ਸਿੱਖ ਧਰਮ ਅੰਦਰ ਕੋਈ ਵਿਅਕਤੀ ਖ਼ਾਲੀ ਨਾਉਂ ਕਮਾਉਣ ਲਈ ਜਾਂ ਮਰਨ ਦਾ ਠਰਕ ਪੂਰਾ ਕਰਨ ਲਈ ਅਤੇ ਜਾਂ ਜਿਵੇਂ ਕਿ ਕੁਰਬਾਨੀ ਨੂੰ ਹਿੰਦੂ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ, ਕਿਸੇ ਦੇਵੀ ਦੇਵਤੇ ਨੂੰ ਰਿਝਾਉਣ ਲਈ ਜਾਨ ਦੀ ਬਲੀ ਨਹੀਂ ਦਿੰਦਾ। ਨਾ ਹੀ ਇਸਲਾਮ ਤੇ ਇਸਾਈ ਵਿਸ਼ਵਾਸ ਮੁਤਾਬਿਕ ਕਿਸੇ ਸਵਰਗ ਦੀਆਂ ਸੁਖ-ਸਹੂਲਤਾਂ ਮਾਨਣ ਲਈ ਜਾਨ ਕੁਰਬਾਨ ਕਰਦਾ ਹੈ। ਇਸ ਸਭ ਕਾਸੇ ਤੋਂ ਹਟ ਕੇ ਉਹ ਕੁੱਝ ਖ਼ਾਸ ਅਸੂਲਾਂ ਤੇ ਆਦਰਸ਼ਾਂ ਲਈ ਆਪਾ ਕੁਰਬਾਨ ਕਰਦਾ ਹੈ। ਸਿੱਖ ਸ਼ਹਾਦਤ ਦਾ ਅਸੂਲਾਂ ਤੇ ਆਦਰਸ਼ਾਂ ਨਾਲ ਜੁੜੇ ਹੋਣਾ ਇਸ ਨੂੰ ਨਿਆਰਾ ਮਹੱਤਵ ਪ੍ਰਦਾਨ ਕਰ ਦਿੰਦਾ ਹੈ।
ਇਸੇ ਤਰ੍ਹਾਂ, ਸਿੱਖ ਸ਼ਹਾਦਤ ਦਾ ਇੱਕ ਹੋਰ ਨਿਆਰਾ ਤੇ ਅਹਿਮ ਪੱਖ ਇਹ ਹੈ ਕਿ ਇਸ ਦੇ ‘ਥੀਮ’ ਅੰਦਰ ਵੱਖਰੀ ਪਛਾਣ ਦਾ ਸੰਕਲਪ ਗੂੜ੍ਹੀ ਤਰ੍ਹਾਂ ਸਮਾਇਆ ਹੋਇਆ ਹੈ। ਇਤਿਹਾਸ ਅੰਦਰ ਸਿੱਖ ਕੁਰਬਾਨੀਆਂ ਦਾ ਉੱਘੜਵਾਂ ਲੱਛਣ, ਇਨ੍ਹਾਂ ਦਾ ਸਿੱਖ ਪੰਥ ਦੀ ਆਪਣੇ ਨਿਆਰੇਪਣ ਦੀ ਰਾਖੀ ਦੇ ਕਰਮ ਨਾਲ ਜੁੜੇ ਹੋਣਾ ਹੈ। ਪੰਜਵੇਂ ਤੇ ਨੌਵੇਂ ਪਾਤਿਸ਼ਾਹ ਸਮੇਤ ਪੁਰਾਤਨ ਸਿੱਖ ਸ਼ਹੀਦਾਂ ਦੁਆਰਾ ਵੇਲੇ ਦੀ ਹੁਕਮਰਾਨ ਸ਼ਕਤੀ ਦੀਆਂ ‘ਮੁਸਲਿਮ ਧਰਮ ਕਬੂਲ ਕਰ ਲੈਣ’ ਦੀਆਂ ਪੇਸ਼ਕਸ਼ਾਂ ਨੂੰ ਹਕਾਰਤ ਨਾਲ ਠੁਕਰਾ ਦੇਣ ਦੇ ਪੈਂਤੜੇ ਪਿੱਛੇ ਉਨ੍ਹਾਂ ਦੀ ਆਪਣੀ ਨਿਆਰੀ ਧਾਰਮਿਕ ਹਸਤੀ ਨਾਲ ਲਗਾਉ ਤੇ ਇਸ ਵਾਸਤੇ ਜਾਨ ਤੱਕ ਨਿਛਾਵਰ ਕਰ ਦੇਣ ਦਾ ਮੂੰਹ-ਜ਼ੋਰ ਜ਼ਜਬਾ ਪ੍ਰਤੱਖ ਜ਼ਾਹਰ ਹੁੰਦਾ ਹੈ।
– ਪੁਸਤਕ ‘1984 ਅਣਚਿਤਵਿਆ ਕਹਿਰ’ ਵਿੱਚੋਂ