ਲੈਸਟਰ, ਇੰਗਲੈਂਡ (25 ਅਪ੍ਰੈਲ, 2012): ਇੰਡਲੈਂਡ ਵੱਸਦੇ ਪੰਜਾਬੀਆਂ ਦੀਆਂ ਮੰਗਾਂ ਅਤੇ ਸਿੱਖਾਂ ਨਾਲ ਉਨ੍ਹਾਂ ਦੇ ਆਪਣੇ ਹੀ ਦੇਸ਼ ਭਾਰਤ ‘ਚ ਹੋ ਰਹੇ ਅਨਿਆਂ ਸਬੰਧੀ ਅਤੇ ਸਿੱਖਾਂ ਨਾਲ ਭਾਰਤ ‘ਚ ਕੀਤੇ ਜਾ ਰਹੇ ਮਾੜੇ ਵਤੀਰੇ ਬਾਰੇ ਬਰਤਾਨੀਆ ਸਰਕਾਰ ਨੂੰ ਜਾਣੂ ਕਰਵਾਉਣ ਲਈ ਅੱਜ ਯੂ.ਕੇ. ਦੇ ਸ਼ਹਿਰ ਲੈਸਟਰ ਵਿਖੇ ਬਰਤਾਨੀਆ ਸਰਕਾਰ ਦੇ ਆਗੂਆਂ ਅਤੇ ਸਿੱਖ ਆਗੂਆਂ ਵਿਚਕਾਰ ਸਿੱਖਾਂ ਦੇ ਇਕ ਵਿਸ਼ਾਲ ਜਨ ਸਮੂਹ ਦੀ ਹਾਜ਼ਰੀ ‘ਚ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਿੱਖਾਂ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਦੀ ਅਪੀਲ ਕੀਤੀ ਗਈ। ਇਸ ਮੌਕੇ ‘ਤੇ ਸਿੱਖ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪਿਛਲੇ ਦਿਨੀਂ ਗੁਰਦਾਸਪੁਰ ਵਿਖੇ ਸ਼ਹੀਦ ਹੋਏ ਸ਼ਹੀਦ ਨੌਜਵਾਨ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਅਪੀਲ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਭਾਈ ਮਹਿੰਦਰ ਸਿੰਘ ਸੰਘਾ ਨੇ ਬਰਤਾਨੀਆ ਸਰਕਾਰ ਦੇ ਆਗੂਆਂ ਤੋਂ ਮੰਗ ਕੀਤੀ ਕਿ ਲੈਸਟਰ ਵਿਖੇ ਮੁਫ਼ਤ ਪੰਜਾਬੀ ਸਕੂਲ ਖੋਲ੍ਹਣ ‘ਚ ਪਹਿਲ ਕਦਮੀ ਕੀਤੀ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਭਾਈ ਗੁਰਜੀਤ ਸਿੰਘ ਸਮਰਾ ਉਡਬੀ, ਭਾਈ ਅਮਰੀਕ ਸਿੰਘ ਸਕੱਤਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹੋਨੀ ਬੋਨਜ, ਭਾਈ ਮੰਗਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ, ਢਾਡੀ ਯੂਨਿਟ ਦੇ ਆਗੂ ਭਾਈ ਭਜਨ ਸਿੰਘ, ਭਾਈ ਗੁਰਜੀਤ ਸਿੰਘ ਵਾਲੀਆ ਇੰਟਰਨੈਸ਼ਨਲ ਪੰਥਕ ਦਲ, ਭਾਈ ਮਹਿੰਦਰਪਾਲ ਸਿੰਘ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ, ਭਾਈ ਕੁਲਦੀਪ ਸਿੰਘ ਚਹੇੜੂ ਸਿੱਖ ਆਗੂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦੇ ਸੈਕਟਰੀ ਭਾਈ ਸੁਰਿੰਦਰਪਾਲ ਸਿੰਘ ਰਾਏ ਸਮੇਤ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੇ ਸਿੱਖਾਂ ਦੇ ਮਸਲੇ ਸੁਣਾਏ।
ਇਸ ਮੌਕੇ ‘ਤੇ ਬਰਤਾਨੀਆ ਸਰਕਾਰ ਦੇ ਐਮ.ਪੀ. ਜੋਨ ਐਸਵਰਥ, ਲੈਸਟਰ ਸ਼ਹਿਰ ਦੇ ਮੇਅਰ ਸਰ ਪੀਟਰ ਸੋਲਚੇਅ, ਡਿਪਟੀ ਮੇਅਰ ਸ: ਪਿਆਰਾ ਸਿੰਘ ਕਲੇਰ ਨੇ ਸਾਂਝੇ ਤੌਰ ‘ਤੇ ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਲੈਸਟਰ ਵਿਖੇ ਮੁਫ਼ਤ ਪੰਜਾਬੀ ਸਕੂਲ ਖੋਲ੍ਹਣ ਲਈ ਪਹਿਲੀ ਸਟੇਜ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਕੁਝ ਹੀ ਸਮੇਂ ‘ਚ ਲੈਸਟਰ ਸ਼ਹਿਰ ‘ਚ ਮੁਫ਼ਤ ਪੰਜਾਬੀ ਸਕੂਲ ਖੁੱਲ੍ਹ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਭਾਰਤ ‘ਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਬਰਤਾਨੀਆ ਸਰਕਾਰ ਕੋਲ ਸੰਸਦ ‘ਚ ਇਹ ਮਸਲਾ ਉਭਾਰਿਆ ਜਾਵੇਗਾ।
ਇਸ ਮੌਕੇ ਲੈਸਟਰ ਦੇ ਪੰਜਾਬੀ ਮੂਲ ਦੇ ਕੌਂਸਲਰ ਇੰਦਰਜੀਤ ਸਿੰਘ ਗੁਗਲਾਨੀ, ਕੌਂਸਲਰ ਗੁਰਿੰਦਰ ਸਿੰਘ ਸੰਧੂ, ਯੂਨਾਈਟਿਡ ਖਾਲਸਾ ਦਲ ਦੇ ਲਵਸ਼ਿੰਦਰ ਸਿੰਘ ਡੱਲੇਵਾਲ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ਰ ਲੈਸਟਰ ਦੇ ਡਾ: ਚੰਨਪ੍ਰੀਤ ਸਿੰਘ ਜੌਹਲ, ਕਸ਼ਮੀਰ ਸਿੰਘ ਮੋਰਾਂਵਾਲੀ, ਭਾਈ ਜਸਵੀਰ ਸਿੰਘ, ਸੁਰਿੰਦਰਪਾਲ ਸਿੰਘ ਘਣੀਏ ਕੇ ਬਾਂਗਰ, ਸੁਖਦੇਵ ਸਿੰਘ ਸਿੱਧੂ, ਸ. ਸੁਖਦੇਵ ਸਿੰਘ ਪੱਡਾ, ਹਰਕੀਰਤ ਸਿੰਘ ਸੰਧੂ ਮੀਆਂਵਿੰਡ, ਜੈਮਲ ਸਿੰਘ, ਸ਼ਹੀਦ ਭਾਈ ਜਸਪਾਲ ਸਿੰਘ ਦੇ ਮਾਮਾ ਭਾਈ ਸੁਖਦੇਵ ਸਿੰਘ ਸਮੇਤ ਹੋਰ ਬਹੁਤ ਸਾਰੇ ਸਿੱਖ ਆਗੂ ਅਤੇ ਲੈਸਟਰ ਸਮੇਤ ਹੋਰਨਾਂ ਯੂ.ਕੇ. ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਸਨ।
ਇਸ ਮੌਕੇ ‘ਤੇ ਸਟੇਜ ਸਕੱਤਰ ਦੀ ਸੇਵਾ ਭਾਈ ਕਸ਼ਮੀਰ ਸਿੰਘ ਮੋਰਾਂਵਾਲੀ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਸਾਂਝੇ ਤੌਰ ‘ਤੇ ਨਿਭਾਈ।