ਲੰਡਨ (19 ਸਤੰਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ਫਿਲੌਰ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਅਤੇ ਸੱਚ ਦੀ ਜਿੱਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ , ਚੀਫ ਆਰਗੇਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ , ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ , ਸ੍ਰ, ਵਰਿੰਦਰ ਸਿੰਘ ਬਿੱਟੂ , ਸ੍ਰ, ਰਘਬੀਰ ਸਿੰਘ ਸਾਊਥਾਲ ਅਤੇ ਸ੍ਰ, ਨਿਰੰਜਨ ਸਿੰਘ ਬਾਸੀ ਵਲੋਂ ਸਮੂਹ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਸੱਚ ਅਤੇ ਝੂਠ ਦੀ ਪਹਿਚਾਣ ਕਰਦਿਆਂ ਗੁਰੂ ਦੇ ਸਿੱਖ ਹੋਣ ਦਾ ਸਬੂਤ ਦਿੱਤਾ ਹੈ । ਵਰਨਣਯੋਗ ਹੈ ਕਿ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸਿੱਖ ਕੌਮ ਦੀ ਅਜਾਦੀ ਲਈ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ । ਜਿਸ ਕਾਰਨ ਉਸ ਨੂੰ ਅਮਰੀਕਾ ਅਤੇ ਪੰਜਾਬ ਦੀਆਂ ਜੇਹਲਾਂ ਵਿੱਚ ਪੰਦਰਾਂ ਸਾਲ ਗੁਜ਼ਾਰਨੇ ਪਏ ਸਨ । ਸੰਘਰਸ਼ ਦਾ ਲੰਮਾ ਪੈਂਡਾ ਤਹਿ ਕਰਦਿਆਂ ਉਸ ਨੇ ਹਮੇਸ਼ਾਂ ਹੀ ਅਡੋਲਤਾ ਅਤੇ ਦ੍ਰਿੜਤਾ ਨਾਲ ਅਮਲੀ ਤੌਰ ਤੇ ਕੌਮ ਦੀ ਚੜਦੀ ਕਲਾ ਲਈ ਕੰਮ ਕੀਤਾ ਹੈ । ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਸਰਕਾਰ ਨੇ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਚੋਣਾਂ ਤੋਂ ਲਾਭੇਂ ਰੱਖਣ ਲਈ ਪਿਛਲੇ ਦੋ ਸਾਲ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿੱਚ ਬੰਦ ਕੀਤਾ ਹੋਇਆ ਹੈ । ਹਾਲ ਹੀ ਦੌਰਾਨ ਇਹਨਾਂ ਚੋਣਾਂ ਵਿੱਚ ਭਾਵੇਂ ਹਾਕਮ ਧਿਰ ਵਲੋਂ ਪਤਿਤ ਵਿਆਕਤੀਆਂ ਦੀ ਵੋਟਾਂ ਭੁਗਤਾਈਆਂ ਗਈਆਂ ਹਨ ਪਰ ਅਗਰ ਭਾਈ ਦਲਜੀਤ ਸਿੰਘ ਬਿੱਟੂ ਜੇਹਲ ਬਾਹਰ ਹੁੰਦੇ ਤਾਂ ਇਹਨਾਂ ਚੋਣਾਂ ਦੇ ਨਤੀਜੇ ਕਾਫੀ ਉਲਟ ਹੋਣੇ ਸੀ ਅਤੇ ਪੰਥਕ ਧਿਰਾਂ ਨੂੰ ਵੱਡੀ ਕਾਮਯਾਬੀ ਮਿਲਣੀ ਸੀ ।