ਲੰਡਨ: ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੌਰਾਨ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕਰਨ ਵਾਲੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਸਮੂਹ ਸਾਥੀਆਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਜੰਗ ਲੜਨ ਵਾਲੇ ਸਮੂਹ ਸ਼ਹੀਦਾਂ ਨੂੰ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਤਹਿ ਦਿਲੋਂ ਪ੍ਰਣਾਮ ਕੀਤਾ ਗਿਆ ।
ਖਾਲਿਸਤਾਨ ਦੇ ਐਲਾਨ ਦਿਵਸ ਦੀ 30 ਵੀਂ ਸਾਲਾਨਾ ਵਰ੍ਹੇਗੰਢ ਸਿੱਖ ਜਗਤ ਨੂੰ ਕੌਮੀ ਅਜਾਦੀ ਲਈ ਯਤਨਸ਼ੀਲ ਹੋਣ ਦੀ ਪ੍ਰੇਰਨਾ ਦਾਇਕ ਹੈ । 26 ਜਨਵਰੀ 1986 ਨੁੰ ਸਿੱਖ ਕੌਮ ਦੇ ਸਰਵਉੱਚ ਰਾਜਨੀਤਕ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਤੇ ਹੋਏ ਸਰਬੱਤ ਖਾਲਸੇ ਵਲੋਂ ਵਲੋਂ ਕਾਇਮ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਵਲੋਂ 29 ਐੱਪਰੈਲ 1986 ਵਾਲੇ ਦਿਨ ਸਿੱਖ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਿਆਂ ਅਜਾਦ ਸਿੱਖ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਅਤੇ ਭਾਈ ਮਨਬੀਰ ਸਿੰਘ ਚਹੇੜੂ ਉਰਫ ਜਨਰਲ ਹਰੀ ਸਿੰਘ ਦੀ ਅਗਵਾਈ ਵਿੱਚ ਜੂਝ ਰਹੀ ਖਾਲਿਸਤਾਨ ਕਮਾਂਡੋ ਫੋਰਸ ਨੂੰ ਖਾਲਿਸਤਾਨੀ ਫੌਜ ਵਜੋਂ ਹਥਿਆਰਬੰਦ ਸੰਘਰਸ਼ ਤੇਜ ਕਰਨ ਲਈ ਆਖਿਆ ਗਿਆ ।
ਖਾਲਿਸਤਾਨ ਦਾ ਐਲਾਨ ਕਰਨ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਵਿੱਚ ਸ਼ਾਮਲ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਮਾਨੋਚਾਹਲ ,ਭਾਈ ਗੁਰਦੇਵ ਸਿੰਘ ਉਸਮਾਨਵਾਲਾ ਅਤੇ ਭਾਈ ਅਰੂੜ ਸਿੰਘ ਨੇ ਖਾਲਿਸਤਾਨ ਲਈ ਸੰਘਰਸ਼ ਕਰਦਿਆਂ ਆਪਾ ਕੁਰਬਾਨ ਕਰ ਦਿੱਤਾ । ਉੱਥੇ ਇਸ ਐਲਾਨ ਦੀ ਪੂਰਤੀ ਕਰਦੇ ਹੋਏ ਹਜ਼ਾਰਾਂ ਹੀ ਸਿੱਖ ਨੌਜਵਾਨ ਜੂਝਦੇ ਹੋਏ ਸ਼ਹੀਦ ਹੋ ਗਏ, ਸੰਘਰਸ਼ ਕਰਨ ਵਾਲੇ ਅਤੇ ਉਹਨਾਂ ਦੀ ਮੱਦਦ ਕਰਨ ਜਾਂ ਪਨਾਹ ਦੇਣ ਵਾਲਿਆਂ ਤੇ ਪੁਲਿਸ ਦਾ ਅਕਿਹ ਅਤੇ ਅਸਿਹ ਤਸ਼ੱਦਦ ਹੋਇਆ ਅਤੇ ਲੰਬੇ ਸਮੇਂ ਲਈ ਜੇਹਲਾਂ ਵਿੱਚ ਬੰਦ ਕਰ ਦਿੱਤੇ ,ਵਿਦੇਸ਼ਾਂ ਵਿੱਚੋਂ ਜਿਹਨਾਂ ਨੇ ਆਪਣੀ ਕੌਮ ਪ੍ਰਤੀ ਹਾਅ ਦਾ ਨਾਹਰਾ ਮਾਰਿਆ ਭਾਰਤ ਸਰਕਾਰ ਨੇ ਉਹਨਾਂ ਨੂੰ ਜਲਾਵਤਨੀ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਗਿਆ।
ਸਿੱਖਾਂ ਦੀਆਂ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਬ੍ਰਿਟਸ਼ ਸਾਮਰਾਜ ਦੀ ਗੁਲਾਮੀਂ ਚੋਂ ਅਜਾਦ ਹੋਏ ਭਾਰਤ ਵਿੱਚ 1947 ਤੋਂ ਲੈ ਕੇ ਅੱਜ ਤੱਕ ਜਿੰਨਾ ਜ਼ੁਲਮ ਸਿੱਖ ਕੌਮ ਨੂੰ ਪਿਛਲੇ ਪੈਂਤੀ ਸਾਲਾਂ ਵਿੱਚ ਝੱਲਣਾ ਪਿਆ ਉਸ ਸਾਹਮਣੇ ਅਬਦਾਲੀ ,ਹਿਟਲਰ ,ਮੀਰ ਮੰਨੂ ਅਤੇ ਜ਼ਕਰੀਏ ਦੇ ਜੁ਼ਲਮ ਵੀ ਬੌਣੇ ਹੋ ਗਏ ।
ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਤਨ ,ਮਨ ਜਾਂ ਧਨ ਦੇ ਯੋਗਦਾਨ ਨਾਲ ਇਸ ਕੌਮੀ ਅਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ । ਪੰਜਾਬ ਦੀ ਧਰਤੀ ਤੇ ਜਿਹੜੀ ਵੀ ਕੌਮੀ ਅਜਾਦੀ ਨੂੰ ਸਮਰਪਤਿ ਪੰਥਕ ਧਿਰ ਠੀਕ ਲੱਗਦੀ ਹੈ ਉਸਦਾ ਡੱਟ ਕੇ ਸਾਥ ਦਿੱਤਾ ਜਾਵੇ ।
ਖਾਲਿਸਤਾਨ ਦੇ ਐਲਾਨ ਦਿਵਸ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰੇ ,ਉਹਨਾਂ ਵਲੋਂ ਲੜੇ ਗਏ ਸੰਘਰਸ਼ ਦੀ ਚੜ੍ਹਦੀ ਕਲਾ ਲਈ ਆਮ ਚਿੰਤਨ ਨਾਲ ਅਤੇ ਅਹਿਦ ਦੁਹਰਾਉਂਦੇ ਹੋਇਆ ਸਿੱਖ ਸੰਘਰਸ਼ ਦੇ ਨਾਇਕ ਅਤੇ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਪਰਮਜੀਤ ਸਿੰਘ ਭਿਉਰਾ , ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ , ਸਮੇਤ ਦੇਸ਼ ਵਿਦੇਸ਼ ਦੀਆਂ ਜੇਹਲਾਂ ਵਿੱਚ ਬੰਦ ਸਮੂਹ ਸਿੰਘਾਂ ਦੀ ਚੜ੍ਹਦੀ ਕਲਾ ਅਤੇਬੰਦ ਖਲਾਸੀ ਦੀਆਂ ਅਰਦਾਸਾਂ ਕੀਤੀਆਂ ਜਾਣ ।
ਅੱਜ ਹਿੰਦੋਸਤਾਨ ਦੇ ਹਿੰਦੂਤਵੀ ਸਾਸ਼ਕ ਅਤੇ ਉਹਨਾਂ ਦੇ ਦੁੱਮਛੱਲੇ ਵਾਰ ਵਾਰ ਖਾਲਿਸਤਾਨੀਆਂ ਨੂੰ ਵੱਖਵਾਦੀ ਸਮਝਦੇ ਹੋਏ ਹਿੰਦੋਸਤਾਨ ਦੀ ਮੁੱਖ ਧਾਰਾ ਵਿੱਚ ਪਰਤ ਆਉਣ ਲਈ ਰਹੇ ਹਨ । ਇਸੇ ਹੀ ਤਰਜ਼ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪਦਾਰਥਵਾਦੀ ਚਕਾਚੌਂਧ ਅਧੀਨ ਜਾਂ ਕਿਸੇ ਮਜਬੂਰੀ ਅਧੀਨ ਨਿਸ਼ਾਨੇ ਤੋਂ ਭਗੌੜੇ ਹੋ ਚੁੱਕੇ ਵੀਰਾਂ ਨੂੰ ਸਨਿਮਰ ਸੱਦਾ ਦਿੱਤਾ ਗਿਆ ਕਿ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਖਾਲਸੇ ਦੀ ਮੁੱਖ ਧਾਰਾ ਵਿੱਚ ਵਾਪਸ ਆਉ ।