ਮੋਗਾ: ਸਕੌਟਲੈਂਡ / ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (17 ਨਵੰਬਰ, 2017) ਬਾਘਾਪੁਰਾਣਾ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੇ ਰਿਮਾਂਡ ਖਤਮ ਹੋਣ ‘ਤੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ। ਉਹ ਪਿਛਲੇ 13 ਦਿਨਾਂ ਤੋਂ ਪੁਲਿਸ ਰਿਮਾਂਡ ‘ਤੇ ਸੀ, ਉਸਨੂੰ ਮੋਗਾ ਪੁਲਿਸ ਨੇ 4 ਨਵੰਬਰ ਨੂੰ ਉਸ ਵੇਲੇ ਚੁੱਕਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚ ਸੀ।
ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਜੱਗੀ ਵਲੋਂ ਉਹ ਜੁਡੀਸ਼ਲ ਮੈਜਿਸਟ੍ਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ‘ਚ ਜੱਗੀ ਦੇ ਥਾਣਾ ਬਾਘਾਪੁਰਾਣਾ ਦੇ ਮੁਕੱਦਮੇ ਐਫ.ਆਈ.ਆਈ. ਨੰ: 193/2016 ਵਿਚ ਪੇਸ਼ ਹੋਏ ਸਨ।
ਪੁਲਿਸ ਨੇ ਜਗਤਾਰ ਸਿੰਘ ਜੱਗੀ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ। ਜਗਤਾਰ ਸਿੰਘ ਦੀ ਅਦਾਲਤ ‘ਚ ਅਗਲੀ ਤਰੀਕ 30 ਨਵੰਬਰ ਹੈ।
ਜਗਤਾਰ ਸਿੰਘ ਦੇ ਸ਼ਹੁਰਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਬਾਘਾਪੁਰਾਣਾ ਅਦਾਲਤ ‘ਚ ਮੌਜੂਦ ਸਨ।
ਇਸਤੋਂ ਪਹਿਲਾਂ ਪੁਲਿਸ ਨੇ ਹਰਮਿੰਦਰ ਸਿੰਘ ਮਿੰਟੂ ਅਤੇ ਧਰਮਿੰਦਰ ਸਿੰਘ ਗਰੇਵਾਲ ਉਰਫ ਗੁਗਨੀ ਨੂੰ ਅਦਾਲਤ ‘ਚ ਪੇਸ਼ ਕੀਤਾ। ਰਿਮਾਂਡ ਖਤਮ ਹੋਣ ‘ਤੇ ਦੋਵਾਂ ਨੂੰ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਭੇਜ ਦਿੱਤਾ ਗਿਆ।
ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਹੋਰ ਸਿੱਖ ਕਾਰਜਕਰਤਾ ਅਦਾਲਤ ਕੰਪਲੈਕਸ ‘ਚ ਮੌਜੂਦ ਸਨ। ਭਾਈ ਚੀਮਾ, ਜੋ ਕਿ ਵਕੀਲ ਵੀ ਹਨ, ਬਚਾਅ ਪੱਖ ਵਜੋਂ ਅਦਾਲਤ ‘ਚ ਪੇਸ਼ ਹੋਏ।
ਹਰਦੀਪ ਸਿੰਘ ਸ਼ੇਰਾ ਦਾ ਰਿਮਾਂਡ ਵੀ ਅੱਜ ਖਤਮ ਹੋ ਰਿਹਾ ਹੈ। ਪਰ ਖ਼ਬਰ ਲਿਖੇ ਜਾਣ ਤਕ ਪੁਲਿਸ ਨੇ ਸ਼ੇਰਾ ਨੂੰ ਅਦਾਲਤ ‘ਚ ਪੇਸ਼ ਨਹੀਂ ਕੀਤਾ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: