ਲੰਡਨ (13 ਨਵੰਬਰ, 2015): ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਭਾਰਤ ਸਰਕਾਰ ਵਲੋਂ ਇੰਗਲੈਂਡ ਦੇ ਸਿੱਖਾਂ ਖਿਲਾਫ ਪ੍ਰਚਾਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ ।
ਅਜੀਤ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਬਿਆਨ ਵਿੱਚ ਕਿਹਾ ਗਿਆ ਕਿ ਬਰਤਾਨੀਆਂ ਵਿੱਚ ਸਿੱਖਾਂ ਵੱਲੋਂ ਭਾਰਤੀ ਦੂਤਾਵਾਸ ਮੂਹਰੇ ਕੀਤੇ ਜਾਂਦੇ ਰੋਸ ਮੁਜ਼ਾਹਰਿਆਂ ਕਾਰਨ ਭਾਰਤ ਸਰਕਾਰ ਦਾ ਸਿੱਖਾਂ ਸਮੇਤ ਘੱਟ ਗਿਣਤੀਆਂ ਖਿਲਾਫ ਫਿਰਕਾਪ੍ਰਸਤ ਅਤੇ ਜ਼ੁਲਮੀ ਚਿਹਰਾ ਬੇਨਕਾਬ ਹੋ ਰਿਹਾ ਹੈ ।
ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸਿੱਖ ਸੰਗਤਾਂ ਖਾਸ ਕਰਕੇ ਨੌਜਵਾਨਾਂ ਦੀ ਵੱਧ ਰਹੀ ਸ਼ਮੂਲੀਅਤ ਤੋਂ ਭਾਰਤ ਸਰਕਾਰ ਘਬਰਾ ਚੁੱਕੀ ਹੈ ਅਤੇ ਆਪਣੀ ਬੌਖ਼ਲਾਹਟ ਕਾਰਨ ਬੇਤੁਕਾ ਅਤੇ ਅਧਾਰਹੀਣ ਪ੍ਰਚਾਰ ਕਰ ਰਹੀ ਹੈ ।ਅਜ਼ਾਦੀ ਦੁਨੀਆਂ ਦੇ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹੈ ਅਤੇ ਇਸ ਅਧਿਕਾਰ ਨੂੰ ਪ੍ਰਾਪਤ ਕਰਨ ਲਈ ਸਿੱਖ ਆਪਣੇ ਵੱਖਰੇ ਰਾਜ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ ਜੋ ਕਿ ਲਗਾਤਾਰ ਜਾਰੀ ਰਹੇਗਾ ।