ਵਿਦੇਸ਼

ਸਿੱਖਾਂ ਦੀ ਅਖੌਤੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਮਹਿਜ਼ ਡਰਾਮਾ: ਯਨਾਈਟਿਡ ਖਾਲਸਾ ਦਲ ਯੂ.ਕੇ.

By ਸਿੱਖ ਸਿਆਸਤ ਬਿਊਰੋ

April 02, 2016

ਲੰਡਨ: ਜਦੋਂ ਵੀ ਹਿੰਦੋਸਤਾਨ ਦੀ ਕੇਂਦਰ ਸਰਕਾਰ ਜਾਂ ਪੰਜਾਬ ਸਟੇਟ ਦੀਆਂ ਚੋਣਾਂ ਨਜਦੀਕ ਆਉਂਦੀਆਂ ਹਨ ਤਾਂ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਵਾਸਤੇ ਸਿੱਖਾਂ ਦੀ ਕਾਲੀ ਸੂਚੀ ਦਾ ਮੁੱਦਾ ਹਰ ਪਾਰਟੀ ਹੱਥ ਵਿੱਚ ਫੜ ਲੈਂਦੀ ਹੈ ਅਤੇ ਇਹ ਵਰਤਾਰਾ ਪਿਛਲੇ 25 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ । ਨਵੇਂ ਪੁਰਾਣੇ, ਹੀਰੋ-ਜ਼ੀਰੋ, ਜਿੱਤੇ-ਹਾਰੇ, ਮੰਤਰੀ ਸੰਤਰੀ ਰੂਪੀ ਸਿਆਸੀ ਆਗੂਆਂ ਅਤੇ ਸਰਕਾਰੀ ਕਰਿੰਦੇ ਸਿੱਖਾਂ ਦੀ ਅਖੌਤੀ ਕਾਲੀ ਸੂਚੀ ਖਤਮ ਕਰਨ ਦੀ ਮੰੰਗ ਕਰਕੇ ਵਿਦੇਸ਼ੀ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਕੋਸਿ਼ਸ਼ ਕੀਤੀ ਜਾਂਦੀ ਰਹੀ ਹੈ।

ਜਿਸ ਬਾਰੇ ਕਈ ਵਾਰ ਸਰਕਾਰ ਫਰਜ਼ੀ ਜਿਹਾ ਐਲਾਨ ਵੀ ਕਰ ਦਿੰਦੀ ਹੈ । ਜਿਸ ਤਰਾਂ ਪਿਛਲੇ ਦਿਨੀ ਕੀਤਾ ਗਿਆ ਹੈ ,ਜਦਕਿ ਜਿਹਨਾਂ ਨਾਵਾਂ ਨੂੰ ਹੁਣ ਅਖੌਤੀ ਕਾਲੀ ਸੂਚੀ ਵਿੱਚੋਂ ਕੱਢਣ ਦਾ ਐਲਾਨ ਕੀਤਾ ਗਿਆ ਹੈ ਇਹਨਾਂ ਵਿੱਚੋਂ ਕੁੱਝ ਸਿੱਖ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਬਹੁਤੇ ਅਜਿਹੇ ਹਨ ਜਿਹਨਾਂ ਬਾਰੇ ਦੋ ਤਿੰਨ ਵਾਰ ਪਹਿਲਾਂ ਹੀ ਅਖੌਤੀ ਕਾਲੀ ਸੂਚੀ ਵਿੱਚੋਂ ਬਾਹਰ ਕੱਢਣ ਦਾ ਫਰਜ਼ੀ ਐਲਾਨ ਕੀਤਾ ਜਾ ਚੁੱਕਾ ਹੈ।

ਸਰਕਾਰ ਵਲੋਂ ਬਣਾਈ ਗਈ ਅਖੌਤੀ ਕਾਲੀ ਸੂਚੀ ਵਿੱਚ ਉਹ ਸਿੱਖ ਸ਼ਾਮਲ ਕੀਤੇ ਗਏ ਸਨ ਜਿਹਨਾਂ ਨੇ ਵਿਦੇਸ਼ਾਂ ਵਿੱਚੋਂ ਪੰਜਾਬ ਵਿੱਚ ਵਸਦੇ ਸਿੱਖਾਂ ਦੇ ਕੌਮੀ ,ਹੱਕਾਂ,ਹਿੱਤਾਂ ਅਤੇ ਕੌਮੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕੀਤੀ। ਪੰਜਾਬ ਵਿੱਚ ਸਿੱਖਾਂ ਖਿਲਾਫ ਚੱਲ ਰਹੀ ਸਰਕਾਰ ਦੀ ਜ਼ੁਲਮੀਂ ਹਨੇਰੀ ਦੇ ਖਿਲ਼ਾਫ ਭਾਰਤੀ ਸ਼ਰਾਫਤਖਾਨਿਆਂ ਮੂਹਰੇ ਰੋਸ ਮੁਜ਼ਾਹਰੇ ਕੀਤੇ, ਸਰਕਾਰੀ ਅੱਤਵਾਦ ਤੋਂ ਪੀੜ੍ਹਤ ਸਿੱਖ ਪਰਿਵਾਰਾਂ ਦੀ ਸਾਰ ਲਈ ਅਤੇ ਉਹਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ ਉਹਨਾਂ ਦੇ ਵੀਜ਼ੇ ਭਾਰਤ ਸਰਕਾਰ ਵਲੋਂ ਬੰਦ ਕਰ ਦਿੱਤੇ ਗਏ । ਜਿਸ ਕਾਰਨ ਕਈ ਸਿੱਖ ਆਗੂ ਤਿੰਨ ਤਿੰਨ ਦਹਾਕਿਆਂ ਤੋਂ ਜਲਾਵਤਨੀ ਦਾ ਜੀਵਨ ਬਤੀਤ ਕਰਦੇ ਹੋਏ ਪੂਰੀ ਚੜਦੀ ਕਲਾ ਵਿੱਚ ਹਨ ਅਤੇ ਆਪਣੀ ਕੌਮ ਨੂੰ ਅਜ਼ਾਦ ਵੇਖਣ ਦੇ ਚਾਹਵਾਨ ਹਨ ,ਜਿਸ ਵਾਸਤੇ ਉਹ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ । ਕਿਉਂ ਕਿ ਸਿੱਖ ਨੂੰ ਕੋਈ ਵੀ ਸਰਕਾਰੀ ਅਤੇ ਗੈਰ ਸਰਕਾਰੀ ਜ਼ੁਲਮ ਜਾਂ ਧੱਕਾ ਝੁਕਾਅ ਨਹੀਂ ਸਕਦਾ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਹਾਲ ਹੀ ਦੌਰਾਨ ਸਰਕਾਰ ਵਲੋਂ ਅਖੌਤੀ ਕਾਲੀ ਸੂਚੀ ਨੂੰ ਅੰਸ਼ਕ ਤੌਰ ਤੇ ਖਤਮ ਕਰਨ ਦੇ ਐਲਾਨ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ ।ਜਿਹੜਾ ਕਿ ਭਾਰਤ ਸਰਕਾਰ ਅਤੇ ਇਸ ਦੇ ਕਰਿੰਦੇ ਅਕਸਰ ਹੀ ਖੇਡਦੇ ਰਹਿੰਦੇ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਸਰਕਾਰ ਦੀਆਂ ਅਜਿਹੀਆਂ ਲੁਭਾਏਮਾਨ ਅਤੇ ਭੁਲੇਖਾ ਪਾਊ ਚਾਲਾਂ ਤੋਂ ਸੁਚੇਤ ਰਹਿਣ ਦੀ ਸਨਿਮਰ ਅਪੀਲ ਕੀਤੀ ਗਈ ਹੈ । ਸਿੱਖਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਵਾਸਤੇ ਸੰਘਰਸ਼ ਜਾਰੀ ਰੱਖਿਆ ਰਹੇਗਾ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ “ ਸਿੱਖ ਮੌਤ ਤੋਂ ਨਹੀਂ ਡਰਦਾ ,ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ” ।

ਇਸੇ ਤਰਾਂ ਸਿੱਖ ਦੀ ਕਾਲੀ ਸੂਚੀ ਨਹੀਂ ਹੋ ਸਕਦੀ, ਕਾਲੀ ਸੂਚੀ ਕਾਲੇ ਕੰਮ ਕਰਨ ਵਾਲਿਆਂ ਦੀ ਹੁੰਦੀ ਹੈ । ਅਸਲੀਅਤ ਵਿੱਚ ਕਾਲੀ ਸੂਚੀ ਵਿੱਚ ਸ਼ਾਮਲ ਉਹ ਲੋਕ ਹਨ ਜਿਹੜੇ ਸਿੱਖ ਵਿਰੋਧੀ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਕਾਲੇ ਕੰਮ ਕਰਦੇ ਹਨ ,ਇਸ ਕਾਲੀ ਸੂਚੀ ਵਿੱਚ ਉਹ ਸੈਂਕੜੇ ਪੁਲਸੀਏ ਸ਼ਾਮਲ ਹਨ ਜਿਹਨਾਂ ਦੇੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਜਿਹੜੇ ਚੌਧਰ, ਕੁਰਸੀ ਅਤੇ ਮਾਇਆ ਦੀ ਪ੍ਰਾਪਤੀ ਅਤੇ ਸਲਾਮਤੀ ਲਈ ਪੈਰ ਪੈਰ ਤੇ ਸਿੱਖ ਕੌਮ ਨਾਲ ਬੇਵਫਾਈਆਂ ਕਰਕੇ ਸਿੱਖ ਦੁਸ਼ਮਣਾ ਦੇ ਕੁਹਾੜੇ ਦੇ ਦਸਤੇ ਦਾ ਹਿੱਸਾ ਸਾਬਤ ਹੋ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: