ਵਿਦੇਸ਼

ਭਾਈ ਮਨਮੋਹਣ ਸਿੰਘ ਖ਼ਾਲਸਾ ਦੇ ਵਿਛੋੜੇ ‘ਤੇ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਵਲੋਂ ਦੁਖ ਦਾ ਪ੍ਰਗਟਾਵਾ

By ਸਿੱਖ ਸਿਆਸਤ ਬਿਊਰੋ

November 21, 2017

ਲੰਡਨ: ਦਲ ਖਾਲਸਾ ਦੇ ਆਗੂ ਭਾਈ ਮਨਮੋਹਣ ਸਿੰਘ ਖਾਲਸਾ ਦਾ ਕੱਲ੍ਹ (20 ਨਵੰਬਰ, 2017) ਨੂੰ ਅਕਾਲ ਚਲਾਣਾ ਹੋ ਗਿਆ ਸੀ। ਉਹਨਾਂ ਦੇ ਅਕਾਲ ਚਲਾਣੇ ‘ਤੇ ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ ਅਤੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਭਾਈ ਅਮਰੀਕ ਸਿੰਘ ਗਿੱਲ, ਬੱਬਰ ਅਕਾਲੀ ਜਥੇਬੰਦੀ ਯੂ.ਕੇ. ਭਾਈ ਬਲਬੀਰ ਸਿੰਘ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ ਵਲੋਂ ਖਾਲਿਸਤਾਨ ਦੀ ਅਵਾਜ਼ ਨੂੰ ਬੁਲੰਦ ਰੱਖਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਮਨਮੋਹਣ ਸਿੰਘ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।

ਜਾਰੀ ਪ੍ਰੈਸ ਬਿਆਨ ‘ਚ ਸਿੱਖ ਜਥੇਬੰਦੀਆਂ ਵਲੋਂ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਜ਼ਿਕਰਯੋਗ ਹੈ ਕਿ ਭਾਈ ਮਨਮੋਹਣ ਸਿੰਘ 1982 ਵਿੱਚ ਭਾਰਤ ਛੱਡ ਕੇ ਇੰਗਲੈਂਡ ਆ ਗਏ ਸਨ। ਸਾਢੇ ਤਿੰਨ ਦਹਾਕੇ ਜਲਾਵਤਨੀ ਦਾ ਜੀਵਨ ਬਸਰ ਕਰਦਿਆਂ ਇੰਗਲੈਂਡ ਤੋਂ ਲੈ ਕੇ ਸੰਯੁਕਤ ਰਾਸ਼ਟਰ ਅਤੇ ਪਾਕਿਸਤਾਨ ਤੱਕ ਸਦਾ ਹੀ ਖਾਲਿਸਤਾਨ ਦੀ ਅਵਾਜ਼ ਬੁਲੰਦ ਕੀਤੀ ਅਤੇ ਰੋਸ ਮੁਜਾਹਰਿਆਂ ਵਿੱਚ ਨਿਰੰਤਰ ਭਾਗ ਲਿਆ ਬਲਕਿ ਮੋਹਰੀ ਰੋਲ ਅਦਾ ਕੀਤਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਅਹਿਦ ਦੁਹਰਾਇਆ ਗਿਆ ਕਿ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪੂਰਤੀ ਤੱਕ ਯਤਨ ਜਾਰੀ ਰੱਖੇ ਜਾਣਗੇ, ਕਿਉਂ ਕਿ ਅਜ਼ਾਦੀ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: