂ ਡਾਹ ਕੇ ਰਾਜ ਮੱਦ ਵਿੱਚ ਮਦਹੋਸ਼ ਜਿੱਥੇ ਪੰਜਾਬ ਸਰਕਾਰ ਨੇ ਇਹਨਾਂ ਪ੍ਰਤੀ ਬੇਗਾਨਗੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਉੱਥੇ ਸਿੱਖ ਕੌਮ ਦਾ ਪੰਜਾਬ ਵਿੱਚ ਵਸਦਾ ਇੱਕ ਹਿੱਸਾ ਵੀ ਪਦਾਰਥਵਾਦੀ ਚਕਾਚੌਂਧ ਵਿੱਚ ਗੁਆਚ ਕੇ ਆਪਣੇ ਕੌਮੀ ਯੋਧਿਆਂ ਅਤੇ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਭੁੱਲ ਚੁੱਕਾ ਹੈ । ਜੋ ਕਿ ਬਹੁਤ ਹੀ ਅਫਸੋਸਜਨਕ ਅਤੇ ਦੁੱਖਦਾਇਕ ਵਰਤਾਰਾ ਹੈ ।
ਭਾਈ ਡੱਲੇਵਾਲ ਨੇ ਕਿਹਾ ਕਿ ਖਾਲਸਈ ਫਸਲਫੇ ਦਾ ਧਾਰਨੀ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਆਕਤੀ ਖਾਲਿਸਤਾਨ ਦਾ ਵਿਰੋਧੀ ਨਹੀਂ ਹੋ ਸਕਦਾ ਅਗਰ ਉਹ ਸਿੱਖ ਹੋ ਕੇ ਕੌਮੀ ਅਜ਼ਾਦੀ ਦੀ ਤਹਿਰੀਕ ਦਾ ਵਿਰੋਧ ਕਰਦਾ ਹੈ ਤਾਂ ਉਹ ਨਿਰ ਸੰਦੇਹ ਪਖੰਡੀ ਸਿੱਖ ਹੋਵੇਗਾ ।
ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭਾਜਪਾ ਦੇ ਇਸ਼ਾਰਿਆਂ ਤੇ ਚੱਲ ਰਹੀ ਬਾਦਲ ਐਂਡ ਕੰਪਨੀ ਦੇ ਕਰਿੰਦਿਆਂ ਵਲੋਂ ਜਿਸ ਤਰਾਂ ਪਿਛਲੀ ਵਾਰ ਧੋਖਾ ਕੀਤਾ ਗਿਆ ਸੀ ਇਸ ਵਾਰ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।