ਲੰਡਨ (27 ਮਾਰਚ, 2015): ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਵਿਚ ਸਿੱਖਾਂ ਦੇ ਵੱਡੀ ਪੱਧਰ ‘ਤੇ ਹੋਏ ਕਤਲੇਆਮ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵੱਲੋਂ ਤੀਜੀ ਵਾਰ ਕਲੀਨ ਚਿੱਟ ਦਿੱਤੇ ਜਾਣ ਦਾ ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਰਦਿਆਂ ਇਸ ਸਿੱਖ ਵਿਰੋਧੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।
ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਨਿਰਮਲ ਸਿੰਘ ਸੰਧੂ, ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ, ਭਾਈ ਨਰਿੰਦਰਜੀਤ ਸਿੰਘ ਥਾਂਦੀ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਸ ਨਾਲ ਸਾਬਤ ਹੋ ਗਿਆ ਕਿ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਕੇਵਲ ਸਰਕਾਰ ਦਾ ਪੱਖ ਪੂਰਦੀ ਹੋਈ ਪੱਖਪਾਤੀ ਰਵੱਈਆ ਅਪਣਾ ਰਹੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕਰਵਾਏ ਗਏ ਕਤਲੇਆਮ ਦੌਰਾਨ ਬਹੁ-ਗਿਣਤੀ ਨਾਲ ਸੰਬੰਧਿਤ ਵਿਅਕਤੀਆਂ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।