ਸਿੱਖ ਖਬਰਾਂ

ਬਰਤਾਨੀਆਂ ‘ਚ ਸਿੱਖਾਂ ਨੂੰ ਕੰਮ ਕਾਰ ਵਾਲੀਆਂ ਥਾਵਾਂ ‘ਤੇ ਲੋਹ ਟੋਪ ਦੀ ਜਗਾ ਦਸਤਾਰ ਸਜਾਉਣ ਨੂੰ ਮਿਲੀ ਮਾਨਤਾ

By ਸਿੱਖ ਸਿਆਸਤ ਬਿਊਰੋ

March 31, 2015

ਲੰਡਨ (30 ਮਾਰਚ, 2015): ਦਸਤਾਰ ਸਿੱਖ ਧਰਮ ਦਾ ਇੱਕ ਅਹਿਮ ਅਤੇ ਅਨਿਖੱੜਵਾਂ ਅੰਗ ਹੈ ਅਤੇ ਇਸ ਨਾਲ ਜੁੜੇ ਰਹਿਣ ਅਤੇ ਇਸਦੀ ਸ਼ਾਨ ਅਤੇ ਪਵਿੱਤਰਤਾ ਬਰਕਰਾਰ ਰੱਖਣ ਲਈ ਕਰੜੀਆਂ ਘਾਲਣਾ ਘਾਲੀਆਂ ਗਈਆਂ ਹਨ।ਇਨ੍ਹਾਂ ਘਾਲਣਾਵਾਂ ਕਰਕੇ ਸਿੱਖ ਕਾਫੀ ਹੱਦ ਤੱਕ ਦੁਨੀਆਂ ਦੇ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਦੱਸਣ ਬਾਰੇ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।

ਇਸ ਸਮੇਂ ਇੱਟਲੀ ਵਿੱਚ ਵੱਸ ਰਹੇ ਸਿੱਖਾਂ ਵੱਲੋਂ ਉਥੋਂ ਦੀ ਸਰਕਾਰ ਨਾਲ ਸਿੱਖ ਕੱਕਾਰਾਂ ਨੂੰ ਖ਼ਾਸ ਕਰਕੇ ਕਿਰਪਾਨ ਨੂੰ ਜਨਤਕ ਤੌਰ ਤੇ ਪਹਿਨਣ ਲਈ ਗੱਲਬਾਤ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਕਾਫੀ ਸਕਾਰਤਮਕ ਹੁੰਗਾਰਾ ਮਿਲ ਰਿਹਾ ਹੈ।

ਇਸ ਸਬੰਧੀ ਸਿੱਖੀ ਦੇ ਅਨਿਖੱੜਵਾਂ ਅੰਗ ਦਸਤਾਰ ਸਬੰਧੀ ਬੜੀ ਖੁਸ਼ੀ ਵਾਲੀ ਖ਼ਬਰ ਗੱਲ ਹੈ ਕਿ ਬਰਤਾਨੀਆ ਸਰਕਾਰ ਨੇ ਕੰਮਕਾਰ ਵਾਲੀਆਂ ਥਾਵਾਂ ‘ਤੇ ਲੋਹਟੋਪ ਪਾਉਣ ਦੀ ਜਗਾ ‘ਤੇ ਦਸਤਾਰ ਸਜ਼ਾਉਣ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਰੁਜ਼ਗਾਰ ਕਾਨੂੰਨ ‘ਚ ਸੋਧ ਕਰਨ ਤੋਂ ਬਾਅਦ ਬਰਤਾਨੀਆ ਵਿਚ ਹਰ ਕੰਮਕਾਰ ਵਾਲੀ ਥਾਂ ‘ਤੇ ਦਸਤਾਰ ਪਹਿਨਣ ਦੀ ਖੁੱਲ੍ਹ ਮਿਲ ਗਈ ਹੈ ਅਤੇ ਇਸ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਹੈ। ਭਾਵੇਂ ਸਰਕਾਰ ਨੇ ਇਸ ਸਬੰਧੀ ਕਾਫੀ ਦੇਰ ਪਹਿਲਾਂ ਐਲਾਨ ਕੀਤਾ ਸੀ, ਪਰ ਇਸ ਨੂੰ ਸੰਸਦ ‘ਚ ਬੀਤੀ 26 ਮਾਰਚ ਨੂੰ ਪਾਸ ਕਰਕੇ ਕਾਨੂੰਨੀ ਤੌਰ ‘ਤੇ ਮਾਨਤਾ ਦੇ ਦਿੱਤੀ ਹੈ।

ਸਿੱਖ ਕੌਂਸਲ ਯੂ. ਕੇ. ਵੱਲੋਂ ਲੰਮੇਂ ਸਮੇਂ ਤੋਂ ਹਾਈ ਰਿਸਕ ਕੰਸਟਰਕਸ਼ਨ ਇੰਡਸਟਰੀ ਵਿਚ ਵੀ ਸਿੱਖਾਂ ਨੂੰ ਲੋਹ ਟੋਪ ਪਾਉਣ ਤੋਂ ਛੁਟਕਾਰਾ ਪਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸਿੱਖ ਕੌਂਸਲ ਯੂ. ਕੇ. ਦੇ ਜਨਰਲ ਸਕੱਤਰ ਗੁਰਮੇਲ ਸਿੰਘ ਕੰਦੋਲਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਲੰਮੀ ਜੱਦੋ ਜਹਿਦ ਤੋਂ ਬਾਅਦ ਕਾਨੂੰਨ ‘ਚ ਤਬਦੀਲੀ ਕਰ ਕੇ ਇਸ ਦਾ ਸਦੀਵੀਂ ਹੱਲ ਕੱਢ ਲਿਆ ਗਿਆ ਹੈ। ਉਹਨਾਂ ਇਸ ਕਾਨੂੰਨ ਲਈ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਵੀ ਧੰਨਵਾਦ ਕੀਤਾ।

ਇੰਪਲਾਇਮੈਂਟ ਐਕਟ 1989 ਪਾਸ ਹੋਣ ਤੋਂ ਬਾਅਦ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਇਸ ਕਾਨੂੰਨ ਤਹਿਤ ਸਿੱਖਾਂ ਨੂੰ ਦਸਤਾਰ ਦੀ ਥਾਂ ਹੈਲਮੈਟ ਪਾਉਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਇਸ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ। ਹੁਣ ਸਿੱਖਾਂ ਨੂੰ ਹਰ ਕੰਮ ਵਾਲੀ ਥਾਂ ‘ਤੇ ਦਸਤਾਰ ਪਹਿਨਣ ਦੀ ਖੁੱਲ੍ਹ ਹੋਵੇਗੀ। ਪਰ ਹਥਿਆਰਬੰਦ ਫੌਜ ਅਤੇ ਐਂਮਰਜੈਂਸੀ ਸਬੰਧੀ ਸੇਵਾਵਾਂ ‘ਚ ਅਜੇ ਵੀ ਕੁਝ ਮੌਕਿਆਂ ‘ਤੇ ਸ਼ਰਤਾਂ ਲਾਗੂ ਰਹਿਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: