ਲੰਡਨ(29 ਜਨਵਰੀ, 2014): ਮਈ 2015 ਦੀਆਂ ਬਰਤਾਨਵੀ ਸੰਸਦ ਚੋਣਾਂ ਲਈ ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ, ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਇਹ ਚੋਣ ਮੈਨੀਫੈਸਟੋ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਿੱਖ ਆਗੂਆਂ ਅਤੇ ਧਾਰਮਿਕ ਮਾਮਲਿਆਂ ਸਬੰਧੀ ਬਰਤਾਨਵੀ ਮੰਤਰੀ ਲੌਰਡ ਅਹਿਮਦ ਦੀ ਮੌਜੂਦਗੀ ਵਿਚ 11.30 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸਥਾਨਿਕ ਰਾਜਸੀ ਪਾਰਟੀਆਂ ਦੇ ਆਗੂ, ਗੁਰੂ ਘਰਾਂ ਦੇ ਨੁਮਾਇੰਦੇ ਹਾਜ਼ਰ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦਾ ਬਰਤਾਨੀਆ ਵਿਚ ਵੱਡਾ ਯੋਗਦਾਨ ਹੈ, ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤਾ ਗਿਆ ਹਮਲਾਇੱਕ ਦਰਦਨਾਕ ਸਾਕਾ ਸੀ, ਜਿਸ ਵਿੱਚ ਫੌਜ ਵੱਲੋਂ ਹਜ਼ਾਰਾਂ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤ ਸੀ।
ਇਸ ਚੋਣ ਮੈਨੀਫੈਸਟੋ ਵਿਚ ਜੂਨ 1984 ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ ਦੀ ਯੂ. ਕੇ. ਦੇ 200 ਦੇ ਕਰੀਬ ਰਾਜਨੀਤਕ ਨੇਤਾਵਾਂ ਨੇ ਹਮਾਇਤ ਕੀਤੀ ਹੈ, ਜਿਸ ਵਿਚ ਸਕਾਟਟਿਸ਼ ਸਰਕਾਰ ਵੀ ਸ਼ਾਮਿਲ ਹੈ। ਮੈਨੀਫੇਸਟੋ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਦਰਜਾ ਦਿਵਾਉਣਾ ਅਤੇ ਸਿੱਖਾਂ ਨੂੰ ਯੂ.ਐਨ. ਸੁਰੱਖਿਆ ਕੌਂਸਲ ਦਾ ਪੱਕਾ ਮੈਂਬਰ ਬਣਾਉਣ ਦੀ ਮੰਗ ਵੀ ਹੈ।
ਬਰਤਾਨੀਆ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਸਿੱਖਾਂ ਦੀ ਗਿਣਤੀ ਵਧਾਉਣੀ, 2021 ਦੀ ਜਨਗਨਣਾ ਮੌਕੇ ਏਸ਼ੀਅਨ ਲੋਕਾਂ ਲਈ ਬਨਾਏ ਖਾਨੇ ਦੇ ਅੱਗੇ ਇੱਕ ਸਿੱਖਾਂ ਲਈ ਵੱਖਰਾ ਖਾਨਾ ਬਣਾਉਣ ਦੀ ਮੰਗ ਕੀਤੀ ਹੈ, ਤਾਂ ਕਿ ਸਿੱਖ ਆਪਣੀ ਹੋਂਦ ਨੂੰ ਧਾਰਮਿਕ ਪੱਖੋਂ ਦਰਸਾ ਸਕਣ।
ਇਸ ਵਿੱਚ ਪੰਜ ਕਕਾਰਾਂ ਦੇ ਪਹਿਨਣ ਨੂੰ ਕਾਨੂੰਨੀ ਤੌਰ ‘ਤੇ ਹਰ ਜਗ੍ਹਾ ਮਾਨਤਾ ਦਿਵਾਉਣ ਦੀ ਮੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਦਸਤਾਰ ਦੇ ਮਾਮਲੇ ਵਿਚ ਹੋ ਰਹੇ ਪੱਖਪਾਤ ਨੂੰ ਰੋਕਣ ਲਈ ਸਰਕਾਰੀ ਤੌਰ ‘ਤੇ ਫਰਾਂਸ ਅਤੇ ਬੈਲਜੀਅਮ ਸਰਕਾਰ ਤੇ ਦਬਾਅ ਪਾਉਣ ਦੀ ਮੰਗ ਤੋਂ ਇਲਾਵਾ ਲੰਡਨ ਵਿਚ ਪਹਿਲੀ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਾਉਣ ਦੀ ਮੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਸਰਵੇਖਣਾਂ ਅਨੁਸਾਰ ਬਰਤਾਨੀਆ ਦੇ ਕੁਲ 650 ਸੰਸਦ ਹਲਕਿਆਂ ਵਿਚੋਂ 40 ਅਜਿਹੇ ਹਲਕੇ ਹਨ ਜਿਥੇ ਸਿੱਖ ਵੋਟ ਸੰਸਦ ਮੈਂਬਰਾਂ ਦੇ ਭਵਿੱਖ ਨੂੰ ਤੈਅ ਕਰਦੀ ਹੈ। ਯਾਦ ਰਹੇ ਬਰਤਾਨੀਆ ਵਿਚ ਪਾਰਲੀਮੈਂਟਰੀ ਚੋਣਾਂ ਅਗਲੇ ਵਰ੍ਹੇ 7 ਮਈ ਨੂੰ ਹੋ ਰਹੀਆਂ ਹਨ।