ਲੰਡਨ: ਭਾਰਤੀ ਫੌਜੀ ਵਲੋਂ ਜੂਨ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ‘ਚ ਬਰਤਾਨੀਆ ਦੀ ਭੂਮਿਕਾ ਨਾਲ ਸਬੰਧਤ ਗੁਪਤ ਫਾਈਲਾਂ ਜਨਤਕ ਕੀਤੇ ਜਾਣ ਦੀ ਮੰਗ ਬਰਤਾਨੀਆ ਵਿਚ ਫਿਰ ਉੱਠਣ ਲੱਗੀ ਹੈ।
ਯੂ.ਕੇ. ਦੇ ਸਿੱਖਾਂ ਵਲੋਂ ਜੂਨ 1984 ਦੇ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਲਈ ਸਰਕਾਰ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬਰਤਾਨੀਆ ਵਿਚ ਸਰਗਰਮ ਸਿੱਖ ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਮੰਤਰੀ ਥਰੈਸਾ ਮੇਅ ਨੂੰ ਅਪੀਲ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਤਬ ‘ਤੇ ਹੋਏ ਹਮਲੇ ਦੌਰਾਨ ਯੂ.ਕੇ. ਦੀ ਭੂਮਿਕਾ ਨਾਲ ਸਬੰਧਤ ਸਾਰੀਆਂ ਗੁਪਤ ਫਾਈਲਾਂ ਜਨਤਕ ਕੀਤੀਆਂ ਜਾਣ। ਸਿੱਖ ਫੈਡਰੇਸ਼ਨ ਯੂ.ਕੇ. ਮੁਤਾਬਕ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਹੋਣ ਤੋਂ ਬਾਅਦ ਇਸ ਗੱਲ ਦਾ ਖ਼ੁਲਾਸਾ ਹੋਵੇਗਾ ਕਿ ਪੂਰੇ ਹਮਲੇ ਦੌਰਾਨ ਬਰਤਾਨੀਆ ਦੀ ਭੂਮਿਕਾ ਕੀ ਸੀ।
ਸਿੱਖ ਫੈਡਰੇਸ਼ਨ ਨਾਲ ਜੁੜੇ ਦਵਿੰਦਰ ਸਿੰਘ ਅਨੁਸਾਰ ਇਨਫਰਮੇਸ਼ਨ ਟ੍ਰਿਬਿਊਨਲ ਕੋਲ ਇਹ ਮਾਮਲਾ ਵਿਚਾਰ ਅਧੀਨ ਹੈ ਤੇ ਇਸ ਉੱਤੇ ਅਗਲੇ ਸਾਲ ਸੁਣਵਾਈ ਹੋਵੇਗੀ। ਦਵਿੰਦਰ ਸਿੰਘ ਅਨੁਸਾਰ ਬਰਤਾਨੀਆ ਦੀ ਜਨਤਾ ਨੂੰ ਇਹ ਅਧਿਕਾਰ ਹੈ ਕਿ ਉਹ ਜਾਣਨ 30 ਸਾਲ ਪਹਿਲਾਂ ਆਖਰ ਕੀ ਹੋਇਆ ਸੀ? ਇਸ ਤੋਂ ਪਹਿਲਾਂ 2014 ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ ਜੂਨ 1984 ‘ਚ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦੀ ਪੂਰੀ ਵਿਊਂਤਬੰਦੀ ਬਰਤਾਨੀਆ ਦੇ ਸਪੈਸ਼ਲ ਐਕਸ਼ਨ ਸੁਰੱਖਿਆ ਗਾਰਡ ਨੇ ਤਿਆਰ ਕੀਤਾ ਸੀ। ਭਾਰਤ ਸਰਕਾਰ ਮੁਤਾਬਕ ਇਸ ਘੱਲੂਘਾਰੇ ਵਿਚ 400 ਲੋਕ ਮਾਰੇ ਗਏ ਸਨ, ਜਦ ਕਿ ਸਿੱਖਾਂ ਮੁਤਾਬਕ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ‘ਚ ਮਰਨ ਵਾਲੇ ਸਿੱਖਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਸੀ।