ਮੋਗਾ/ਲੁਧਿਆਣਾ: ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਨੂੰ ਅੱਜ ਬਾਘਾਪੁਰਾਣਾ ਦੇ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟ੍ਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਗਤਾਰ ਸਿੰਘ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਹੋਰ ਵਾਧਾ ਕਰ ਦਿੱਤਾ। ਜਦਕਿ ਪੁਲਿਸ ਵਲੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਗਤਾਰ ਸਿੰਘ ਦੇ ਪਾਸਪੋਰਟ ਦੀ ਰਸੀਦ ਅਦਾਲਤ ‘ਚ ਜਮ੍ਹਾਂ ਕਰਵਾਈ ਅਤੇ ਅਦਾਲਤ ਨੂੰ ਦੱਸਿਆ ਕਿ ਪਾਸਪੋਰਟ ਦਿੱਲੀ ਵਿਚਲੇ ਬਰਤਾਨਵੀ ਹਾਈ ਕਮਿਸ਼ਨ ‘ਚ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ। ਇਸ ‘ਤੇ ਅਦਾਲਤ ਨੇ ਪੁਲਿਸ ਨੂੰ ਪਾਸਪੋਰਟ ਜਮ੍ਹਾ ਹੋਣ ਦੀ ਤਸਦੀਕ ਕਰਨ ਦੇ ਹੁਕਮ ਦਿੱਤੇ।
ਮੈਜਿਸਟ੍ਰੇਟ ਨੇ ਜਗਤਾਰ ਸਿੰਘ ਜੱਗੀ ਦੇ ਵਕੀਲਾਂ ਨੂੰ ਰੋਜ਼ 8 ਤੋਂ 9 ਵਜੇ ਰਾਤ ਤਕ ਜਗਤਾਰ ਸਿੰਘ ਨੂੰ ਮਿਲਣ ਇਜਾਜ਼ਤ ਵੀ ਦਿੱਤੀ।
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਤੀਜੇ ਦਰਜ਼ੇ ਦਾ ਤਸ਼ੱਦਦ ਕੀਤਾ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਲਿਖਤੀ ਰੂਪ ‘ਚ ਭੇਜੀ ਜਾਣਕਾਰੀ ‘ਚ ਦੱਸਿਆ, “ਜੱਗੀ ਨੇ ਮੈਨੂੰ ਦੱਸਿਆ ਕਿ ਉਸ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸ਼ੱਦਦ ਕੀਤਾ ਗਿਆ, ਉਸਦੀਆਂ ਲੱਤਾਂ ਨੂੰ ਧੱਕੇ ਨਾਲ ਹੱਦ ਤੋਂ ਵੱਧ ਖਿੱਚਿਆ ਗਿਆ, ਉਸਦੀ ਛਾਤੀ, ਕੰਨਾਂ ਅਤੇ ਗੁਪਤ ਅੰਗਾਂ ‘ਤੇ ਕਰੰਟ ਲਾਇਆ ਗਿਆ”।
ਵੀਡੀਓ ਜਾਣਕਾਰੀ:
ਵਕੀਲ ਮੰਝਪੁਰ ਨੇ ਦੱਸਿਆ, “ਅਸੀਂ ਅਦਾਲਤ ‘ਚ ਅਰਜ਼ੀ ਲਾ ਕੇ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਜੱਗੀ ਦੀ ਮੈਡੀਕਲ ਜਾਂਚ ਡਾਕਟਰਾਂ ਦੀ ਇਕ ਟੀਮ ਵਲੋਂ ਕਰਵਾਈ ਜਾਵੇ ਜਿਸ ਵਿਚ ਘੱਟ ਤੋਂ ਘੱਟ 3 ਡਾਕਟਰ ਅਤੇ ਇਕ ਮੈਡੀਕਲ ਮਾਹਰ ਸ਼ਾਮਲ ਹੋਵੇ। ਅਦਾਲਤ ਨੇ ਸਾਡੀ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਅਤੇ ਪੰਜਾਬ ਸਰਕਾਰ ਨੂਮ 17 ਨਵੰਬਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।”
ਸਿੱਖ ਸਿਆਸਤ ਨਿਊਜ਼ (SSN) ਨਾਲ ਗੱਲ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਹਾਲਾਂਕਿ ਜੱਗੀ ਨੂੰ ਤੀਜੇ ਤਰਜ਼ੇ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਪਰ ਗੱਲਬਾਤ ਦੌਰਾਨ ਉਹ ਚੜ੍ਹਦੀ ਕਲਾ ਵਿਚ ਸੀ।
ਵਕੀਲ ਮੰਝਪੁਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ, “ਜੱਗੀ ਨੂੰ ਆਪਣੇ ਸਹੁਰਿਆਂ ਅਤੇ ਚਾਚੀ ਸੱਸ ਨਾਲ ਅਦਾਲਤ ਵਿਚ ਹੀ ਮਿਲਣ ਦੀ ਇਜਾਜ਼ਤ ਅਦਾਲਤ ਵਲੋਂ ਮਿਲ ਗਈ। ਰਿਸ਼ਤੇਦਾਰਾਂ ਨੇ ਉਸਨੂੰ ਗਰਮ ਕੱਪੜੇ ਦਿੱਤੇ ਅਤੇ ਹੁਣ ਉਸਨੂੰ 17 ਨਵੰਬਰ ਨੂੰ ਅਦਾਲਤ ਵਿਚ ਦੁਬਾਰਾ ਪੇਸ਼ ਕੀਤਾ ਜਾਏਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: