Site icon Sikh Siyasat News

ਭਾਈ ਬਲਵੰਤ ਸਿੰਘ ਦੀ ਸੂਰਬੀਰਤਾ ਅਤੇ ਦ੍ਰਿੜਤਾ ਖਾਲਿਸਤਾਨ ਦਾ ਰਾਹ ਰੌਸ਼ਨ ਕਰੇਗੀ

ਭਾਈ ਬਲਵੰਤ ਸਿੰਘ ਰਾਜੋਅਆਣਾ

ਭਾਈ ਬਲਵੰਤ ਸਿੰਘ ਰਾਜੋਅਆਣਾ

ਲੰਡਨ (ਅਕਤੂਬਰ 19, 2010): ਹਜ਼ਾਰਾਂ ਸਿੱਖਾਂ ਦੇ ਕਾਤਲ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੂਰਬੀਰਤਾ, ਦ੍ਰਿੜਤਾ ਅਤੇ ਤਿਆਗ ਨਾਲ ਖਾਲਿਸਤਾਨ ਦੀ ਜੰਗੇ ਅਜ਼ਾਦੀ ਰਾਹ ਰੌਸ਼ਨ ਹੋਵੇਗਾ। ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਭਾਈ ਬਲਵੰਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਇਸ ਨੂੰ ਸੰਘਰਸ਼ ਲਈ ਸ਼ਾਨਾਮੱਤੀ ਸੇਧ ਕਰਾਰ ਦਿੱਤਾ ਹੈ। ਭਾਈ ਬਲਵੰਤ ਸਿੰਘ ਵਲੋਂ ਆਪਣਾ ਕੇਸ ਨਾ ਲੜਨਾ, ਭਾਰਤੀ ਨਿਆਂਇਕ ਸਿਸਟਮ ਵਿੱਚ ਵਿਸ਼ਵਾਸ਼ ਪ੍ਰਗਟ ਨਾ ਕਰਨਾ, ਮੌਤ ਉਪਰੰਤ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਦੇ ਐਲਾਨ ਭਾਰਤ ਵਿੱਚ ਵਸਨੀਕ ਸਿੱਖਾਂ ਦੀ ਹਾਲਤ ਦੀ ਕੌਮੀ ਤਰਜਮਾਨੀ ਕਰਦੇ ਹਨ। ਭਾਰਤ ਦੇ ਪੱਖਪਾਤੀ ਨਿਆਂਇਕ ਸਿਸਟਮ ਨੇ ਕਦੇ ਵੀ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੱਤਾ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੁਆਰਾ ਭਾਈ ਜਗਤਾਰ ਸਿੰਘ ਹਾਵਾਰਾ ਦੀ ਸਜਾਏ ਮੌਤ ਨੂੰ ਅਜਿਹੀ ਉਮਰ ਕੈਦ ਵਿੱਚ ਬਦਲਣ ਦੀ ਨਿੰਦਾ ਕੀਤੀ ਗਈ ਹੈ ਜਿਸ ਅਨੁਸਾਰ ਉਸ ਨੂੰ ਆਖਰੀ ਸਾਹ ਲੈਣ ਤੱਕ ਜੇਹਲ ਵਿੱਚ ਰਹਿਣਾ ਪਵੇਗਾ। ਭਾਰਤ ਦੇ ਮੌਜੂਦਾ ਕਨੂੰਨ ਅਨੁਸਾਰ ਉਮਰ ਕੈਦ ਭੁਗਤ ਰਿਹਾ ਵਿਆਕਤੀ ਚੌਦਾਂ ਸਾਲ ਬਾਅਦ ਨਕਸ਼ਾ ਪਾਸ ਹੋਣ ਦੀ ਸੂਰਤ ਵਿੱਚ ਰਿਹਾ ਹੋਣ ਦਾ ਹੱਕ ਰੱਖਦਾ ਹੈ, ਪਰ ਸਿੱਖਾਂ ਨੂੰ ਪੱਖਪਾਤੀ ਕਨੂੰਨ ਅਨੁਸਾਰ ਅਜਿਹੀ ਸਹੂਲਤ ਤੋਂ ਵਾਂਝੇ ਰੱਖਿਆ ਹੋਇਆ ਹੈ। ਜਿਸ ਦੀ ਪ੍ਰਤੱਖ ਮਿਸਾਲ ਨਾਭਾ ਜੇਹਲ ਵਿੱਚ ਬੰਦ ਭਾਈ ਮੇਜਰ ਸਿੰਘ ਅਤੇ ਭਾਈ ਲਾਲ ਸਿੰਘ ਅਕਾਲਗੜ੍ਹ ਹਨ ਜਿਹੜੇ ਉਮਰ ਕੈਦ ਦੀ ਸਜ਼ਾ ਅਧੀਨ ਤਰਤੀਬਵਾਰ ਵੀਹ ਸਾਲ ਅਤੇ ਉੱਨੀ ਸਾਲ ਤੋਂ ਜਿਆਦਾ ਸਮਾਂ ਜੇਹਲਾਂ ਵਿੱਚ ਗੁਜ਼ਾਰ ਚੁੱਕੇ ਹਨ। ਸਰਕਾਰ ਵਲੋਂ ਉਹਨਾਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਸਰੀਰ ਦੇ ਅੰਗ ਲੋੜਵੰਦਾਂ ਦੀ ਦਾਨ ਕਰ ਦੇਣ ਦਾ ਐਲਾਨ ਕਰਨਾ ਹਿੰਦੂਤਵ ਦੇ ਮੂੰਹ ਤੇ ਚਪੇੜ ਹੈ ਜਿਸ ਵਲੋਂ ਸਿੱਖਾਂ ਨੂੰ ਅੱਤਵਾਦੀ ਆਖ ਕੇ ਭੰਡਿਆ ਗਿਆ ਹੈ, ਉੱਥੇ ਸਿੱਖਾਂ ਦੇ ਉੱਚੇ ਸੁੱਚੇ ਇਖਲਾਕ ਨੂੰ ਅੰਤਰਰਾਸ਼ਟਰੀ ਪੱਧਰ ਨੇ ਉਘਾੜ ਕੇ ਪੇਸ਼ ਕੀਤਾ ਹੈ। ਭਾਈ ਸਾਹਿਬ ਨੇ ਪੂਰੀ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਸਿੱਖ ਪਰਉਪਕਾਰੀ ਅਤੇ ਸੱਤਵਾਦੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version