ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਮਿਸਟਰ ਐਨਟੋਨੀਓ ਗੁਟਰੇਸ ਬੀਤੀ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁਜੇ। ਉਨ੍ਹਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗਏ। ਸ਼੍ਰੋਮਣੀ ਕਮੇਟੀ ਵਲੋਂ ਗੁਟਰੇਸ ਨੂੰ ਸਨਮਾਨਿਤ ਕਰਦਿਆਂ ਦਿੱਤੇ ਗਏ ਮੰਗ ਪੱਤਰ ਵਿੱਚ ਜੂਨ 1984 ਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ, ਅਮਰੀਕਾ ਵਿੱਚ 9/11 ਦੇ ਹਮਲੇ ਉਪਰੰਤ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਪੰਜ ਕਕਾਰਾਂ ਬਾਰੇ ਭਰਮ ਭਲੇਖਿਆਂ ਤੇ ਵਿਤਕਰਾ ਭਰਪੂਰ ਨਸਲੀ ਹਮਲਿਆਂ ਪ੍ਰਤੀ ਜਾਣੂ ਕਰਵਾਇਆ ਗਿਆ। ਕਮੇਟੀ ਨੇ ਸੁਰਖਿਅਤ ਵੀਜਾ ਮੁਕਤ ਕਰਤਾਰਪੁਰ ਲਾਂਘੇ ਦੀ ਮੰਗ ਪ੍ਰਤੀ ਸੰਯੁਕਤ ਰਾਸ਼ਟਰ ਦਾ ਸਹਿਯੋਗ ਮੰਗਿਆ ਹੈ।
ਮਿਸਟਰ ਐਨਟੋਨੀਓ ਗੁਟਰੇਸ ਦੇਰ ਸ਼ਾਮ 5.30 ’ਤੇ ਜਿਉਂ ਹੀ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਆਪਣੇ ਵਿਸ਼ੇਸ਼ ਵਫਦ ਸਹਿਤ ਪੁਜੇ ਤਾਂ ਸੂਚਨਾ ਅਫਸਰ ਅੰਮ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ. ਰੂਪ ਸਿਘ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਅਗਵਾਈ ਕੀਤੀ। ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ।
ਮਿਸਟਰ ਬੁਟਰੇਸ ਨੂੰ ਸੂਚਨਾ ਅਫਸਰ ਅੰਮ੍ਰਿਤਪਾਲ ਸਿੰਘ ਨੇ ਦਰਬਾਰ ਸਾਹਿਬ ਦੀ ਮਹਾਨਤਾ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਥੋਂ ਬੁਟਰੇਸ ਸਿੱਧੇ ਗੁਰੂ ਰਾਮਦਾਸ ਲੰਗਰ ਪੁਜੇ, ਇਸਦੀ ਪ੍ਰੰਪਰਾ ਤੇ ਪ੍ਰਣਾਲੀ ਬਾਰੇ ਜਾਣਕਾਰੀ ਲਈ ਤੇ ਫਿਰ ਪੰਗਤ ਵਿੱਚ ਬੈਠ ਪ੍ਰਸ਼ਾਦਾ ਛਕਿਆ। ਉਹ 8 ਮਿੰਟ ਲਈ ਲੰਗਰ ਹਾਲ ਵਿੱਚ ਰਹੇ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਉਨ੍ਹਾਂ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਈ। ਉਨ੍ਹਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਹਿਲੀਜ ਤੇ ਬੈਠ ਕੇ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸਕੱਤਰ ਜਨਰਲ ਨੂੰ ਗੁਰੂ ਬਖਸ਼ਿਸ਼ ਸਿਰੋਪਾਉ, ਫੁੱਲਾਂ ਦਾ ਸਿਹਰਾ ਤੇ ਪਤਾਸਾ ਪ੍ਰਸ਼ਾਦਿ ਦਿੱਤਾ। ਇਸ ਉਪਰੰਤ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ ਟੇਕਣ ਗਏ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੋਂਗੋਵਾਲ ਨੇ ਸਕੱਤਰ ਜਨਰਲ ਨੂੰ ਸ੍ਰੀ ਦਰਬਾਰ ਸਾਹਿਬ ਦਾ ਚਿੰਨ੍ਹ, ਧਾਰਮਿਕ ਕਿਤਾਬਾਂ ਦਾ ਸੈਟ ਤੇ ਸਿਰੋਪਾਉ ਦੀ ਬਖਸ਼ਿਸ਼ ਨਾਲ ਨਿਵਾਜਿਆ।
ਸ਼੍ਰੋਮਣੀ ਕਮੇਟੀ ਵਲੋਂ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਵਿੱਚ ਸਕੱਤਰ ਜਨਰਲ ਨੂੰ ਤਤਕਾਲੀਨ ਭਾਰਤੀ ਹਕੂਮਤ ਦੇ ਹੁਕਮ ਅਤੇ ਸ਼ਹਿ ’ਤੇ ਅੰਜ਼ਾਮ ਦਿੱਤੀ ਗਈ ਜੂਨ 1984 ਦੇ ਫੌਜੀ ਹਮਲੇ ਤੇ ਨਵੰਬਰ 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਨਸਲਕੁਸ਼ੀ, ਅਮਰੀਕਾ ਵਿੱਚ 9/11 ਦੇ ਹਮਲੇ ਬਾਅਦ ਸਿੱਖ ਪਹਿਚਾਣ ਬਾਰੇ ਪਾਏ ਜਾ ਰਹੇ ਭੁਲੇਖਿਆਂ, ਸਿੱਖੀ ਲਈ ਅਹਿਮ ਪੰਜ ਕਕਾਰਾਂ ਨੂੰ ਮਾਨਤਾ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਉਪਰ ਹੋ ਰਹੇ ਨਸਲੀ ਹਮਲਿਆਂ ਦੇ ਮਾਮਲੇ ਸੰਯੁਕਤ ਰਾਸ਼ਟਰ ਸੰਗ ਦੀ ਮਹਾਂ ਸਭਾ ਸਾਹਮਣੇ ਰੱਖਣ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਵਿੱਚ ਕਰਤਾਰਪੁਰ ਦੇ ਸੁਰਖਿਅਤ ਵੀਜਾ ਮੁਕਤ ਲਾਂਘੇ ਦੀ ਮੰਗ ਨੂੰ ਖਿੱਤੇ ਵਿੱਚ ਅਮਨ ਸ਼ਾਂਤੀ ਨਾਲ ਜੋੜਕੇ ਤਾਂ ਵਿਖਾਇਆ ਗਿਆ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੀ ਜਿਸ 550 ਸਾਲਾ ਪ੍ਰਕਾਸ਼ ਦਿਵਸ ਸ਼ਤਾਬਦੀ ਲਈ ਕਮੇਟੀ ਕਰੋੜਾਂ ਰੁਪਏ ਖਰਚਣ ਜਾ ਰਹੀ ਹੈ ਉਸਦਾ ਇਸ ਪੱਤਰ ਵਿੱਚ ਕਿਧਰੇ ਵੀ ਜਿਕਰ ਨਹੀ ਹੈ।
ਮਿਸਟਰ ਬੁਟਰੇਸ ਦੀ ਫੇਰੀ ਮੌਕੇ ਸਾਬਕਾ ਭਾਰਤੀ ਰਾਜਦੂਤ ਤੇ ਹੁਣ ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਨਾਲ ਸਨ। ਹਵਾਈ ਅੱਡੇ ਤੇ ਪੰਜਾਬ ਸਰਕਾਰ ਵਲੋਂ ਜੀ ਆਇਆਂ ਕਹਿਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੌਜੂਦ ਸਨ।
ਵਿਸ਼ੇਸ਼ ਵਿਸ਼ਵ ਭਰ ਵਿੱਚ ਆਮ ਤੇ ਵਿਸ਼ੇਸ਼ ਕਰਕੇ ਸਮਾਜ ਦੇ ਦੱਬੇ ਕੁਚਲੇ ਤੇ ਘੱਟ ਗਿਣਤੀ ਲੋਕਾਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਦੀ ਸੁਣਵਾਈ ਕਰਨ ਵਾਲੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਨੂੰ ਦਰਬਾਰ ਸਾਹਿਬ ਦੀ ਫੇਰੀ ਦੌਰਾਨ ਸੁਰੱਖਿਆ ਦਸਤਿਆਂ ਵਲੋਂ ਵਿਖਾਈ ਜਾ ਰਹੀ ਕਾਹਲ ਤੇ ਧੱਕੇ ਨਾਲ ਅੱਗੇ ਤੋਰਨ ਦੀ ਕਵਾਇਦ ਦਾ ਸਾਹਮਣਾ ਕਰਨਾ ਪਿਆ। ਇੱਕ ਮੌਕਾ ਅਜੇਹਾ ਵੀ ਆਇਆ ਕਿ ਮਿਸਟਰ ਬੁਟਰੇਸ ਨੇ ਨਾਲ ਚਲ ਰਹੇ ਸੁਰਖਿਆ ਮੁਲਾਜ਼ਮਾਂ ਨੂੰ ਕਿਹਾ ‘ਮੈਂ ਤਾਂ ਆਰਾਮ ਨਾਲ ਦਰਸ਼ਨ ਕਰਨ ਆਇਆ ਹਾਂ। ਕੁਝ ਸਮੇਂ ਲਈ ਮੈਨੂੰ ਕੱਲਾ ਛੱਡ ਦਿਉ’। ਅਸਲ ਵਿੱਚ ਮਿਸਟਰ ਬੁਟਰੇਸ ਆਪਣੇ ਨਿਰਧਾਰਤ ਸਮੇਂ ਤੋਂ ਵੀਹ ਮਿੰਟ ਪਹਿਲਾਂ ਪੁੱਜ ਗਏ ਸਨ ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਅਫਸਰਾਂ ਦੀ ਪਹਿਲੇ ਮੈਂ ਜਾਂ ਪਹਿਲਾਂ ਤੈਅ ਤਾਲਮੇਲ ਦੀ ਘਾਟ ਹੀ ਕਹੀ ਜਾਵੇਗੀ ਕਿ ਕਿਸੇ ਨੇ ਸਯੁੰਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਨੂੰ ਜੂਨ 84 ਦੇ ਫੌਜੀ ਹਮਲੇ ਦੌਰਾਨ ਲੱਗੀਆਂ ਗੋਲੀਆਂ ਦੀ ਗਲ ਨਹੀ ਕੀਤੀ ਤੇ ਕਿਸੇ ਨੇ ਵੀ ਸਿੱਖ ਰੈਫਰੈਂਸ ਲਾਇਬਰੇਰੀ ਦੀ ਲੁੱਟ ਦਾ ਮੁੱਦਾ ਨਹੀ ਚੁੱਕਿਆ।